ਆਜ਼ਾਦੀ ਕਿਥੇ ਰਹਿੰਦੀ ਏ

ਸੋਨੂੰ ਮੰਗਲ਼ੀ

(ਸਮਾਜ ਵੀਕਲੀ)

ਦਿਵਸ ਅਜ਼ਾਦੀ ਦੀ ਤਾਂ ਕੀਤੀ ਤੁਸੀਂ ਛੁੱਟੀ ਏ
ਪੁੱਛੋ ਜਾਕੇ ਉਹਨਾਂ ਨੂੰ ਦਿਹਾੜੀ ਜੀਹਦੀ ਟੁੱਟੀ ਏ
ਲਾ ਕੇ ਦਿਹਾੜੀ ਸਾਡੇ , ਰੋਟੀ ਪੱਲੇ ਪੈਦੀ ਏ
ਸਾਨੂੰ ਵੀ ਤਾਂ ਦੱਸੋ ਇਹ ਅਜ਼ਾਦੀ ਕਿਥੇ ਰਹਿੰਦੀ ਏ ?

ਲਾਲ ਕਿਲੇ ਚੋਂ ਹੁੰਦਾ ਜਿਸਦਾ ਜ਼ਿਕਰ ਹੈ
ਢਿੱਡੋਂ ਭੁੱਖੇ ਲੋਕਾਂ ਦੀ ਨਾ ਜਿਸਨੂੰ ਫ਼ਿਕਰ ਹੈ
ਰੱਜੇ ਪੁੱਜੇ ਲੋਕਾਂ ਨਾਲ ਉਠਦੀ ਤੇ ਬਿਹੰਦੀ ਏ
ਸਾਨੂੰ ਵੀ ਤਾਂ ਦੱਸੋ………

ਮਾਰ ਤੇ ਹਜ਼ਾਰਾਂ ਇਥੇ ਕਰਜ਼ੇ ਦੀ ਮਾਰ ਨੇ
ਮੰਗਤੇ ਬਣਾਏ ਅੰਨ ਦਾਤੇ ਸਰਕਾਰ ਨੇ
ਵੇਚ ਕੇ ਫਸਲ ਪੱਲੇ ਕੌਡੀ ਵੀ ਨਾ ਪੈਂਦੀ ਏ
ਸਾਨੂੰ ਵੀ ਤਾਂ ਦੱਸੋ……….

ਚਿੜੀਆਂ ਨੂੰ ਘੂਰਦੀ ਸ਼ਿਕਾਰੀ ਅੱਖ ਬਾਜ਼ ਦੀ
ਚੜਦੀ ਮਸੂਮ ਸਦਾ ਬਲੀ ਕਾਹਤੋਂ ਦਾਜ ਦੀ
ਹੱਥਾਂ ਉੱਤੋਂ ਉਤਰੀ ਨਾ ਸ਼ਗਨਾਂ ਮਹਿੰਦੀ ਏ
ਸਾਨੂੰ ਵੀ ਤਾਂ ਦੱਸੋ…………

ਜਿਸ ਦਿਆਂ ਰਾਖਿਆਂ ਦੇ ਮਨਾ ਵਿਚ ਮੈਲ ਹੈ
ਵੱਡਿਆਂ ਘਰਾਣਿਆਂ ਦੀ ਬਣੀ ਜੋ ਰਖੇਲ ਹੈ
ਲੋਕਾਂ ਦੇ ਸਿਰਾਂ ਚ ਸਦਾ ਖੇਹ ਵਾਂਗੂ ਪੈੰਦੀ ਏ
ਸਾਨੂੰ ਵੀ ਤਾਂ ਦੱਸੋ………

ਦਿਨੋਂ ਦਿਨ ਵਧੇ ਮਹਿੰਗਾਈ ਵਾਲਾ ਭਾਰ ਏ
ਹੋਇਆ ਪਟਰੋਲ ਹੁਣ ਸੈਂਕੜੇ ਤੋਂ ਪਾਰ ਏ
ਅੱਛੇ ਦਿਨ ਆਏੰਗੇ ਠੱਗਾਂ ਦੀ ਟੋਲੀ ਕਹਿੰਦੇ ਏ
ਸਾਨੂੰ ਵੀ ਤਾਂ ਦੱਸੋ ਇਹ ਅਜ਼ਾਦੀ ਕਿਥੇ ਰਹਿੰਦੀ ਏ ?

ਸੋਨੂੰ ਮੰਗਲੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਸਾਹਿਤ ਦੇ ‘ ਚਵਲ ‘