ਹੈਨੋਈ (ਸਮਾਜ ਵੀਕਲੀ) : ਚੀਨ ਤੇ 14 ਹੋਰ ਮੁਲਕ ਵਿਸ਼ਵ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਰਾਜ਼ੀ ਹੋ ਗਏ ਹਨ। ਇਹ ਸੰਸਾਰ ਦਾ ਸਭ ਤੋਂ ਵੱਡਾ ਵਪਾਰਕ ਬਲਾਕ ਹੋਵੇਗਾ। ਏਸ਼ੀਆ ਮਹਾਦੀਪ ਦੀ ਆਰਥਿਕ ਗਤੀਵਿਧੀਆਂ ਦਾ ਤੀਜਾ ਹਿੱਸਾ ਇਸ ਤਹਿਤ ਆਵੇਗਾ। ਬਹੁਤੇ ਮੁਲਕਾਂ ਨੂੰ ਉਮੀਦ ਹੈ ਕਿ ਇਸ ਨਾਲ ਮਹਾਮਾਰੀ ਦੇ ਮਾੜੇ ਅਸਰਾਂ ਤੋਂ ਉੱਭਰਨ ਦਾ ਮੌਕਾ ਮਿਲੇਗਾ।
ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰਸੀਈਪੀ) ’ਤੇ ਅੱਜ ਦਸਤਖ਼ਤ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ 10 ਮੁਲਕਾਂ ਦੇ ਸੰਗਠਨ ‘ਆਸੀਆਨ’ ਦਾ ਸਿਖ਼ਰ ਸੰਮੇਲਨ ਚੱਲ ਰਿਹਾ ਹੈ। ਸਮਝੌਤੇ ’ਤੇ ਆਸੀਆਨ ਮੁਲਕਾਂ, ਚੀਨ, ਜਪਾਨ, ਦੱਖਣੀ ਕੋਰੀਆ, ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਸਹੀ ਪਾਈ ਹੈ। ਮਲੇਸ਼ੀਆ ਦੇ ਵਪਾਰ ਮੰਤਰੀ ਮੁਹੰਮਦ ਅਜ਼ਮੀਨ ਅਲੀ ਨੇ ਕਿਹਾ ਕਿ ਇਸ ਸਮਝੌਤੇ ਲਈ 8 ਸਾਲਾਂ ਤੋਂ ਯਤਨ ਕੀਤੇ ਜਾ ਰਹੇ ਸਨ ਤੇ ਅਖ਼ੀਰ ਇਹ ਸਿਰੇ ਚੜ੍ਹ ਗਿਆ ਹੈ। ਆਰਸੀਈਪੀ ਤਹਿਤ ਇਹ ਸਾਰੇ ਮੁਲਕ ਇਕ-ਦੂਜੇ ਲਈ ਆਪਣੇ ਬਾਜ਼ਾਰ ਖੋਲ੍ਹਣਗੇ।
ਸਮਝੌਤੇ ਤਹਿਤ ਇਹ ਮੁਲਕ ਇਕ-ਦੂਜੇ ਨਾਲ ਵਪਾਰ ਕਰਨ ਵੇਲੇ ਟੈਕਸ ਦਰਾਂ ਹੋਰ ਘਟਾਉਣਗੇ। ਅਧਿਕਾਰੀਆਂ ਮੁਤਾਬਕ ਸਮਝੌਤੇ ਵਿਚ ਭਾਰਤ ਲਈ ਦਰ ਖੁੱਲ੍ਹੇ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਘਰੇਲੂ ਪੱਧਰ ’ਤੇ ਤਿੱਖੇ ਵਿਰੋਧ ਕਾਰਨ ਇਸ ਸਮਝੌਤੇ ਤੋਂ ਹੱਥ ਪਿਛਾਂਹ ਖਿੱਚ ਲਏ ਸਨ। ਭਾਰਤੀ ਬਾਜ਼ਾਰ ਨੂੰ ਬਾਹਰਲੇ ਮੁਲਕਾਂ ਲਈ ਖੋਲ੍ਹੇ ਜਾਣ ਦਾ ਕਈ ਨੁਕਤਿਆਂ ਤੋਂ ਵਿਰੋਧ ਹੋਇਆ ਸੀ। ਸੰਕੇਤਕ ਤੌਰ ’ਤੇ ਇਸ ਸਮਝੌਤੇ ਦੇ ਕਈ ਵੱਡੇ ਅਸਰ ਹੋਣਗੇ।
ਏਸ਼ਿਆਈ ਖਿੱਤਾ ਕਈ ਮੁਲਕਾਂ ਦੇ ਤਾਲਮੇਲ ਨਾਲ ਮੁਕਤ ਵਪਾਰ ਲਈ ਯਤਨ ਕਰ ਰਿਹਾ ਹੈ ਤੇ ਇਸ ਨੂੰ ਭਵਿੱਖੀ ਖ਼ੁਸ਼ਹਾਲੀ ਦੇ ਫਾਰਮੂਲੇ ਵਜੋਂ ਦੇਖਿਆ ਜਾ ਰਿਹਾ ਹੈ। ਆਰਸੀਈਪੀ ਦੀ ਬੈਠਕ ਤੋਂ ਪਹਿਲਾਂ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਜ਼ਾਦ ਤੇ ਨਿਰਪੱਖ ਆਰਥਿਕ ਜ਼ੋਨ ਦੀ ਮਜ਼ਬੂਤੀ ਨਾਲ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਭਾਰਤ ਵੀ ਵਿਚਾਰ ਕਰੇਗਾ ਤੇ ਹੋਰ ਮੁਲਕ ਵੀ ਸ਼ਾਮਲ ਹੋਣਗੇ। ਮਾਹਿਰਾਂ ਮੁਤਾਬਕ ਇਸ ਸਮਝੌਤੇ ਤੋਂ ਚੀਨ ਨੂੰ ਕਾਫ਼ੀ ਲਾਹਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਇਹ ਵੱਡਾ ਬਾਜ਼ਾਰ ਹੈ। ਸਮਝੌਤੇ ਰਾਹੀਂ ਚੀਨ ਨੂੰ ਖ਼ੁਦ ਨੂੰ ‘ਵਿਸ਼ਵੀਕਰਨ ਤੇ ਬਹੁਪੱਖੀ ਸਹਿਯੋਗ’ ਦੇ ਚੈਂਪੀਅਨ ਵਜੋਂ ਪੇਸ਼ ਕਰਨ ਦਾ ਮੌਕਾ ਵੀ ਮਿਲੇਗਾ। ਇਸ ਨਾਲ ਚੀਨ ਦਾ ਖੇਤਰੀ ਵਪਾਰ ’ਤੇ ਰਸੂਖ਼ ਵਧੇਗਾ। ਅਮਰੀਕਾ ਦੇ ਇਸ ਸਮਝੌਤੇ ਦਾ ਹਿੱਸਾ ਬਣਨ ਬਾਰੇ ਹਾਲੇ ਪੱਕੇ ਤੌਰ ਉਤੇ ਕੁਝ ਨਹੀਂ ਕਿਹਾ ਜਾ ਸਕਦਾ।