ਆਸ਼ਰਮ ਵੱਲੋਂ ਪਰਿਵਾਰ ਨੂੰ ਸੌਂਪੀ ਜਸਮੀਤ ਕੌਰ ਨਿੱਕਲੀ ਆਸ਼ਾ ਰਾਣੀ, ਦੱਸਿਆ ਵਿਆਹੁਤਾ ਪਰ ਸੀ ਕੁਆਰੀ

ਆਸ਼ਰਮ ਵਿੱਚ ਮਿਲਣ ਸਮੇਂ ਭਰਾ-ਭੈਣ ਦੇ ਵਿਚਕਾਰ ਆਸ਼ਾ ਰਾਣੀ

(ਸਮਾਜ ਵੀਕਲੀ)- ਪਿੰਡ ਸਰਾਭਾ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ‘ਚ ਰਹਿਣ ਵਾਲੀ ਜਸਮੀਤ ਕੌਰ ਉਰਫ਼ ਸਿਮਰਨ ਕੌਰ ਦਾ ਅਸਲੀ ਨਾਉਂ ਸੀ ਆਸ਼ਾ ਰਾਣੀ। ਦੱਸਦੀ ਸੀ ਸ਼ਾਦੀ-ਸ਼ੁਦਾ ਪਰ ਸੀ ਕੁਆਰੀ। ਪਿੰਡ ਦੱਸਦੀ ਸੀ ਲੁਧਿਆਣੇ ਕੋਲ ਗੌਂਸਪੁਰ, ਪਰ ਸੀ ਰਾਜਪੁਰੇ ਦੀ । ਇਹ ਅਸਲੀਅਤ ਉਦੋਂ ਸਾਹਮਣੇ ਆਈ ਜਦੋਂ ਰਾਜਪੁਰੇ ਤੋਂ ਲੱਭੇ ਆਸ਼ਾ ਰਾਣੀ ਦੇ ਭੈਣ-ਭਰਾ ਨੇ ਦੱਸਿਆ ਕਿ ਇਸ ਦਾ ਨਾਉਂ ਆਸ਼ਾ ਰਾਣੀ ਹੈ ਅਤੇ ਅਜੇ ਕੁਆਰੀ ਹੈ।

ਇਹ ਕੋਈ ਅਸਚਰਜ ਵਾਕਿਆ ਨਹੀਂ ਹੈ । ਦਿਮਾਗੀ ਸੰਤੁਲਨ ਗੁਆ ਚੁੱਕੇ ਮਰੀਜ਼ ਇਸ ਤਰ੍ਹਾਂ ਦੀਆਂ ਗੱਲਾਂ ਆਮ ਕਰਦੇ ਹਨ। ਬੀਤੀ 10-11 ਅਪ੍ਰੈਲ ਦੀ ਰਾਤ ਦੇ ਇੱਕ ਵਜੇ ਜੋਧਾਂ ਪੁਲਿਸ ਆਸ਼ਰਮ ਵਿੱਚ ਇਸ ਲੜਕੀ ਨੂੰ ਲੈ ਕੈ ਆਈ ਜੋ ਕਿ ਅੱਧੀ ਰਾਤ ਗਈ ਜੋਧਾਂ ਪਿੰਡ ਦੀ ਸੜਕ ਤੇ ਇਕੱਲੀ ਬੈਠੀ ਸੀ । ਆਸ਼ਰਮ ਦੇ ਫ਼ਾਊਂਡਰ ਡਾ. ਨੌਰੰਗ ਸਿੰਘ ਮਾਂਗਟ ਨੇ ਉਸੇ ਸਮੇਂ ਖ਼ੁਦ ਇਸ ਲੜਕੀ ਨੂੰ ਆਸ਼ਰਮ ਵਿੱਚ ਦਾਖ਼ਲ ਕੀਤਾ । ਇਸ ਨੇ ਆਪਣਾ ਨਾਉਂ ਜਸਮੀਤ ਕੌਰ ਉਰਫ਼ ਸਿਮਰਨ ਕੌਰ ਅਤੇ ਸ਼ਾਦੀ-ਸ਼ੁਦਾ ਦੱਸਿਆ, ਪਿੰਡ ਗੌਂਸਪੁਰ ਦੱਸਿਆ। ਪਰ ਇਸ ਦੀਆਂ ਗੱਲਾਂ ਤੋਂ ਲਗਦਾ ਸੀ ਕਿ ਇਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਆਸ਼ਰਮ ਵਿੱਚ ਇਸ ਦਾ 8 ਮਹੀਨੇ ਇਲਾਜ ਹੋਣ ਤੋਂ ਬਾਅਦ ਇਸ ਨੂੰ ਆਪਣੇ ਭਰਾ ਦਾ ਫੋਨ ਨੰਬਰ ਯਾਦ ਆ ਗਿਆ । ਸੰਪਰਕ ਕਰਕੇ ਜਦੋਂ ਰਾਜਪੁਰੇ ਤੋਂ ਇਸ ਦੇ ਭੈਣ-ਭਰਾ ਨੂੰ ਬੁਲਾਇਆ ਤਾਂ ਸਾਰੀ ਹਕੀਕਤ ਸਾਹਮਣੇ ਆਈ। ਇਸ ਦੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਦਿਮਾਗੀ ਸੰਤੁਲਨ ਵਿਗੜਨ ਸਮੇਂ ਆਸ਼ਾ ਰਾਣੀ ਬੀ.ਏ ਭਾਗ ਪਹਿਲਾ ਵਿੱਚ ਪੜ੍ਹ ਰਹੀ ਸੀ । ਇੱਕ ਦਿਨ ਇਹ ਘਰੋਂ ਨਿਕਲ ਗਈ ਅਤੇ ਘਰ ਦਾ ਰਸਤਾ ਭੁੱਲ ਗਈ। ਇਸ ਨੂੰ ਬਹੁਤ ਢੂੰਢਿਆ ਪਰ ਕਿਤੋਂ ਨਾ ਮਿਲੀ।

ਆਸ਼ਰਮ ਦੇ ਮੌਜੂਦਾ ਪ੍ਰਧਾਨ ਚਰਨ ਸਿੰਘ ਨੇ ਸਾਰੀ ਪੁੱਛ ਪੜਤਾਲ ਕਰਨ ਤੋਂ ਬਾਅਦ ਆਸ਼ਾ ਰਾਣੀ ਨੂੰ ਉਸ ਦੇ ਭਰਾ ਸੰਜੀਵ ਕੁਮਾਰ ਅਤੇ ਭੈਣ ਮੋਨਿਕਾ ਰਾਣੀ ਨਾਲ ਘਰ ਭੇਜ ਦਿੱਤਾ । ਰਾਜਪੁਰੇ ਤੋਂ ਆਏ ਦੋਨਾਂ-ਭੈਣ ਭਰਾਵਾਂ ਨੇ ਆਸ਼ਾ ਰਾਣੀ ਦੀ ਚੰਗੀ ਦੇਖ-ਭਾਲ ਕਰਨ ਅਤੇ ਇਲਾਜ ਲਈ ਆਸ਼ਰਮ ਦੇ ਪ੍ਰਬੰਧਕਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ । ਇਸ ਤੋਂ ਪਹਿਲਾਂ ਵੀ ਦਿਮਾਗੀ ਸੰਤੁਲਨ ਗੁਆ ਚੁੱਕੇ ਅਜਿਹੇ ਕਾਫ਼ੀ ਮਰੀਜ਼ਾਂ ਦਾ ਇਲਾਜ ਹੋਣ ਉਪਰੰਤ ਆਪਣਾ ਪਿਛੋਕੜ ਯਾਦ ਆਉਣ ਤੇ ਉਹਨਾਂ ਦੇ ਪਰਿਵਾਰਾਂ ਕੋਲ ਭੇਜਿਆ ਜਾ ਚੁੱਕਾ ਹੈ।

ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਲਾਵਾਰਸ, ਬੇਸਹਾਰਾ, ਬੇਘਰ ਮਰੀਜ਼ ਰਹਿੰਦੇ ਹਨ । ਜ਼ਿਆਦਾਤਰ ਅਪਾਹਜ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਮਰੀਜ਼ ਹਨ । ਬਾਕੀ ਦੇ ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ., ਕੈਂਸਰ ਆਦਿ ਬਿਮਾਰੀਆਂ ਨਾਲ ਪੀੜਤ ਹਨ। ਇਹਨਾਂ ਵਿੱਚੋਂ 60-70 ਮਰੀਜ਼ ਅਜਿਹੇ ਹਨ ਜਿਹੜੇ ਹੋਸ਼-ਹਵਾਸ਼ ਨਾ ਹੋਣ ਕਾਰਨ ਮਲ-ਮੂਤਰ ਕੱਪੜਿਆਂ ਵਿੱਚ ਹੀ ਕਰਦੇ ਹਨ ਅਤੇ ਆਪਣਾ ਨਾਉਂ ਜਾਂ ਘਰ-ਬਾਰ ਵਾਰੇ ਨਹੀਂ ਦੱਸ ਸਕਦੇ। ਇਹਨਾਂ ਮਰੀਜ਼ਾਂ ਦੀ ਦੇਖ-ਭਾਲ ਲਈ 18 ਕਰਮਚਾਰੀ (ਡਾਕਟਰ, ਨਰਸ, ਫਾਰਮਾਸਿਸਟ ਅਤੇ 15 ਹੋਰ) ਤਨਖਾਹ ਤੇ ਕੰਮ ਕਰਦੇ ਹਨ । ਕਿਸੇ ਮਰੀਜ਼ ਤੋਂ ਕੋਈ ਖ਼ਰਚਾ ਨਹੀਂ ਲਿਆ ਜਾਂਦਾ । ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ। ਇਸ ਸੰਸਥਾ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਕੈਲਗਰੀ ਆਏ ਹੋਏ ਹਨ। ਉਹਨਾਂ ਦਾ ਸੰਪਰਕ ਹੈ: ਸੈੱਲ (ਕੈਨੇਡਾ): 403-401-8787, ਮੋਬ.(ਇੰਡੀਆ):95018-42506.

 

Previous articleFirst vaccines will go to healthcare workers: US panel
Next articleमौजूदा किसान आंदोलन की दिशा