ਹੁਸ਼ਿਆਰਪੁਰ/ਸ਼ਾਮਚੁਰਾਸੀ 6 ਅਗਸਤ, (ਚੁੰਬਰ) (ਸਮਾਜ ਵੀਕਲੀ) – ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਦੀ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਦਰਬਾਰ ਵਿਖੇ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਪ੍ਰੈਸ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ•ਾਂ ਲੱਗਣ ਵਾਲੇ ਚਾਰ ਦਿਨਾਂ ਅੰਤਰਾਸ਼ਟਰੀ ਸੰਗੀਤ ਸੰਮੇਲਨ ਜੋ ਕਿ ਪੀਰ ਬਾਬਾ ਸ਼ਾਮੀ ਸ਼ਾਹ ਜੀ ਨੂੰ ਸਮਰਪਿਤ ਕਰਕੇ ਸੰਗੀਤ ਘਰਾਣੇ ਦੀ ਪ੍ਰਫੁੱਲਤਾ ਲਈ 9-10-11 ਅਤੇ 12 ਸਤੰਬਰ ਨੂੰ ਲਗਾਇਆ ਜਾਂਦਾ ਸੀ, ਇਸ ਵਾਰ ਉਹ ਕਰੋਨਾ ਦੀ ਮਹਾਂਮਾਰੀ ਫੈਲਣ ਕਾਰਨ ਸਰਕਾਰਾਂ ਦੀ ਦਿਸ਼ਾ ਨਿਰਦੇਸ਼ਨਾ ਨੂੰ ਮੱਦੇ ਨਜ਼ਰ ਰੱਖਦਿਆਂ ਲੋਕ ਭਲਾਈ ਦੇ ਹਿੱਤ ਵਿਚ ਨਹੀਂ ਲਗਾਇਆ ਜਾ ਰਿਹਾ।
ਇਸ ਮੇਲਾ ਭਾਰਤ ਦੀ ਸੱਭਿਆਚਾਰ ਵਿਰਾਸਤ ਦਾ ਇਕ ਅਨਿੱਖੜਵਾਂ ਅੰਗ ਹੈ, ਜਿਸ ਵਿਚ ਹਰ ਸਾਲ ਸੈਂਕੜੇ ਸੂਫ਼ੀ ਕਵਾਲ, ਨਕਾਲ, ਗਾਇਕ ਅਤੇ ਹੋਰ ਵਿਸ਼ਵ ਪ੍ਰਸਿੱੱਧ ਹਸਤੀਆਂ ਜੋ ਵੱਖ-ਵੱਖ ਖੇਤਰਾਂ ਵਿਚ ਆਪਣਾ ਨਾਮਣਾ ਖੱਟ ਚੁੱਕੀਆਂ ਹਨ, ਮੇਲੇ ਦੀ ਵਿਸ਼ੇਸ਼ ਹਾਜ਼ਰੀ ਭਰਦੀਆਂ ਅਤੇ ਸਨਮਾਨ ਪ੍ਰਾਪਤ ਕਰਦੀਆਂ ਹਨ। ਇਹ ਮੇਲਾ ਹਿੰਦ-ਪਕਿ ਦੋਸਤੀ ਦਾ ਵੀ ਸਾਂਝਾ ਮੰਚ ਹੈ। ਜਿੱਥੇ ਚੜਦੇ ਅਤੇ ਲਹਿੰਦੇ ਪੰਜਾਬ ਦੀਆਂ ਤੰਦਾਂ ਰੂਹਾਨੀ ਮੋਸੀਕੀ ਵਿਚ ਇਕ ਮਿੱਕ ਹੁੰਦੀਆਂ ਹਨ।
ਪ੍ਰਬੰਧਕ ਬਾਬਾ ਪ੍ਰਿਥੀ ਸਿੰਘ ਬਾਲੀ, ਲਾਲ ਚੰਦ ਵਿਰਦੀ, ਤਰਲੋਚਨ ਲੋਚੀ ਨੇ ਦੱਸਿਆ ਕਿ ਦਰਬਾਰ ਤੇ ਚਾਦਰ , ਚਿਰਾਗ ਅਤੇ ਝੰਡੇ ਰਸਮ ਪ੍ਰਬੰਧਕਾਂ ਵਲੋਂ ਸੰਖੇਪ ਰੂਪ ਵਿਚ ਕੀਤੀ ਜਾਵੇਗੀ। ਜਿਸ ਵਿਚ ਸੰਗਤ ਦੇ ਆਉਣ ਦੀ ਸਰਕਾਰੀ ਹੁਕਮਾਂ ਮੁਤਾਬਕ ਮਨਾਹੀ ਰਹੇਗੀ। ਉਝ ਸੰਗਤ ਦਰਬਾਰ ਤੇ ਨਤ ਮਸਤਕ ਹੋਣ ਲਈ ਗਾਹੇ ਵਗਾਹੇ ਦਰਬਾਰ ਦੇ ਦਰਸ਼ਨ ਕਰ ਸਕਦੀ ਹੈ।