ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਸਰਕਾਰ-ਹਰਪ੍ਰੀਤਪਾਲ
ਹੁਸੈਨਪੁਰ (ਸਮਾਜ ਵੀਕਲੀ) ( ਕੌੜਾ ) – ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੇ ਸੱਦੇ ਤੇ ਡੀ.ਟੀ.ਐੱਫ਼ ਬਲਾਕ ਮਸੀਤਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ ਦੇ ਕਦਮ ਵਜੋਂ ਨਵੀਂ ਭਰਤੀ ਕੇਂਦਰੀ ਤਨਖਾਹ ਪੈਟਰਨ ਅਧੀਨ ਕਰਨ ਦੇ ਨੋਟੀਫਿਕੇਸ਼ਨ ਖਿਲਾਫ਼ ਬੀ.ਪੀ.ਈ.ਓ. ਮਸੀਤਾਂ ਰਾਹੀਂ ਹਰਪ੍ਰੀਤਪਾਲ ਸਿੰਘ ਅਤੇ ਨਰੇਸ਼ ਕੋਹਲੀ ਦੀ ਅਗਵਾਈ ਵਿੱੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦੇ ਕੇ ਸਰਕਾਰ ਨੂੰ ਇਹ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਅਤੇ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਵਿਰੁੱਧ ਰੋਸ ਵਜੋਂ ਧਰਨਾ ਦਿੱਤਾ ।
ਇਸ ਸਮੇਂ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਹਰਪ੍ਰੀਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਨਵੇਂ ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨ ਦੇ ਨਾਲ ਜਿੱਥੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੀ ਹੈ ਉੱਥੇ ਪੁਰਾਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਚ ਕਟੌਤੀਆਂ ਕਰਨਾ ਦੇ ਰਾਹ ਵੀ ਪੱਧਰੇ ਕਰਨ ਤੇ ਲੱਗੀ ਹੋਈ ਹੈ ਜਿਸ ਨੂੰ ਪੰਜਾਬ ਦੇ ਅਧਿਆਪਕ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ । ਇਸ ਸਮੇਂ ਪਰਮਜੀਤ ਸਿੰਘ, ਵੀਨੂੰ ਸੇਖੜੀ ਜਿਲ੍ਹਾ ਸਰਪ੍ਰਸਤ ਨੇ ਅਧਿਆਪਕਾਂ ਨੂੰ ਸੁਚੇਤ ਹੋ ਕੇ ਸੰਘਰਸ ਦੇ ਰਾਹ ਪੈਣ ਦਾ ਸੱਦਾ ਦਿੱਤਾ ।
ਇਸ ਸਮੇਂ ਇਹਨਾ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰੀ ਤਨਖਾਹ ਪੈਟਰਨ ਦਾ ਨੋਟੀਫਿਕੇਸ਼ਨ ਵਾਪਸ ਲੈਣ ਦੇ ਨਾਲ ਆਹਲੂਵਾਲੀਆ ਕਮੇਟੀ ਦੀਆਂ ਕੀਤੀਆਂ ਸਿਫਾਰਸ਼ਾਂ ਰੱਦ ਕਰੇ ਨਹੀ਼ ਤਾਂ ਅਗਲੇ ਦਿਨੀ ਤਿੱਖੇ ਸੰਘਰਸ਼ਾਂ ਲਈ ਤਿਅਾਰ ਰਹੇ । ਇਸ ਸਮੇਂ ਬਲਾਕ ਦੇ ਅਧਿਆਪਕ ਨਿਸ਼ਾਨ ਸਿੰਘ, ਗੁਰਦਿਆਲ ਸਿੰਘ, ਜਗਦੇਵ ਸਿੰਘ,ਗਨੇਸ਼, ਨਰਿੰਦਰ ਸਿੰਘ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, ਦਲਜੀਤ ਰਾਏ ਆਦਿ ਹਾਜ਼ਰ ਸਨ।