ਐਸ.ਏ.ਐਸ ਨਗਰ (ਮੁਹਾਲੀ), 10 ਮਾਰਚ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤਹਿਤ ਅੱਜ ਇੱਥੇ ਪੀਸੀਏ ਸਟੇਡੀਅਮ ਵਿਚ ਹੋਏ ਚੌਥੇ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਭਾਰਤ ਦੀਆਂ 358 ਦੌੜਾਂ ਦੇ ਜਵਾਬ ਵਿੱਚ 48ਵੇਂ ਓਵਰ ਦੀ ਪੰਜਵੀਂ ਗੇਂਦ ਵਿੱਚ ਨਿਰਧਾਰਤ ਟੀਚਾ ਪੂਰਾ ਕਰਕੇ ਜਿੱਤ ਦਰਜ ਕੀਤੀ। ਦਿੱਲੀ ਵਿਖੇ 13 ਮਾਰਚ ਨੂੰ ਲੜੀ ਦਾ ਪੰਜਵਾਂ ਮੈਚ ਫੈਸਲਾਕੁੰਨ ਹੋਵੇਗਾ ਤੇ ਲੜੀ ਦਾ ਫ਼ੈਸਲਾ ਕਰੇਗਾ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸ਼ਿਖ਼ਰ ਧਵਨ ਵੱਲੋਂ ਬਣਾਈਆਂ 143 ਦੌੜਾਂ ਅਤੇ ਰੋਹਿਤ ਸ਼ਰਮਾ ਦੀਆਂ 95 ਦੌੜਾਂ ਵੀ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀਆਂ। ਆਸਟਰੇਲੀਆ ਦੇ ਪੀਟਰ ਹੈਂਡਸਕੰਬ ਨੇ 117, ਉਸਮਾਨ ਖਵਾਜ਼ਾ ਨੇ 91 ਅਤੇ ਐਸਟਨ ਟਰਨਰ ਨੇ ਨਾਬਾਦ ਰਹਿੰਦਿਆਂ ਮਹਿਜ਼ 43 ਗੇਂਦਾਂ ਵਿੱਚ 84 ਰਨ ਬਣਾ ਕੇ ਆਪਣੀ ਟੀਮ ਦੀ ਜਿੱਤ ਲਈ ਵੱਡੀ ਭੂਮਿਕਾ ਨਿਭਾਈ। ਅਲੈਕਸ ਕੈਰੀ ਨੇ 21 ਦੌੜਾਂ ਬਣਾਈਆਂ।ਆਸਟਰੇਲੀਆ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਟੀਮ ਦੇ ਕਪਤਾਨ ਆਰੋਨ ਫਿੰਚ ਬਿਨ੍ਹਾਂ ਕੋਈ ਰਨ ਬਣਾਏ ਪਹਿਲੇ ਓਵਰ ਵਿੱਚ ਹੀ ਭੁਵਨੇਸ਼ਵਰ ਦੀ ਗੇਂਦ ਉੱਤੇ ਆਊਟ ਹੋ ਗਏ। ਚੌਥੇ ਓਵਰ ਦੀ ਤੀਜੀ ਗੇਂਦ ਉੱਤੇ ਬੁਮਰਾਹ ਨੇ ਸ਼ਾਨ ਮਾਰਸ਼ ਨੂੰ ਆਪਣਾ ਸ਼ਿਕਾਰ ਬਣਾਇਆ। ਆਸਟਰੇਲੀਆ ਦੀਆਂ ਬਾਰਾਂ ਦੌੜਾਂ ਦੇ ਸਕੋਰ ਉੱਤੇ ਦੋ ਵਿਕਟਾਂ ਡਿੱਗ ਚੁੱਕੀਆਂ ਸਨ ਪਰ ਇਸ ਮਗਰੋਂ ਆਏ ਬੱਲੇਬਾਜ਼ਾਂ ਉਸਮਾਨ ਖਵਾਜ਼ਾ ਅਤੇ ਪੀਟਰ ਹੈਂਡਸਕੌਂਬ ਨੇ ਪਾਰੀ ਸੰਭਾਲੀ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਐਸਟਨ ਟਰਨਰ ਨੇ ਮੈਚ ਦੇ ਆਖਰੀ ਓਵਰਾਂ ਵਿੱਚ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਜਿੱਤ ਦਿਵਾਉਣ ਵਿੱਚ ਯੋਗਦਾਨ ਪਾਇਆ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਖ਼ਰੀ ਓਵਰਾਂ ਦੀ ਗੇਂਦਬਾਜ਼ੀ ਅਤੇ ਨਮੀ ਨੂੰ ਟੀਮ ਦੀ ਹਾਰ ਲਈ ਜ਼ਿੰਮੇਵਾਰ ਦੱਸਿਆ। ਭਾਰਤ ਵੱਲੋਂ ਯੁਜਵੇਂਦਰ ਚਾਹਲ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਏ। ਜਸਪ੍ਰੀਤ ਬੁਮਰਾ ਛੇ ਅਤੇ ਕੁਲਦੀਪ ਯਾਦਵ ਇੱਕ ਰਨ ਬਣਾਕੇ ਨਾਬਾਦ ਰਹੇ। ਭਾਰਤੀ ਖਿਡਾਰੀਆਂ ਨੇ ਕਈ ਆਸਾਨ ਕੈਚ ਛੱਡੇ।
ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣੀ ਖਰਾਬ ਲੈਅ ਦਾ ਅੰਤ ਕਰਦਿਆਂ 115 ਗੇਂਦਾਂ ਵਿਚ 143 ਦੌੜਾਂ ਦੀ ਪਾਰੀ ਖੇਡੀ ਤੇ ਰੋਹਿਤ ਸ਼ਰਮਾ ਨਾਲ ਵੱਡੀ ਭਾਈਵਾਲੀ ਕੀਤੀ। ਇਸ ਨਾਲ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਚੌਥੇ ਇਕ ਰੋਜ਼ਾ ਕੌਮਾਂਤਰੀ ਮੈਚ ਵਿਚ 9 ਵਿਕਟਾਂ ਉੱਤੇ 358 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਵਿਚ ਮਦਦ ਮਿਲੀ। ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਸਪਾਟ ਪਿੱਚ ’ਤੇ ਪਹਿਲੇ ਵਿਕਟ ਲਈ 193 ਦੌੜਾਂ ਜੋੜੀਆਂ। ਧਵਨ ਨੇ ਇਕ ਰੋਜ਼ਾ ਕ੍ਰਿਕਟ ਵਿਚ ਆਪਣਾ 16ਵਾਂ ਸੈਂਕੜਾ ਜੜਿਆ ਜਦਕਿ ਉਪ ਕਪਤਾਨ ਰੋਹਿਤ (92 ਗੇਂਦਾਂ ਵਿਚ 95 ਦੌੜਾਂ) ਆਪਣੇ 23 ਸੈਂਕੜੇ ਤੋਂ ਖੁੰਝ ਗਏ। ਆਸਟਰੇਲਿਆਈ ਗੇਂਦਬਾਜ਼ ਪੈਟ ਕਮਿਨਸ (ਦਸ ਓਵਰਾਂ ਵਿਚ 70 ਦੌੜਾਂ ਦੇ ਕੇ ਪੰਜ ਵਿਕਟਾਂ) ਤੇ ਜੌਏ ਰਿਚਰਡਸਨ ਨੇ 3 ਵਿਕਟਾਂ ਲਈਆਂ।
Sports ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਲੜੀ ਬਰਾਬਰ ਕੀਤੀ