(ਸਮਾਜ ਵੀਕਲੀ)
ਤਲਵਾਰਾਂ ਦੀ ਗੱਲ ਫੇਰ ਤੋਂ ਉੱਠੀ ਹੈ
ਖੋਲ ਰਹੇ ਨੇ ਫੇਰ ਬੰਦ ਜੋ ਮੁੱਠੀ ਹੈ
ਗੱਲ ਜੇ ਕੇਵਲ ਹੈ ਤਾਂ ਹੈ ਚੌਧਰ ਦੀ
ਗੱਲ ਜੋ ਚੁੱਕੀ ਓਹੋ ਬਿਲਕੁਲ ਪੁੱਠੀ ਹੈ
ਲੋੜ ਨਹੀਂ ਹੈ ਸਾਨੂੰ ਖੈਰ ਖਵਾਵਾਂ ਦੀ
ਨਹੀਂ ਲੋੜ ਹੈ ਸਾਨੂੰ ਕੋਈ ਸਭਾਵਾਂ ਦੀ
ਨਾਲ ਚੈਨ ਦੇ ਆਪੇ ਸਾਨੂੰ ਜੀਣ ਦਿਓ
ਆਪਣੇ ਕੋਲੇ ਰੱਖੋ ਗੱਲ ਕਥਾਵਾਂ ਦੀ
ਇਤਹਾਸ ਦੁਹਰਾਓ ਨਾਨਕ ਵਾਲਾ ਹੀ
ਬੜਕਾਂ ਸ਼ੜਕਾਂ ਨੂੰ ਲਾ ਦਿਓ ਤਾਲਾ ਜੀ
ਰਹਿਣ ਸਹਿਣ ਨਾ ਸਾਡਾ ਸੀਮਤ ਹੋਵੇ
ਮਾਹੌਲ ਨਾ ਮੁੜ ਤੋਂ ਕਰਿਓ ਕਾਲਾ ਜੀ
ਲੋੜ ਕਾਲ ਤੇ ਸਮੇਂ ਮੁਤਾਬਿਕ ਚੱਲੋ ਜੀ
ਨਾਹਰੇਬਾਜ਼ੀ ਕਰ ਕਰ ਕੇ ਨਾ ਠੱਲੋ ਜੀ
ਵੇਹਲੇ ਹੋਵੋ ਤੇ ਮਾਨਵਤਾ ਦੀ ਗੱਲ ਕਰੋ
ਆਤਿਸ਼ ਦੇ ਅੰਬਾਰ ਵੱਲ ਨਾ ਘੱਲੋ ਜੀ
ਮਨ ਹੈ ਜਿੱਤਣਾ ਏਸੇ ਦਾ ਪ੍ਰਚਾਰ ਕਰੋ
ਹੱਸਦੇ ਵੱਸਦੇ ਜੀਵਨ ਨਾ ਦੁਸ਼ਵਾਰ ਕਰੋ
ਇੱਕੋ ਇੱਕ ਦੇ ਨਾਲ ਹੀ ਜੋੜੋ ਸਭਨਾਂ ਨੂੰ
ਐਵੇਂ ਹੀ ਨਾ ਨਿੱਤ ਦੋ ਦੂਨੀ ਚਾਰ ਕਰੋ
ਮਸਲਾ ਕੋਈ ਨਾ ਖੜੇ ਫੇਰ ਵੀ ਕੀਤੇ ਨੇ
ਡਰ ਦੇ ਮਾਰੇ ਲੋਕਾਂ ਨੇ ਵੀ ਬੁੱਲ ਸੀਤੇ ਨੇ
ਡਾਢੇ ਬਣ ਨਾ ਸੱਤ ਵੀਹਾਂ ਦਾ ਸੌ ਕਰਿਓ
ਕਿਉਂ ਲੋੜੋੰ ਵੱਡੇ ਧਰਮ ਦੇ ਕੀਤੇ ਫੀਤੇ ਨੇ
ਨਜ਼ਰ ਨਜ਼ਰੀਏ ਦੋਨਾਂ ਦਾ ਵਿਸਥਾਰ ਕਰੋ
ਸਬਰ ਸ਼ਾਂਤੀ ਸਮਦ੍ਰਿਸ਼ਟੀ ਦਾ ਪ੍ਰਚਾਰ ਕਰੋ
ਗੁਰਬਾਣੀ ‘ਚ ਗੁਰੂਆਂ ਨੇ ਦੱਸੇ ਮਾਰਗ ਜੋ
“ਇੰਦਰ” ਚੱਲ ਓਹਨਾਂ ਤੇ ਬੇੜਾ ਪਾਰ ਕਰੋ
ਇੰਦਰ ਪਾਲ ਸਿੰਘ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly