ਮੈਲਬਰਨ (ਸਮਾਜ ਵੀਕਲੀ) : ਇੱਥੋਂ ਦੇ ਕੇਂਦਰੀ ਚੌਕ ਫੈਡਰੇਸ਼ਨ ਸਕੁਏਰ ’ਚ ਅੱਜ ਪੰਜਾਬੀ ਭਾਈਚਾਰੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।
ਇਸ ਮੌਕੇ ਬੁਲਾਰਿਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਸਨਅਤਕਾਰਾਂ ਦੇ ਮੁਫਾਦਾਂ ਲਈ ਕਿਸਾਨੀ ਹਿੱਤਾਂ ਨੂੰ ਅਣਗੌਲਿਆਂ ਕਰ ਰਹੀ ਭਾਰਤ ਸਰਕਾਰ ਦੀ ਅਲੋਚਨਾ ਕੀਤੀ। ਰੋਸ ਪ੍ਰਦਰਸ਼ਨ ’ਚ ਕਲਾ ਮਾਧਿਅਮਾਂ ਰਾਹੀਂ ਵੱਖ ਵੱਖ ਕਲਾਕਾਰਾਂ ਨੇ ਹਿੱਸਾ ਲਿਆ। ਕਿਸਾਨ ਆਗੂ ਰਕੇਸ਼ ਟਿਕੈਤ ਦੇ ਭਾਵੁਕ ਪਲਾਂ ਦਾ ਕਾਫੀ ਚਰਚਿਤ ਚਿੱਤਰ ਬਣਾਉਣ ਵਾਲੇ ਚਿੱਤਰਕਾਰ ਅਤੇ ਅੱਜ ਦੇ ਮੁਜ਼ਾਹਰੇ ਦੇ ਮੁੱਖ ਪ੍ਰਬੰਧਕਾਂ ’ਚ ਸ਼ਾਮਲ ਰਾਜੀ ਮੁਸੱਵਰ ਨੇ ਸਟੇਜ ’ਤੇ ਹਾਜ਼ਰੀ ਭਰਦਿਆਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਰਤੀਆਂ ਦਾ ਵੀ ਇੱਕ ਚਿੱਤਰ ਤਿਆਰ ਕੀਤਾ। ਇੱਥੋਂ ਦੇ ਜੰਮਪਲ ਬੱਚਿਆਂ ਨੇ ਇੱਕ ਨਾਟਕ ਖੇਡਿਆ ਜਿਸ ’ਚ ਭਾਰਤ ਸਰਕਾਰ ਅਤੇ ਉਸ ਦੇ ਭਾਈਵਾਲ ਮੀਡੀਆ ’ਤੇ ਵਿਅੰਗ ਕੀਤਾ ਗਿਆ ਜਦਕਿ ਕੁੱਝ ਬੱਚਿਆਂ ਨੇ ਕਵਿਤਾਵਾਂ ਸਾਂਝੀਆਂ ਕੀਤੀਆਂ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਬੇਟੀ ਜੋਤੀ ਟਿਕੈਤ ਨੇ ਕਿਸਾਨਾਂ ਦੇ ਹੱਕ ’ਚ ਆਪਣੇ ਵਿਚਾਰ ਸਾਂਝੇ ਕੀਤੇ।
ਗੁਰਤੇਜ ਸਿੰਘ ਸਮਰਾ ਨੇ ਸੰਘਰਸ਼ ਦੌਰਾਨ ਮਨੁੱਖੀ ਅਧਿਕਾਰਾਂ ਦੇ ਕਥਿਤ ਘਾਣ ਬਾਰੇ ਬੋਲਦਿਆਂ ਪੁਲੀਸ ਤਸ਼ੱਦਦ ਦਾ ਸ਼ਿਕਾਰ ਮਜ਼ਦੂਰ ਹੱਕਾਂ ਲਈ ਕਾਰਜਸ਼ੀਲ ਨੌਦੀਪ ਕੌਰ ਲਈ ਤੁਰੰਤ ਇਨਸਾਫ਼ ਲਈ ਆਵਾਜ਼ ਉਠਾਈ। ਅਡਾਨੀ ਰੋਕੋ ਮੁਹਿੰਮ ਦੇ ਬੁਲਾਰੇ ਨੇ ਵਾਤਾਵਰਨ ਖ਼ਿਲਾਫ਼ ਭੁਗਤਦੀ ਸਰਮਾਏਦਾਰੀ ਵਿਰੁੱਧ ਲਾਮਬੰਦੀ ਦਾ ਸੁਨੇਹਾ ਦਿੱਤਾ