ਇਸ ਤਰ੍ਹਾਂ ਹੋਇਆ ਮਿੱਕੀ ਮਾਊਸ ਕਾਰਟੂਨਾਂ ਦਾ ਜਨਮ

(ਸਮਾਜ ਵੀਕਲੀ)

ਜ਼ਿੰਦਗੀ ‘ਚ ਅਸਫਲਤਾ ਤੋ ਕਦੇ ਵੀ ਡਰਨਾ ਨਹੀਂ ਚਾਹੀਦਾ। ਬਸ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਠੀਕ ਹੈ, ਮੈਂ ਅੱਜ ਅਸਫਲ ਹਾਂ ਤਾਂ ਕੀ, ਕੱਲ ਨੂੰ ਮੈ ਸਫ਼ਲ ਵੀ ਜਰੂਰ ਹੋਵਾਗਾਂ। ਜ਼ਿੰਦਗੀ ਦੀਆਂ ਖੇਡਾਂ ‘ਚ ਕਿਸੇ ਦੀ ਜਿੱਤ ਤੇ ਕਿਸੇ ਦੀ ਹਾਰ ਹੋਣਾ ਲਾਜ਼ਮੀ ਹੈ। ਭਾਵੇਂ ਅਸੀਂ ਜਿੱਤੀਏ ਜਾ ਹਾਰੀਏ ਪਰ ਆਪਣਾ ਹੌਂਸਲਾ ਨਾ ਛੱਡੀਏ।

ਇਸ ਲਈ ਭਾਵੇਂ ਤੁਸੀਂ ਅਸਫਲ ਹੋਵੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਕੰਮ ਕਰਦੇ ਰਹੋ। ਜ਼ਿੰਦਗੀ ਸਫਲਤਾ ਅਤੇ ਅਸਫਲਤਾ ਦੋਵਾਂ ਦਾ ਹੀ ਮਿਸ਼ਰਣ ਹੈ। ਜੋ ਅਸਫਲ ਹੁੰਦਾ ਹੈ, ਉਹ ਸਫਲਤਾ ਦੀ ਕੀਮਤ ਜਾਣਦਾ ਹੈ. ਹਮੇਸ਼ਾ ਅੱਗੇ ਵਧੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਮੈਂ ਕੱਲ੍ਹ ਤੋਂ ਕੀ ਸਿੱਖਿਆ ਹੈ। ਆਓ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਖਸ ਬਾਰੇ ਦੱਸਦੇ ਹਾਂ ਜਿਸ ਨੇ ਜ਼ਿੰਦਗੀ ‘ਚ ਹਾਰ ਸਵੀਕਾਰ ਨਾ ਕਰਦੇ ਹੋਏ ਕਿਵੇਂ ਦੁਨੀਆਂ ਵਿੱਚ ਆਪਣਾ ਨਾਮ ਰੌਸ਼ਨ ਕੀਤਾ।

ਵਾਲਟ ਡਿਜ਼ਨੀ ਜਿਨ੍ਹਾ ਦਾ ਜਨਮ ਸਾਲ 1901 ‘ਚ ਅਮਰੀਕਾ ਵਿੱਚ ਹੋਇਆ। ਵਾਲਟ ਡਿਜ਼ਨੀ ਨੂੰ ਬਚਪਨ ਤੋਂ ਹੀ ਕਾਰਟੂਨ ਬਣਾਉਣ ਦਾ ਬਹੁਤ ਜਿਆਦਾ ਸ਼ੌਕ ਸੀ। ਉਹ ਵੱਖ-ਵੱਖ ਤਰ੍ਹਾਂ ਦੇ ਕਾਰਟੂਨ ਬਣਾਉਂਦਾ ਅਤੇ ਅਖ਼ਬਾਰਾਂ ਵਿੱਚ ਛਪਣ ਲਈ ਭੇਜਦਾ ਰਹਿੰਦਾ, ਪਰ ਕਿਸੇ ਵੀ ਅਖ਼ਬਾਰ ਨੇ ਉਸ ਦੇ ਵਲੋਂ ਬਣਾਏ ਕਾਰਟੂਨ ਨਹੀਂ ਛਾਪੇ। ਓਹ ਆਪਣੇ ਇਸ ਸ਼ੌਂਕ ਤੋ ਪਿੱਛੇ ਨਹੀਂ ਹਟਿਆ ਓਹ ਬਾਰ ਬਾਰ ਆਪਣੇ ਵਲੋਂ ਬਣਾਏ ਕਾਰਟੂਨ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ ਪਰ ਅਖ਼ਬਾਰਾਂ ਵਲੋਂ ਉਸ ਨੂੰ ਹਰ ਵਾਰ ਨਿਰਾਸ਼ਾ ਹੀ ਮਿਲਦੀ। ਆਖ਼ਿਰ ਉਸ ਨੂੰ ਆਪਣੇ ਇਸ ਸ਼ੌਕ ਦੀ ਖਾਤਿਰ ਅਜਿਹੀ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ ਜਦੋਂ ਕਾਰਟੂਨ ਬਣਾਉਂਦੇ ਹੋਏ ਡਿਜ਼ਨੀ ਦੀ ਸਾਰੀ ਜਾਇਦਾਦ ਤੇ ਪੈਸਾ ਖਤਮ ਹੋ ਗਿਆ, ਘਰ ਵੇਚ ਦਿੱਤਾ ਗਿਆ, ਮਜ਼ਬੂਰਨ ਡਿਜ਼ਨੀ ਨੂੰ ਫੁੱਟਪਾਥ ‘ਤੇ ਰਾਤਾਂ ਕੱਟਣੀਆਂ ਪਈਆਂ।

ਇੱਕ ਸ਼ਾਮ ਮੀਂਹ ਪੈ ਰਿਹਾ ਸੀ ਤੇ ਉਸ ਨੇ ਠੰਢ ਦੇ ਮੌਸਮ ਅਤੇ ਭਾਰੀ ਮੀਂਹ ਤੋਂ ਬਚਣ ਲਈ ਇੱਕ ਗੋਦਾਮ ਵਿੱਚ ਰਾਤ ਕੱਟੀ। ਉਸੇ ਸਮੇਂ ਗੋਦਾਮ ਵਿੱਚ ਇੱਕ ਚੂਹਾ ਆ ਗਿਆ ਜਿਸ ਨੇ ਵਾਲਟ ਡਿਜ਼ਨੀ ਨੂੰ ਸੌਣ ਨਹੀਂ ਦਿੱਤਾ। ਉਸ ਚੂਹੇ ਨੇ ਅਜਿਹੇ ਕਰਤੱਬ ਕੀਤੇ ਕਿ ਹੱਸਦੇ-ਹੱਸਦੇ ਵਾਲਟ ਡਿਜ਼ਨੀ ਦੇ ਢਿੱਡ ਵਿੱਚ ਪੀੜ ਹੋਣ ਲੱਗ ਪਈ। ਸਵੇਰ ਹੁੰਦੇ ਸਾਰ ਉਸ ਨੇ ਇਹ ਸਾਰੀ ਘਟਨਾ ਆਪਣੇ ਇੱਕ ਦੋਸਤ ਨੂੰ ਦੱਸੀ। ਫੇਰ ਦੋਸਤ ਦੀ ਸਲਾਹ ਤੇ ਡਿਜ਼ਨੀ ਨੇ ਚੂਹੇ ਦੀਆਂ ਚਾਲਾਂ ‘ਤੇ ਕਾਰਟੂਨ ਬਣਾ ਲਏ ਅਤੇ ਕਾਰਟੂਨ ਦਾ ਨਾਂ ਰੱਖਿਆ ਮਿੱਕੀ ਮਾਊਸ। ਜਦੋਂ ਡਿਜ਼ਨੀ ਮਿੱਕੀ ਮਾਊਸ ਕਾਰਟੂਨ ਲੈ ਕੇ ਇੱਕ ਅਖ਼ਬਾਰ ਕੋਲ ਗਿਆ, ਤਾਂ ਉਹ ਤੁਰੰਤ ਉਹਨਾਂ ਨੂੰ ਛਾਪਣ ਲਈ ਸਹਿਮਤ ਹੋ ਗਏ।

‘ਮਿੱਕੀ ਮਾਊਸ’ ਦੇ ਕਾਰਨਾਮੇ ਕਾਰਟੂਨਾਂ ਰਾਹੀਂ ਪ੍ਰਕਾਸ਼ਿਤ ਹੁੰਦੇ ਹੀ ਪੂਰੇ ਅਮਰੀਕਾ ਵਿਚ ਇਸ ਨੂੰ ਪਸੰਦ ਕੀਤਾ ਗਿਆ। ਫਿਰ ਸਾਰਿਆਂ ਅਖ਼ਬਾਰਾਂ ਨੇ ਵਾਲਟ ਡਿਜ਼ਨੀ ਤੋ ਇਹਨਾਂ ਕਾਰਟੂਨਾਂ ਦੀ ਮੰਗ ਕੀਤੀ। ਹਰ ਕੋਈ ਬਹੁਤ ਜ਼ਿਆਦਾ ਕੀਮਤ ਦੇ ਕੇ ‘ਮਿਕੀ ਮਾਊਸ’ ਦੇ ਕਾਰਨਾਮੇ ਨਾਲ ਭਰਪੂਰ ਕਾਰਟੂਨ ਛਾਪਣਾ ਚਾਹੁੰਦਾ ਸੀ। ‘ਮਿੱਕੀ ਮਾਊਸ’ ਦੀਆਂ ਕਾਪੀਆਂ ਛਪਦੇ ਸਾਰ ਹੀ ਹੱਥੋ-ਹੱਥ ਵਿਕਦੀਆਂ ਲੱਗ ਪਈਆਂ। ਬਸ ਫੇਰ ਕਿ ਡਿਜ਼ਨੀ ਵਾਲਟ ਆਪਣੀ ਅਸਫ਼ਲਤਾ ਤੋ ਨਾ ਘਬਰਾਉਂਦੇ ਹੋਏ ਇੱਕ ਦਿਨ ਸਫ਼ਲਤਾ ਦੀ ਐਸੀ ਪਉੜੀ ਚੜੇ ਕਿ ਬੱਚੇ, ਜਵਾਨ ਅਤੇ ਬੁੱਢੇ ਸਭ ਮਿੱਕੀ ਮਾਊਸ ਦੇ ਦੀਵਾਨੇ ਹੋ ਗਏ।

ਸਾਨੂੰ ਵੀ ਡਿਜ਼ਨੀ ਵਾਲਟ ਵਾਂਗ ਅਸਫ਼ਲਤਾ ਤੋ ਡਰਨਾ ਨਹੀਂ ਚਾਹੀਦਾ, ਸਫਲ ਹੋਣ ਲਈ ਹਰ ਛੋਟਾ-ਮੋਟਾ ਕੰਮ ਪੂਰੀ ਲਗਨ ਨਾਲ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਡਿਜ਼ਨੀ ਵਾਲਟ ਦਾ ਜੀਵਨ ਅਤੇ ਮਿੱਕੀ ਮਾਊਸ ਦਾ ਜਨਮ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।

ਬਲਦੇਵ ਸਿੰਘ ਬੇਦੀ
ਜਲੰਧਰ
9041925181

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵਿਖੇ ਸੈਮੀਨਾਰ ਲਗਾਇਆ ਗਿਆ
Next articleਅਜੇ ਵੀ ਜੀਉਂਦਾ ਹੈ ?