ਅੱਜਕੱਲ੍ਹ ਬੇਲੀ ਦੇਣ ਸਲ੍ਹਾਵਾਂ
ਕਿ ਕੋਈ ਜਲਦ ਕਿਤਾਬ ਛਪਾਵਾਂ।
ਸਭ ਦਾ ਸ਼ੁਕਰਗੁਜ਼ਾਰ ਮੈਂ ਦਿਲ ਤੋਂ,
ਸ਼ੁੱਭ-ਚਿੰਤਕਾਂ ਤੋਂ ਸਦਕੇ ਜਾਵਾਂ।
ਪਰ ਕਈਂ ਕਹਿਣ “ਕਿਤਾਬ ਤਾਂ ਲਿਖ।
ਨਾਲ ਹੀ ਕੁੱਝ ‘ਪੈਂਤੜੇ’ ਸਿੱਖ।”
ਸ਼ਾਮ, ਦਾਮ, ਦੰਡ, ਭੇਦ ਨੂੰ ਦੱਸਣ,
ਤਾਹੀਉਂ ਕਹਿੰਦੇ “ਬਣੂੰ ਭਵਿੱਖ।”
ਆਖਣ “ਕਰਕੇ ਖਰੜ੍ਹਾ ਤਿਆਰ।
ਪਹੁੰਚ ਕਿਸੇ ਲੇਖਕ ਦੇ ਦੁਆਰ।
ਜਿਵੇਂ ਕਿਵੇਂ ਲਿਖਵਾ ਭੂਮਿਕਾ,
ਪੰਜ ਸੱਤ ਲੱਭ ਕੋਈ ਟਿੱਪਣੀਕਾਰ।
ਵੱਡਾ ਫੇਰ ਸਮਾਗਮ ਰੱਖ।
ਡੇਢ ਕੁ ਲੱਖ ਦਾ ਬੱਸ ਦਮ ਰੱਖ।
ਬਰਫ਼ੀ, ਚਾਹ ਦੇ ਨਾਲ ਪਕੌੜੇ,
ਗੁਲਾਬ ਜਾਮਣ ਤੇ ਚਮਚਮ ਰੱਖ।”
ਦੋ ਸੌ ਕੁ ਤਾਂ ਆ ਜਾਣੇ ਪ੍ਰਹੁਣੇ।
ਬਣੇ ਮਾਹੌਲ ਚ ਖੁਸ਼ ਵੀ ਹੋਣੇ।
ਸ਼ਗਨ ਤੌਰ ਤੇ ਸਭ ਨੂੰ ਇੱਕ ਇੱਕ,
ਵੰਡ ਕਿਤਾਬਾਂ ਧੋ ਲਈਂ ਧੋਣੇ।
ਪੰਜ ਸੌ ਚੋਂ, ਦੋ ਸੌ ਤਾਂ ਗਈਆਂ।
ਤੇ ਜੋ ਬਾਕੀ ਤਿੰਨ ਸੌ ਰਹੀਆਂ।
ਮੰਗਣੀਆਂ, ਵਿਆਹ, ਜਨਮਦਿਨ ਵਾਧੂ,
ਵੰਡੀ ਸ਼ਗਨ ਤੂੰ ਪਾ ਪਾ ਸਹੀਆਂ।”
ਲੇਖਕ ਵਾਲੀ ਫ਼ੀਤੀ ਲੱਗ ਜੂ।
ਨਾਲ ਟੋਹਰ ਦੇ ਚਿਹਰਾ ਦਗ ਜੂ।
‘ਸ਼ੋਂਕ ਦਾ ਮਿੱਤਰਾ, ਮੁੱਲ ਨਾ ਕੋਈ’,
ਬੇਸ਼ੱਕ ਭੋਰ ਭੋਰ ਕੇ ਠੱਗ ਜੂ।”
(2)
ਪਰ ਮੈਂ ਸੋਚ ਕੇ ਰਹਿ ਜਵਾਂ ਦੰਗ।
ਇਹ ਕੈਸੇ ਬਣ ਗਏ ਨੇ ਢੰਗ।
‘ਘਰ ਨੂੰ ਫ਼ੂਕ ਤਮਾਸ਼ਾ ਵੇਖੋ’,
ਮਿਹਨਤ ਕਰੋ ਤੇ ਹੋਵੋ ਨੰਗ।
ਸੌ ਕੁ ਸਫ਼ੇ ਜੇ ਲਿਖੂੰ ਕਿਤਾਬ।
‘ਭੂਮਿਕਾ’ ਲਈ ਕੋਈ ਹੋਰ ਕਿਉਂ ਸਾਹਬ।
ਡੇਢ ਸਫ਼ਾ ਵੀ ਆਪੇ ਈ ਲਿਖ ਦੂੰ,
ਕਿਸੇ ਦਾ ਸਮਾਂ ਕਿਉਂ ਕਰਾਂ ਖਰਾਬ।
ਕਿਉਂ ਕੋਈ ਰਚਾਂ ਅਡੰਬਰ ਵੱਡਾ।
ਐਨਾ ਵੀ ਕੀ ਫਸਿਆ ਗੱਡਾ।
ਸ਼ੋਸ਼ਲ ਅਤੇ ਪ੍ਰਿੰਟ ਮੀਡੀਆ,
ਮਸ਼ਹੂਰੀ ਲਈ ਵਧੀਆ ਅੱਡਾ।
ਜੇ ਲਿਖਤਾਂ ਵਿੱਚ ਹੋਇਆ ਦਮ।
ਅੱਖਰਾਂ ਰਾਹੀਂ ਬੋਲੂ ਕੰਮ।
ਨਹੀਂ ਤੇ ਵਿੱਚ ਕਬਾੜ ਵੇਚ ਲੂੰ,
ਪੋਸ਼ਾਕ ਸੜੂ ਪਰ ਬਚ ਜੂ ਚੰਮ।
ਪੰਜ ਸੌ ਦਾ ਕਿਉਂ ਪਾਵਾਂ ਖਿਲਾਰਾ।
ਪਹਿਲਾਂ ਧਿਆਨ ਸੌ ਕੁ ਤੇ ਮਾਰਾਂ।
ਜੋ ਇੱਛੁਕ ਮੁੱਲ ਆਪ ਖਰੀਦੇ,
ਜੇ ਵਿਕ ਜਾਏ ਤਾਂ ਹੋਰ ਵਿਚਾਰਾਂ।
ਕਿਉਂਕਿ ਮੁਫ਼ਤ ਜੇ ਮਿਲੇ ਸ਼ਰਾਬ।
‘ਪਿਅੱਕੜ’ ਕੋਈ ਨਾ ਛੱਡੇ ਜਨਾਬ।
ਪਿੰਡ ‘ਘੜਾਮੇਂ’ ਰਿਹਾ ਤਜ਼ਰਬਾ,
ਮੁਫ਼ਤ ਦੀ ਕੋਈ ਨਾ ਪੜ੍ਹੇ ਕਿਤਾਬ।
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly