ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਭਾਰਤ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਮੁੱਦੇ ਦਾ ਹੱਲ ਦੋਵੇਂ ਮੁਲਕ ਮਿਲਕੇ ਖ਼ੁਦ ਹੀ ਕਰ ਸਕਦੇ ਹਨ ਤੇ ਦੋਵਾਂ ਪੱਖਾਂ ਨੂੰ ਸਿੱਧੀ ਗੱਲਬਾਤ ਰਾਹੀਂ ਮੁੱਦੇ ਦਾ ਹੱਲ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਮੁੱਦਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਇੱਕਪਾਸੜ ਕਾਰਵਾਈ ਤੋਂ ਬਚਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਅੰਬੈਸਡਰ ਕੇ. ਨਾਟਰਾਜ ਨਾਇਡੂ ਨੇ ‘ਪੱਛਮ ਏਸ਼ੀਆ ਵਿੱਚ ਸਥਿਤੀ, ਜਿਸ ਵਿੱਚ ਫਲਸਤੀਨ ਦਾ ਸੁਆਲ ਵੀ ਸ਼ਾਮਲ ਹੈ’ ਉੱਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਵਿੱਚ ਕਿਹਾ ਕਿ ਨਵੀਂ ਦਿੱਲੀ, ਫਲਸਤੀਨ ਲਈ ਇੱਕ ਪ੍ਰਭੂਸੱਤਾ ਸੰਪੰਨ ਅਤੇ ਸੁਤੰਤਰ ਫਲਸਤੀਨ ਮੁਲਕ ਦੀ ਸਥਾਪਨਾ ਪ੍ਰਤੀ ਆਪਣਾ ਸਮਰਥਨ ਦਹੁਰਾਉਂਦੀ ਹੈ ਜੋ ਸ਼ਾਂਤੀ ਤੇ ਸੁਰੱਖਿਆ ਨਾਲ ਇਜ਼ਰਾਈਲ ਦੇ ਨਾਲ ਰਹੇ।
ਉਨ੍ਹਾਂ ਕਿਹਾ,‘ਸਾਡਾ ਦ੍ਰਿੜਤਾ ਨਾਲ ਮੰਨਣਾ ਹੈ ਕਿ ਸਿਰਫ਼ ਦੋ-ਮੁਲਕ ਹੱਲ ਨਾਲ ਹੀ ਸਥਾਈ ਸ਼ਾਂਤੀ ਹੋਵੇਗੀ ਜਿਵੇਂ ਕਿ ਇਜ਼ਰਾਈਲ ਅਤੇ ਫਲਸਤੀਨ ਦੇ ਲੋਕ ਚਾਹੁੰਦੇ ਹਨ ਤੇ ਉਸਦੇ ਹੱਕਦਾਰ ਹਨ। ਇਸ ਟੀਚੇ ਨੂੰ ਆਖ਼ਰੀ ਸਥਿਤੀ ਸਬੰਧੀ ਮੁੱਦਿਆਂ ਸਬੰਧੀ ਦੋਵਾਂ ਪੱਖਾਂ ਵਿਚਕਾਰ ਸਿੱਧੀ ਗੱਲਬਾਤ ਰਾਹੀਂ ਹਾਸਲ ਕੀਤਾ ਜਾਣਾ ਚਾਹੀਦਾ ਹੈ।