ਬ੍ਰਿਸਬਨ (ਸਮਾਜਵੀਕਲੀ): ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਅੱਜ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਚੀਨ ਨੇ ਨਸਲਵਾਦ ਦਾ ਦੋਸ਼ ਮੜ੍ਹਦੇ ਹੋਏ ਆਪਣੇ ਪਾੜ੍ਹਿਆਂ ਅਤੇ ਯਾਤਰੀਆਂ ਨੂੰ ਆਸਟਰੇਲੀਆ ਜਾਣ ਤੋਂ ਵਰਜਿਆ ਹੈ। ਵੱਖ-ਵੱਖ ਰੇਡੀਓ ਸਟੇਸ਼ਨਾਂ ’ਤੇ ਆਪਣੇ ਸੰਬੋਧਨਾਂ ’ਚ ਮੌਰੀਸਨ ਨੇ ਕਿਹਾ ਕਿ ਚੀਨ, ਆਸਟਰੇਲੀਆ ਵਿਰੁੱਧ ਵਪਾਰ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਚੀਨ ਦੀਆਂ ਇਨ੍ਹਾਂ ਕੂਟਨੀਤਕ ਸਾਜ਼ਿਸ਼ਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਕਰੋਨਾਵਾਇਰਸ ਦੇ ਪੂਰੀ ਦੁਨੀਆ ਵਿਚ ਫੈਲਣ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਦੀ ਮੰਗ ਕੀਤੀ ਸੀ ਜਿਸ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਚੀਨ ਨਾਲ ਖਿੱਚੋ-ਤਾਣ ਸਿਖਰਾਂ ’ਤੇ ਪਹੁੰਚ ਗਈ ਹੈ। ਆਸਟਰੇਲੀਆ ਨੂੰ ਵਿਦੇਸ਼ੀ ਵਿਦਿਆਰਥੀਆਂ ਤੋਂ ਸਾਲਾਨਾ 26 ਅਰਬ ਡਾਲਰ ਦੀ ਕਮਾਈ ਹੁੰਦੀ ਹੈ। ਚੀਨ ਦੀ ਧਮਕੀ ਨਾਲ ਆਸਟਰੇਲੀਆ ਨੂੰ ਸਿੱਖਿਆ ਖੇਤਰ ਵਿਚ ਘਾਟਾ ਪੈਣ ਦਾ ਖਦਸ਼ਾ ਹੈ।