ਆਸ਼ੀਸ਼ ਕਪੂਰ ਨਾਲ ਸਬੰਧਿਤ ਵੱਖਰੇ ਮਾਮਲੇ ਵਿੱਚ ਪੁਲੀਸ ਸ਼ਿਕਾਇਤ ਅਥਾਰਿਟੀ ਵੱਲੋਂ ਸਪੈਸ਼ਲ ਡੀਜੀਪੀ ਚੌਹਾਨ ਤਲਬ

ਚੰਡੀਗੜ੍ਹ (ਸਮਾਜ ਵੀਕਲੀ) : ਪੁਲੀਸ ਸ਼ਿਕਾਇਤ ਅਥਾਰਿਟੀ ਨੇ ਏਆਈਜੀ ਆਸ਼ੀਸ਼ ਕਪੂਰ ਦੇ ਫਿਰੌਤੀ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਸਪੈਸ਼ਲ ਡੀਜੀਪੀ ਸ਼ਰਦ ਸੱਤਿਆ ਚੌਹਾਨ ਨੂੰ ਤਲਬ ਕਰ ਲਿਆ ਹੈ। ਏਆਈਜੀ ਆਸ਼ੀਸ਼ ਕਪੂਰ ਪਹਿਲਾਂ ਹੀ ਇੱਕ ਕਰੋੜ ਦੇ ਰਿਸ਼ਵਤ ਦੇ ਇਲਜ਼ਾਮਾਂ ਤਹਿਤ ਵਿਜੀਲੈਂਸ ਬਿਊਰੋ ਦੀ ਗ੍ਰਿਫ਼ਤ ਵਿਚ ਹਨ। ਹੁਣ ਜਦੋਂ ‘ਆਪ’ ਸਰਕਾਰ ਨੇ ਆਸ਼ੀਸ਼ ਕਪੂਰ ਨੂੰ ਹੱਥ ਪਾ ਲਿਆ ਹੈ ਤਾਂ ਇਸ ਪੁਲੀਸ ਅਧਿਕਾਰੀ ਨਾਲ ਜੁੜੇ ਹੋਰ ਮਾਮਲੇ ਖੁੱਲ੍ਹਣ ਦੀ ਵੀ ਸੰਭਾਵਨਾ ਬਣ ਗਈ ਹੈ।

ਸਾਬਕਾ ਆਈਏਐਸ ਅਧਿਕਾਰੀ ਸਤੀਸ਼ ਚੰਦਰਾ ਦੀ ਅਗਵਾਈ ਹੇਠਲੀ ਪੁਲੀਸ ਸ਼ਿਕਾਇਤ ਅਥਾਰਿਟੀ ਨੇ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ ਅਤੇ ਸਪੈਸ਼ਲ ਡੀਜੀਪੀ ਸ਼ਰਦ ਸੱਤਿਆ ਚੌਹਾਨ ਨੂੰ 14 ਅਕਤੂਬਰ ਨੂੰ ਅਥਾਰਿਟੀ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਚੇਤੇ ਰਹੇ ਕਿ ਸ਼ਰਦ ਸੱਤਿਆ ਚੌਹਾਨ ਦੀ ਅਗਵਾਈ ਹੇਠ ਮੁਹਾਲੀ ਵਿਚ ਦਰਜ ਹੋਈ ਐਫਆਈਆਰ ਨੰਬਰ 03/2019 ਦੀ ਜਾਂਚ ਦੇ ਸੰਦਰਭ ਵਿਚ 20 ਜਨਵਰੀ 2020 ਨੂੰ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਮਹਿਲਾ ਪੂਨਮ ਰਾਜਨ ਵੱਲੋਂ ਪੁਲੀਸ ਸ਼ਿਕਾਇਤ ਅਥਾਰਿਟੀ ਨੂੰ ਪੱਤਰ ਦੇ ਕੇ ਆਸ਼ੀਸ਼ ਕਪੂਰ ਅਤੇ ਹੋਰਨਾਂ ’ਤੇ ਦਰਜ ਪੁਲੀਸ ਕੇਸ ਦੀ ਵਿਸ਼ੇਸ਼ ਜਾਂਚ ਜਨਵਰੀ 2020 ਤੋਂ ਪੈਂਡਿੰਗ ਹੋਣ ਦਾ ਮਾਮਲਾ ਉਠਾਇਆ ਹੈ। ਇਸ ਮਹਿਲਾ ਵੱਲੋਂ ਦੋ ਇਲਜ਼ਾਮ ਲਗਾਏ ਗਏ ਹਨ; ਇੱਕ ਹਿਰਾਸਤ ਵਿਚ ਬਲਾਤਕਾਰ ਹੋਣ ਦਾ ਅਤੇ ਦੂਸਰਾ ਫਿਰੌਤੀ ਵਸੂਲਣ ਦਾ। ਬਲਾਤਕਾਰ ਦੇ ਇਲਜ਼ਾਮਾਂ ਦੀ ਤਾਂ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਕੀਤੀ ਜਦੋਂ ਕਿ ਫਿਰੌਤੀ ਮਾਮਲੇ ਬਾਰੇ ਕੋਈ ਪੜਤਾਲ ਨਹੀਂ ਕੀਤੀ ਸੀ।

ਸਿਟ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਦੀ ਪੜਤਾਲ ਅਥਾਰਿਟੀ ਕਰਨਾ ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਆਸ਼ੀਸ਼ ਕਪੂਰ ਦੇ ਪੱਖ ਵਿਚ ਭੁਗਤੀ ਸੀ। ਜੂਨ 2019 ਵਿਚ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਪੜਤਾਲ ਰਿਪੋਰਟ ਵਿਚ ਆਸ਼ੀਸ਼ ਕਪੂਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਸੀ। 8 ਜੂਨ 2019 ਨੂੰ ਪੂਨਮ ਰਾਜਨ ਨੇ ਲਿਖਤੀ ਬਿਆਨਾਂ ਵਿਚ ਜ਼ੀਰਕਪੁਰ ਥਾਣੇ ਵਿਚ ਜ਼ਬਰਦਸਤੀ ਅਤੇ ਸਰੀਰਕ ਤਸ਼ੱਦਦ ਹੋਣ ਦੀ ਗੱਲ ਆਖੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਆਸ਼ੀਸ਼ ਕਪੂਰ ਦੀ ਵਿਜੀਲੈਂਸ ਵਿਚ ਤਾਇਨਾਤੀ ਸੀ। ਅਮਰਿੰਦਰ ਸਿੰਘ ਦੇ ਨਾਲ ਜੁੜੇ ਉੱਚ ਅਫ਼ਸਰਾਂ ਦਾ ਹੱਥ ਆਸ਼ੀਸ਼ ਕਪੂਰ ’ਤੇ ਰਿਹਾ ਜਿਸ ਵਜੋਂ ਉਹ ਕਿਸੇ ਵੀ ਕਾਰਵਾਈ ਤੋਂ ਸਾਫ਼ ਬਚਦੇ ਰਹੇ। ਇੱਥੋਂ ਤੱਕ ਕਿ ਵਿਸ਼ੇਸ਼ ਜਾਂਚ ਟੀਮ ਨੇ ਵੀ ਉਨ੍ਹਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਜਦੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਵਾਲੀ ਜਾਂਚ ਰਿਪੋਰਟ ਆਸ਼ੀਸ ਕਪੂਰ ਦੇ ਖ਼ਿਲਾਫ਼ ਭੁਗਤਦੀ ਜਾਪੀ ਤਾਂ ਮੁੱਖ ਮੰਤਰੀ ਦਫ਼ਤਰ ਦੇ ਤਤਕਾਲੀ ਉੱਚ ਅਫ਼ਸਰਾਂ ਨੇ ਵਿਸ਼ੇਸ਼ ਜਾਂਚ ਟੀਮ ਬਣਾ ਕੇ ਨਵੇਂ ਸਿਰਿਓਂ ਜਾਂਚ ਸ਼ੁਰੂ ਕਰਾ ਦਿੱਤੀ ਸੀ। ਪੂਨਮ ਰਾਜਨ ਅਤੇ ਆਸ਼ੀਸ਼ ਕਪੂਰ ਦੇ ਸਬੰਧਾਂ ਅਤੇ ਆਪਸੀ ਖਟਾਸ ਦੀ ਲੰਮੀ ਕਹਾਣੀ ਹੈ। ਪੂਨਮ ਵੱਲੋਂ ਵੱਖ ਵੱਖ ਥਾਵਾਂ ’ਤੇ ਦਿੱਤੇ ਬਿਆਨਾਂ ਵਿਚ ਕਿਤੇ ਆਸ਼ੀਸ਼ ਕਪੂਰ ਨਾਲ ਸਰੀਰਕ ਸਬੰਧਾਂ ਲਈ ਸਹਿਮਤ ਹੋਣ ਦੀ ਗੱਲ ਆਖੀ ਗਈ ਹੈ ਅਤੇ ਕਿਤੇ ਬਲਾਤਕਾਰ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਹੁਣ ਜਦੋਂ ਵਿਜੀਲੈਂਸ ਨੇ ਆਸ਼ੀਸ਼ ਕਪੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਕਹਾਣੀ ਹੋਰ ਅੱਗੇ ਵਧਣ ਦੀ ਸੰਭਾਵਨਾ ਬਣ ਗਈ ਹੈ। ਏਆਈਜੀ ਆਸ਼ੀਸ਼ ਕਪੂਰ ਨੇ ਹੀ ਸਿੰਚਾਈ ਘੁਟਾਲੇ ਦੀ ਜਾਂਚ ਕੀਤੀ ਸੀ। ਇਸ ਜਾਂਚ ’ਤੇ ਵੀ ਸੁਆਲ ਉੱਠਣ ਲੱਗੇ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੋਣ ਹੋਣ ਤੱਕ ਐਡਹਾਕ ਕਮੇਟੀ ਦੇਖੇਗੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ: ਖੱਟਰ
Next articleਉਗਰਾਹਾਂ ਵੱਲੋਂ ਭਗਵੰਤ ਮਾਨ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ