ਇਮਰਾਨ ਵੱਲੋਂ ਖਾਲੀ ਕੀਤੀਆਂ ਸੀਟਾਂ ਵਿਰੋਧੀ ਧਿਰ ਨੇ ਜਿੱਤੀਆਂ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਝਟਕਾ ਦਿੰਦਿਆਂ ਵਿਰੋਧੀ ਧਿਰ ਪੀਐਮਐਲ-ਐਨ ਨੇ ਜ਼ਿਮਨੀ ਚੋਣਾਂ ’ਚ ਪੰਜ ਹੋਰ ਸੰਸਦੀ ਸੀਟਾਂ ਜਿੱਤ ਲਈਆਂ ਹਨ। ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦਾ ਕੌਮੀ ਅਸੈਂਬਲੀ ’ਚ ਅੰਤਰ ਹੁਣ ਹੋਰ ਘੱਟ ਗਿਆ ਹੈ।
ਕੌਮੀ ਅਸੈਂਬਲੀ ਦੀਆਂ ਪੰਜਾਬ ’ਚ 9, ਸਿੰਧ ਅਤੇ ਖ਼ੈਬਰ ਪਖ਼ਤੂਨਖਵਾ ਸੂਬਿਆਂ ’ਚ ਇਕ ਇਕ ਅਤੇ 24 ਵਿਧਾਨ ਸਭਾ ਸੀਟਾਂ ਲਈ ਐਤਵਾਰ ਨੂੰ ਵੋਟਾਂ ਪਈਆਂ ਸਨ। ਇਕ ਤੋਂ ਵੱਧ ਸੀਟਾਂ ’ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਜ਼ਿਆਦਾਤਰ ਇਹ ਸੀਟਾਂ ਖਾਲੀ ਕੀਤੀਆਂ ਸਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਖਾਲੀ ਕੀਤੀਆਂ ਗਈਆਂ ਲਾਹੌਰ (ਐਨ-131) ਅਤੇ ਬੰਨੂ ਦੀਆਂ ਸੀਟਾਂ ਉਨ੍ਹਾਂ ਦੀ ਪਾਰਟੀ ਹਾਰ ਗਈ ਹੈ। ਲਾਹੌਰ ’ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਆਗੂ ਖਵਾਜਾ ਸਾਦ ਰਫ਼ੀਕ ਨੇ ਚੋਣ ਜਿੱਤੀ ਜਦਕਿ ਬਨੂੰ ’ਚ ਮੁਤਾਹਿਦਾ ਮਜਲਿਸ-ਏ-ਅਮਾਲ ਦੇ ਜ਼ਾਹਿਦ ਅਕਰਮ ਦੁਰਾਨੀ ਨੇ ਪਰਚਮ ਲਹਿਰਾਇਆ। ਦੋ ਹਲਕਿਆਂ ਤੋਂ ਚੋਣਾਂ ਹਾਰਨ ਵਾਲੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਜ਼ਿਮਨੀ ਚੋਣ ’ਚ ਲਾਹੌਰ (ਐਨ-124) ਤੋਂ ਪੀਟੀਆਈ ਦੇ ਗੁਲਾਮ ਮੋਹਿਉਦੀਨ ਦੀਵਾਨ ਨੂੰ ਆਸਾਨੀ ਨਾਲ ਹਰਾ ਦਿੱਤਾ। ਉਂਜ ਹੁਕਮਰਾਨ ਗਠਜੋੜ ਨੇ ਛੇ ਹੋਰ ਸੀਟਾਂ ਹਾਸਲ ਕੀਤੀਆਂ ਹਨ ਪਰ ਵਿਰੋਧੀ ਧਿਰ ਦੀ ਗਿਣਤੀ ’ਚ ਵੀ ਪੰਜ ਸੀਟਾਂ ਦਾ ਇਜ਼ਾਫਾ ਹੋਇਆ ਹੈ।

Previous articleਦਸ ਕਿੱਲੋ ਅਫੀਮ ਸਮੇਤ ਦੋ ਕਾਬੂ; 19 ਲੱਖ ਰੁਪਏ ਵੀ ਬਰਾਮਦ
Next articleਭਾਰਤ ਨੇ ਚਾਂਦੀ ਜਿੱਤ ਕੇ ਇਤਿਹਾਸ ਸਿਰਜਿਆ