‘ਇਕ ਜਿਲ੍ਹਾ, ਇਕ ਉਤਪਾਦ’ ਤਹਿਤ ਪ੍ਰੋਸੈਸਿੰਗ ਯੂਨਿਟਾਂ ਲਈ ਮਿਲੇਗੀ ਸਬਸਿਡੀ-ਡਿਪਟੀ ਕਮਿਸ਼ਨਰ

ਫੋਟੋ ਕੈਪਸ਼ਨ- ਕਪੂਰਥਲਾ ਵਿਖੇ ‘ ਇਕ ਜਿਲ੍ਹਾ, ਇਕ ਉਤਪਾਦ’ ਮੁਹਿੰਮ ਤਹਿਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਹੋਰ।

ਪੰਜਾਬ ਐਗਰੋ, ਖੇਤੀ ਤੇ ਬਾਗਬਾਨੀ ਵਿਭਾਗ ਨੂੰ ਸੰਭਾਵੀ ਨਿਵੇਸ਼ਕਾਂ ਤੇ ਸਵੈ ਸਹਾਇਤਾ ਗਰੁੱਪਾਂ ਨੂੰ ਲਾਭ ਲੈਣ ਲਈ ਪ੍ਰੇਰਿਤ ਕਰਨ ਵਾਸਤੇ ਸਾਂਝੀ ਮੁਹਿੰਮ ਵਿੱਢਣ ਦੇ ਨਿਰਦੇਸ਼

ਕਪੂਰਥਲਾ 8 ਜਨਵਰੀ (ਹਰਜੀਤ ਸਿੰਘ ਵਿਰਕ) ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਖੇਤੀ ਅਧਾਰਿਤ ਪ੍ਰੋਸੈਸਿੰਗ ਯੂਨਿਟਾਂ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ‘ ਇਕ ਜਿਲ੍ਹਾ, ਇਕ ਉਤਪਾਦ ’ ਮੁਹਿੰਮ ਤਹਿਤ ਸਵੈ ਸਹਾਇਤਾ ਗਰੁੱਪਾਂ ਤੇ ਛੋਟੇ ਖੇਤੀ ਨਿਵੇਸ਼ਕਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਪੰਜਾਬ ਐਗਰੋ ਇੰਡਸਟਰੀਜ਼, ਉਦਯੋਗ ਵਿਭਾਗ ਕਪੂਰਥਲਾ , ਬਾਗਬਾਨੀ ਵਿਭਾਗ ਵਲੋਂ ਦਿੱਤੀ ਇਕ ਪੇਸ਼ਕਾਰੀ ਦੌਰਾਨ ਡਿਪਟੀ ਕਮਿਸ਼ਨਰ ਨੇ ਦੱੱਸਿਆ ਕਿ ‘ਸ਼ਬਜ਼ੀਆਂ ਤੇ ਫਲਾਂ ਦੇ ਉਤਪਾਦਨ ਲਈ ਜਾਣੇ ਜਾਂਦੇ ਕਪੂਰਥਲਾ ਜਿਲ੍ਹੇ ਲਈ ਇਹ ਯੋਜਨਾ ਬਹੁਤ ਸਾਰਥਿਕ ਸਿੱਧ ਹੋਵੇਗੀ, ਕਿਉਂਕਿ ਇਸ ਤਹਿਤ ਪ੍ਰੋਸੈਸਿੰਗ ਯੂਨਿਟ ਸਥਾਪਨਾ ਲਈ ਸਵੈ ਸਹਾਇਤਾ ਗਰੁੱਪਾਂ , ਛੋਟੇ ਨਿਵੇਸ਼ਕਾਂ ਨੂੰ 35 ਫੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਜਿਲ੍ਹੇ ਦੇ ਉਤਪਾਦਾਂ ਦੀ ਬਰੈਡਿੰਗ, ਮਾਰਕੀਟਿੰਗ ਲਈ ਵੀ ਉਤਪਾਦਕਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਬਾਗਬਾਨੀ, ਖੇਤੀ ਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਂਝੀਆਂ ਟੀਮਾਂ ਦਾ ਗਠਨ ਕਰਕੇ ਸੰਭਾਵੀ ਗਰੁੱਪਾਂ ਤੇ ਨਿਵੇਸ਼ਕਾਂ ਨੂੰ ਲੋੜ ਅਨੁਸਾਰ ਇਸ ਯੋਜਨਾ ਦਾ ਲਾਭ ਲੈਣ ਲਈ ਜਾਣੂੰ ਕਰਵਾਉਣ ਜਿਸ ਨਾਲ ਨਾ ਸਿਰਫ ਖੇਤੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਸਗੋਂ ਪ੍ਰੋਸੈਸਿੰਗ ਯੂਨਿਟਾਂ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।

ਪੰਜਾਬ ਐਗਰੋ ਦੇ ਜਨਰਲ ਮੈਨੇਜ਼ਰ ਪ੍ਰੋਸੈਸਿੰਗ ਰਜ਼ਨੀਸ ਤੁਲੀ ਨੇ ਦੱਸਿਆ ਕਿ ਇਸ ‘ ਇਕ ਜਿਲ੍ਹਾ, ਇਕ ਉਤਪਾਦ’ ਯੋਜਨਾ ਤਹਿਤ ਹਰ ਜਿਲ੍ਹੇ ਦੇ ਨਾਮਵਰ ਉਤਪਾਦ ਦੀ ਚੋਣ ਕਰਕੇ ਉਸਦੇ ਉਤਪਾਦਨ ਤੇ ਪੋ੍ਰਸੈਸਿੰਗ ਨੂੰ ਉਤਸ਼ਾਹਿਤ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਜਿਲ੍ਹੇ ਲਈ ਟਮਾਟਰ ਜਾਂ ਆਲੂ ਵਿਚੋਂ ਇਕ ਦੀ ਚੋਣ ਕੀਤੀ ਜਾਵੇਗੀ।

ਇਸ ਮੌਕੇ ਸੁਖਪਾਲ ਸਿੰਘ ਜਨਰਲ ਮੈਨੇਜ਼ਰ, ਜਿਲ੍ਹਾ ਉਦਯੋਗ ਕੇਂਦਰ , ਅਸ਼ਵਨੀ ਕੁਮਾਰ ਖੇਤੀਬਾੜੀ ਅਫਸਰ, ਵਿਪਨ ਚੰਦਰ ਬਾਗਬਾਨੀ, ਸ਼ੁਸ਼ੀਲ ਕੁਮਾਰ, ਗਗਨਦੀਪ ਸਿੰਘ ਹਾਜ਼ਰ ਸਨ।

Previous articleਬਰਸੀ ਸਮਾਗਮ ਮੌਕੇ ਸੰਤਪੁਰਾ ਜੱਬੜ੍ਹ ਵਿਖੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
Next articleਲੋਹੜੀ