ਵਾਸ਼ਿੰਗਟਨ ,ਸਮਾਜ ਵੀਕਲੀ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ’ਤੇ ਹੋਈ ਗੱਲਬਾਤ ਵਿਚ ਕਿਹਾ ਹੈ ਕਿ ਇਜ਼ਰਾਈਲ ਨੂੰ ਕਿਸੇ ਵੀ ਰਾਕੇਟ ਹਮਲੇ ਵਿਰੁੱਧ ‘ਆਪਣੀ ਰੱਖਿਆ ਕਰਨ ਦਾ ਹੱਕ ਹੈ।’ ਬਾਇਡਨ ਨੇ ਨੇਤਨਯਾਹੂ ਨੂੰ ਕਿਹਾ ਕਿ ਨਿਰਦੋਸ਼ ਨਾਗਰਿਕਾਂ ਦੀਆਂ ਜਾਨਾਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਇਜ਼ਰਾਈਲ ਹਾਲੇ ਵੀ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ ਤੇ ਫ਼ੌਜ ਮੁਤਾਬਕ ਤਾਜ਼ਾ ਹਮਲਿਆਂ ਵਿਚ ਗਾਜ਼ਾ ਦੇ ਦਹਿਸ਼ਤਗਰਦ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਛੇ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਗਈ ਹੈ।
ਇਹ ਇਮਾਰਤ ਇਸਲਾਮਿਕ ਯੂਨੀਵਰਸਿਟੀ ਨਾਲ ਸਬੰਧਤ ਸੀ ਤੇ ਇੱਥੇ ਕਈ ਲਾਇਬਰੇਰੀਆਂ ਤੇ ਵਿਦਿਅਕ ਕੇਂਦਰ ਸਨ। ਗਾਜ਼ਾ ਤੋਂ ਵੀ ਇਜ਼ਰਾਈਲ ਵੱਲ ਦਰਜਨਾਂ ਰਾਕੇਟ ਦਾਗੇ ਗਏ ਹਨ। ਜੰਗ ਖ਼ਤਮ ਹੋਣ ਦਾ ਹਾਲੇ ਵੀ ਕੋਈ ਸੰਕੇਤ ਨਹੀਂ ਮਿਲ ਰਿਹਾ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਇਡਨ ਨੇ ਫ਼ਿਰਕੂ ਹਿੰਸਾ ਰੋਕਣ ਲਈ ਚੁੱਕੇ ਗਏ ਕਦਮਾਂ ਤੇ ਯੋਰੋਸ਼ਲਮ ਵਿਚ ਸ਼ਾਂਤੀ ਬਹਾਲ ਕੀਤੇ ਜਾਣ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਗਾਜ਼ਾ ਵਿਚ ‘ਹਮਾਸ’ ਤੇ ਹੋਰ ਦਹਿਸ਼ਤਗਰਦ ਗਰੁੱਪਾਂ ਖ਼ਿਲਾਫ਼ ਇਜ਼ਰਾਇਲੀ ਫ਼ੌਜ ਵੱਲੋਂ ਕੀਤੀ ਜਾ ਰਹੀ ਕਾਰਵਾਈ ਉਤੇ ਵੀ ਵਿਚਾਰ-ਚਰਚਾ ਕੀਤੀ।
ਅਮਰੀਕੀ ਰਾਸ਼ਟਰਪਤੀ ਨੇ ਹਾਲਾਂਕਿ ਗੋਲੀਬੰਦੀ ਦੀ ਹਮਾਇਤ ਕੀਤੀ ਤੇ ਇਸ ਲਈ ਮਿਸਰ ਤੇ ਹੋਰਨਾਂ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀ ਆਪਣੇ ਇਜ਼ਰਾਇਲੀ ਹਮਰੁਤਬਾ ਗਾਬੀ ਐਸ਼ਕੇਨਾਜ਼ੀ ਨਾਲ ਗੱਲਬਾਤ ਕੀਤੀ ਹੈ ਤੇ ਹਿੰਸਾ ਖ਼ਤਮ ਕਰਨ ਲਈ ਅਮਰੀਕਾ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ਹੈ। ਬਲਿੰਕਨ ਨੇ ਵੱਖ-ਵੱਖ ਫ਼ਿਰਕਿਆਂ ਵਿਚ ਬਣੇ ਤਣਾਅ ਉਤੇ ਵੀ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਅਮਰੀਕਾ ਲਗਾਤਾਰ ਇਜ਼ਰਾਈਲ, ਫ਼ਲਸਤੀਨੀ ਅਥਾਰਿਟੀ ਤੇ ਹੋਰ ਖੇਤਰੀ ਹਿੱਤਧਾਰਕਾਂ ਨਾਲ ਇਸ ਮੁੱਦੇ ਉਤੇ ਰਾਬਤਾ ਕਰ ਰਿਹਾ ਹੈ ਤਾਂ ਕਿ ਹਿੰਸਾ ਦਾ ਅੰਤ ਹੋ ਸਕੇ।
ਬਾਇਡਨ ਨੇ ਪਿਛਲੇ ਹਫ਼ਤੇ ਇਜ਼ਰਾਈਲ ਤੇ ਫ਼ਲਸਤੀਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ। ਬਾਇਡਨ ਨੇ ਇਸ ਮੌਕੇ ਪੱਤਰਕਾਰਾਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਕੂਟਨੀਤੀ ਵਿਚ ਕੁਝ ਮੌਕੇ ਅਜਿਹੇ ਹੁੰਦੇ ਹਨ ਜਿੱਥੇ ਗੱਲਬਾਤ ਚੁੱਪ-ਚੁਪੀਤੇ ਹੁੰਦੀ ਹੈ ਤੇ ਹਰੇਕ ਗੱਲ ਬਾਹਰ ਨਹੀਂ ਦੱਸੀ ਜਾ ਸਕਦੀ। ਪਰ ਅਮਰੀਕਾ ਟਕਰਾਅ ਖ਼ਤਮ ਕਰਨ ਲਈ ਹਰੇਕ ਮਾਧਿਅਮ ਵਰਤ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly