*ਆਮ ਆਦਮੀ ਦੀ ਆਵਾਜ਼-43*

(ਸਮਾਜ ਵੀਕਲੀ)

*ਝੱਖੜਾਂ ‘ਚ ਦੀਵੇ ਕਿਵੇਂ ਬਾਲੀਏ!*

ਜਦੋਂ, ਮੈਂ, ਇਕੱਲਾ ਹੁੰਦਾ ਹਾਂ,…ਤਾਂ ਇਕੱਲਾ ਕਿੱਥੇ ਹੁੰਦਾ ਹਾਂ! ਬਲਕਿ ਕੋਈ ਮੇਰੇ ਨਾਲ਼ ਨਾਲ਼ ਹੁੰਦਾ ਐ!!! ਇਹ “ਕੋਈ” ਹੋਰ ਨਹੀਂ, ਦਰਅਸਲ ਧੁਰ ਅੰਦਰ ਤਕ ਸੋਚਸ਼ੀਲ ਮੇਰਾ “ਸਵੈ” ਹੁੰਦਾ ਹੈ, ਉਹ ਨਿੱਜ ਦੀ ਹੱਦਬੰਦੀ ਤੋਂ ਨਿਕਲ ਕੇ ਵਿਰਾਟ ਹੋ ਜਾਣ ਲਈ ਜੱਦੋਜਹਿਦ ਕਰਦਾ ਰਹਿੰਦਾ ਹੈ।

ਨਿੱਜੀ ਤੇ ਜਨਤਕ ਮਤਲਬ ਕਈ ਸਮੱਸਿਆਵਾਂ ਮੇਰੇ ਜ਼ਿਹਨ ਵਿਚ ਘੁੰਮਦੀਆਂ ਹੁੰਦੀਆਂ ਨੇ। ਸਾਡੇ ਸਮਾਜਕ ਤੇ ਸਿਆਸੀ ਨਿਜ਼ਾਮ ਵਿਚ ਸਮੱਸਿਆਵਾਂ ਦਾ ਕੋਈ ਅੰਤ ਨਹੀਂ ਹੈ। ਕੁਝ ਸਾਲ ਪਹਿਲਾਂ, ਗੁਆਂਢੀ ਸੂਬੇ ਹਰਿਆਣਾ ਦੇ ਸਿਰਸਾ ਇਲਾਕੇ ਨਾਲ ਵਾਬਸਤਾ ਅਤੇ ਬਹੁ ਗੁਣੀ ਪਰਚਾਰਿਆ ਸਾਧ ਬੇਨਕਾਬ ਹੋਇਆ ਤਾਂ ਉਹਦੇ ਨਾਲ ਸਬੰਧਤ ਬਹੁਤ ਸਾਰੇ ਪੱਖ ਉਜਾਗਰ ਹੋਣ ਲੱਗੇ। ਇਕਦਮ ਉਸ ਨੂੰ ਅਰਸ਼ ਤੋਂ ਫ਼ਰਸ਼ ‘ਤੇ ਲਿਆ ਕੇ ਸੁੱਟ ਦਿੱਤਾ ਗਿਆ, ਹਾਲਾਂਕਿ ਮਾਮਲਾ ਕੁਝ ਹੋਰ ਹੀ ਹੈ।

ਉਹ ਇਕੱਲਾ ਤਾਂ ਨਹੀਂ ਠੱਗੀ-ਠੋਰੀ ਦੇ ਇਸ ਧੰਦੇ ਵਿਚ! ਜਿਹੜਾ ਨਹੀਂ ਫੜਿਆ ਜਾਂਦਾ, ਬੱਸ ਓਹੀ ‘ਸਾਧ’ ਐ। ਰੰਗੀਲੇ ‘ਮਲਟੀ ਟੈਲੇਂਟਿਡ’ ਬਾਬੇ ਦੇ ਬਹੁ ਰੰਗੇ ਕੱਪੜੇ, ਰੌਕਸਟਾਰ ਵਾਲਾ ਅੰਦਾਜ਼, ਇਕ ਤੋਂ ਬਾਅਦ ਇਕ ਕਈ ਫਿਲਮਾਂ ਵਗੈਰਾ, ਸਭ ਗ਼ੁਲਾਮ ਜ਼ਿਹਨੀਅਤ ਵਾਲੀ ਤਕਨੀਕੀ ਟੀਮ ਦਾ ਪ੍ਰਾਪੇਗੰਡਾ ਸੀ।

ਸਾਨੂੰ ਇਨ੍ਹਾਂ ਦੇ ਇਕ ਨੇੜਲੇ ਸੂਤਰ ਤੇ ਘਰ ਦੇ ਭੇਤੀ ਨੇ ਦੱਸਿਆ ਹੈ ਕਿ ਇਨ੍ਹਾਂ ਕੋਲ ਮੰਚ ‘ਤੇ ਪੇਸ਼ ਹੋਣ ਤੋਂ ਪਹਿਲਾਂ ਮੇਕਅੱਪ ਮਾਹਿਰਾਂਦੀ ਟੀਮ ਹੁੰਦੀ ਸੀ, ਜਿਹੜੀ ‘ਮੌਕੇ-ਮੇਲ’ ਮੁਤਾਬਕ ਹਨੀ ਤੇ ਗੁਰਮੀਤ ਨੂੰ ਕੱਪੜਿਆਂ ਤੇ ਪੇਸ਼ਕਾਰੀ ਦਾ ਸੁਝਾਅ ਦਿੰਦੀ ਸੀ, ਬਾਬੇ ਤੇ ਹਨੀ ਪ੍ਰੀਤ ਦੀ ਚਮੜੀ ਨੂੰ ਦਮਕਦੀ ਵਿਖਾਉਣ ਲਈ ਬਾਕਾਇਦਾ ਪੈਰਿਸ (ਫਰਾਂਸ) ਤੋਂ ਮੰਗਾਏ ਮੇਕਅੱਪ ਨਾਲ ਸ਼ੰਗਾਰਿਆ ਜਾਂਦਾ ਸੀ।

ਆਲੀਸ਼ਾਨ ਸਮਾਗਮਾਂ ਵਿਚ ਜਿਹੜੀ ਭੀੜ ਅਸੀਂ ਦੇਖਦੇ ਸੀ, ਉਨ੍ਹਾਂ ਵਿੱਚੋਂ ਵੀ ਪੈਰੋਕਾਰ ਘੱਟ ਤੇ ਪੈਸੇ ਜਾਂ ਹੋਰ ਲਾਲਚ ਦੇ ਕੇ ਲਿਆਂਦੇ ਗਏ ਮਜਬੂਰ ਜਾਂ ਗੁਮਰਾਹ ਬੰਦੇ ਵਧੇਰੇ ਹੁੰਦੇ ਸਨ। ਮਕਸਦ ਇਹ ਹੁੰਦਾ ਸੀ ਕਿ ਵੇਖਣ ਵਾਲਿਆਂ ਨੂੰ ਇਵੇਂ ਲੱਗੇ ਜਿਵੇਂ ਇਹ ਆਮ ਲੋਕ ਨਹੀਂ ਹਨ, ਸਗੋਂ ਅਵਤਾਰੀ ਬੰਦੇ ਹਨ। ਪੁਜਾਰੀ ਨੇ ਜਦੋਂ ਅਨੇਕ ਵਰ੍ਹੇ ਪਹਿਲਾਂ ਪਰਮੇਸਰ ਦੀ ਵਿਆਖਿਆ ਰਚੀ ਸੀ, ਉਦੋਂ ਹੀ ਅਵਤਾਰੀ ਵਿਅਕਤੀ ਵਾਲੀ ਕਹਾਣੀ ਘੜ੍ਹਨੀ ਪਈ ਹੋਵੇਗੀ। ਸਾਡੇ ਲਾਗੇ ਇਕ ਪਿੰਡ ਹੈ, ਸਲਾਲਾ ਓਥੇ ਇਕ ਇਹੋ ਜਿਹਾ ਸੱਜਣ ਬੜਾ ਮਸ਼ਹੂਰ ਹੁੰਦਾ ਸੀ। ਓਹ ਦੱਸਦਾ ਹੁੰਦਾ ਸੀ, ਰੱਬਾ ਤੂੰ ਹੀ ਤੂੰ ਆ, ਬਾਕੀ ਸਾਰੇ “ਊਂ” ਆ। ਯੁਗਾਂ ਤੋਂ ਅਵਤਾਰੀ ਕਹਾਣੀ ਮਨੁੱਖ ਦੇ ਅਚੇਤ ਮਨ ਵਿਚ ਘੁਸਪੈਠ ਕਰਵਾ ਦਿੱਤੀ ਗਈ ਐ। ਕੋਈ ਵਿਰਲਾ ਈ ਏਸ ਮਾਨਸਿਕਤਾ ਵਿੱਚੋਂ ਨਿੱਕਲਦੈ। ਖ਼ੈਰ..!

(2)
ਇਸ ਵਿਚ ਮਜ਼ਾ ਲੈਣ ਦੀ ਜਾਂ ਮਸਾਲੇ ਲਾ ਲਾ ਕੇ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈ। ਤਸਵੀਰ ਵਿਚ ਨਜ਼ਰ ਆਉਂਦੇ ਏਸ ਪ੍ਰਵਚਨ ਕਰਤਾ ਨੇ ਇਕ ਤਲਿਸਮ ਰਚਿਆ। ਜਾਂ ਕਹਿ ਲਓ ਕਿ ਆਮ ਲੋਕਾਂ ਦੇ ਅਸਲੀ ਮਸਲਿਆਂ ਤੋਂ ਆਮ ਬੰਦੇ ਨੂੰ ਬੇਗਾਨਾ ਕਰੀਂ ਰੱਖਣ ਲਈ ਖ਼ਿਆਲੀ ਵਿਚਾਰਾਂ ਦਾ ਜਾਲ ਬੁਣਿਆ। Inrelevant ਵਿਚਾਰ ਖਲਾਰ ਕੇ ਠੱਗ ਸਾਧੜੇ ਆਪਣਾ ਕਾਰੋਬਾਰ ਵਧਾਉਂਦੇ ਹਨ। ਤੁਸੀਂ ਦੱਸੋ ਕੀ ਹੁਣ ਕਲਯੁਗ ਐ? ਹਰ ਬੀਮਾਰੀ ਦਾ ਇਲਾਜ ਲਭਿਆ ਜਾ ਰਿਹਾ ਐ। ਲੋਕ ਹਵਾਈ ਜਹਾਜ਼ਾਂ ਉੱਤੇ ਉਡਾਰੀਆਂ ਮਾਰ ਰਹੇ ਨੇ। ਹਰ ਹੱਥ ਵਿਚ ਮੋਬਾਈਲ ਫੋਨ ਹੈ। ਸਾਇੰਸ ਤੱਰਕੀ ਉੱਤੇ ਹੈ। ਪੁਰਾਣੇ ਰਾਜੇ ਮਹਾਰਾਜੇ ਸਾਡੇ ਬਜ਼ੁਰਗਾਂ ਦਾ ਖੂਨ ਚੂਸਦੇ ਹੁੰਦੇ ਸਨ, ਪੈਰੀਂ ਚੱਪਲ ਨਹੀਂ ਹੁੰਦੀ ਸੀ। ਜਗੀਰਦਾਰਾਂ ਨੇ ਅਤਿ ਚੁੱਕੀ ਸੀ, ਓਹ ਦੌਰ ਸਤਿਯੁਗ ਸੀ। ਵਾਹ..! ਵਾਹ।

ਗਿਰਫਤਾਰੀ ਮਗਰੋਂ ਸੁਨਾਰੀਆ ਜੇਲ੍ਹ ਵਿਚ ਬੰਦ ਸਿਰਸੇ ਵਾਲਾ, ਖ਼ੁਦ ਤਾਂ ਏਨੇ ਜੋਗਾ ਨਹੀਂ ਸੀ, ਬੱਚਿਆਂ ਦੀ ਵੈਨ ਚਲਾਉਂਦਾ ਸੀ ਤੇ ਇਕ ਸਕੂਲ ਦੇ ਮਾਲਕਾਂ ਨੇ ਡਰਾਈਵਰ ਦੀ ਪੋਸਟ ਉੱਤੇ ਰੱਖਿਆ ਸੀ। ਓਹਦੀ ਕਿਰਤ ਨੂੰ ਕੋਈ ਮੇਹਣਾ ਨਹੀਂ ਹੈ ਪਰ ਓਹ ਬੰਦਾ ਗਹਿਰਾਈ ਜਾਂ ਲਿਆਕਤ ਵਾਲਾ ਨਹੀਂ ਸੀ, ਨਹੀਂ ਹੈ, ਸਗੋਂ ਜੁਗਾੜੀ ਸੀ। ਅੱਜਕਲ੍ਹ ਉਹ ਜੇਲ੍ਹ ਵਿਚ ਬੰਦ ਹੈ। ਦਾੜ੍ਹੀ ਚਿੱਟੀ ਹੋ ਗਈ ਹੈ, ਵਧੀਆ ਖ਼ਿਜ਼ਾਬ ਨਹੀਂ ਮਿਲ ਰਿਹਾ। ਓਹਦੇ ਕੋਲੋਂ ਆਪਣੀ ਸ਼ਕ਼ਲ ਪਛਾਣਨੀ ਔਖੀ ਹੋ ਚੁੱਕੀ ਹੈ। ਕਿੱਥੇ ਰੰਗ ਰਲੀਆਂ ਤੇ ਕਿੱਥੇ ਬੰਦੀਖਾਨਾ।
****

ਫੇਰ, ਰਾਜਸਥਾਨ ਨਾਲ ਸਬੰਧਤ ਇਕ ਜਣਾ, ਜਿਹੜਾ ਇਹਦਾ ਰਿਸ਼ਤੇਦਾਰ ਸੀ। ਓਹਦੇ ਨਾਲ ਸਾਂਝ ਪੈ ਗਈ। ਰਾਜਸਥਾਨ ਵਾਲਾ ਬੰਦਾ ਡੇਰੇ ਆਉਂਦਾ ਹੁੰਦਾ ਸੀ। ਓਹ ਦੋਗਲਾ ਬੰਦਾ ਇਕ ਪਾਸੇ ਖਾਲਸਤਾਨ ਬਣਾਉਣ ਤੁਰਿਆ ਸੀ, ਦੂਜੇ ਪਾਸੇ ਜਾਤ ਬਰਾਦਰੀ ਤੇ ਜਗੀਰੂ ਕੁ-ਸੋਚਾਂ ਦਾ ਡੰਗਿਆ ਹੋਣ ਕਰਕੇ ਰਾਜਸਥਾਨੀ, ਸ਼ਾਹ ਜੀ ਦੇ ਡੇਰੇ ਉੱਤੇ ਆਪਣੇ ਭਾਈਚਾਰੇ ਦੇ ਬੰਦੇ ਦਾ ਕਬਜ਼ਾ ਵੇਖਣਾ ਲੋਚਦਾ ਸੀ। ਫੇਰ, ਜੋ ਕੁਝ ਹੋਇਆ, ਬਹੁਤਿਆਂ ਨੂੰ ਪਤਾ ਹੈ। ਗੁਰਮੀਤ ਨੂੰ ਗੱਦੀ ਦੁਆ ਦਿੱਤੀ ਗਈ। ਫੇਰ ਏਸ ਡੇਰੇ ਦੇ ਅਵਤਾਰੀ ਲੋਕ ਹਰਿਆਣੇ ਦੇ ਵੋਟ ਬੈਂਕ ਸਮਝੇ ਜਾਣ ਲੱਗੇ। ਹਰਿਆਣੇ ਦਾ ਦੁੱਕੀ ਤਿੱਕੀ ਸਿਆਸੀ ਆਗੂ ਹੀ ਨਹੀਂ, ਵਿਧਾਇਕ ਤੇ ਮੰਤਰੀ ਵੀ ਡੇਰੇ ਪੁੱਜ ਕੇ, ਹਾਜ਼ਰੀਆਂ ਲਵਾਉਣ ਲੱਗੇ।

ਗ਼ਦਰੀ ਬਾਬਾ ਲਾਲਾ ਹਰਦਿਆਲ ਨੇ ਆਪਣੀ ਕਿਤਾਬ ਵਿਚ ਸਹੀ ਲਿਖਿਆ ਸੀ ਕਿ ਕਲਾਕਾਰ, ਪੁਰੋਹਿਤ ਤੇ ਵੋਟਾਂ ਭਾਲਦੇ ਸਿਆਸੀ ਬੰਦੇ, ਆਮ ਤੇ ਭੋਲੇ ਭਾਲੇ ਲੋਕਾਂ ਦੇ ਅਸਲ ਵੈਰੀ ਹਨ। ਭਾਰਤਵਰਸ਼ ਵਿਚ ਤਾਂ ਇਹ ਗੱਲ ਸਹੀ ਤੋਂ ਵੱਧ ਹੈ। ਪੱਤਰਕਾਰ ਛਤ੍ਰਪਤੀ ਨੇ ਆਪਣੀ ਅਖ਼ਬਾਰ ਪੂਰਾ ਸੱਚ ਵਿਚ ਸਿਰਸੇ ਵਾਲੇ ਡੇਰੇ ਦੇ ਰਾਜ਼ ਛਾਪੇ ਸਨ। ਉਨ੍ਹਾਂ ਦਾ ਭੇਤ ਭਰੇ ਹਾਲਾਤ ਵਿਚ ਕ਼ਤਲ ਹੋ ਗਿਆ। ਡੇਰੇ ਦੀ ਗੁਫ਼ਾ ਓਹਲੇ ਹੁੰਦੇ ਗੁਨਾਹ ਵੀ ਬਾਹਰ ਆ ਗਏ। ਹਰਿਆਣਾ ਦੇ ਨੀਚ ਸਿਆਸਤਦਾਨ ਬੇਸ਼ਰਮਾਂ ਵਾਂਗ ਉਦੋਂ ਡੇਰੇ ਜਾਂਦੇ ਸਨ। ਅੱਜ ਕੋਈ ਨਹੀਂ ਜਾਂਦਾ। ਰਾਜ ਕਰ ਰਹੇ ਲੀਡਰਾਂ ਦੀ ਗੱਲ ਛੱਡੋ, ਦੁੱਕੀ ਤਿੱਕੀ ਸਿਆਸੀ ਲੀਡਰ ਵੀ ਓਥੇ ਨਹੀਂ ਜਾ ਰਿਹਾ। ਸਿਰਾਂ ਨੂੰ ਹੀ ਸਲਾਮਾਂ ਹੁੰਦੀਆਂ ਨੇ।
*****

ਕੋਈ ਵੇਲਾ ਸੀ ਦੋ ਫ਼ਿਲਮੀ ਕਲਾਕਾਰਾਂ ਸ਼ਿਲਪਾ ਤੇ ਸ਼ਮਿਤਾ ਸ਼ੈੱਟੀ ਡੇਰੇ ਵਾਲੇ ਦੀਆਂ ਫ਼ਿਲਮਾਂ ਵਿਚ ਕੰਮ ਮੰਗਣ ਲਈ ਅਦਾਵਾਂ ਦਾ ਜਾਲ ਖਲਾਰਦੀਆਂ ਸਨ। ਅੱਜ ਦੋਵੇਂ ਜਣੀਆਂ ਸਿਰਸਾ ਨਾਂ ਸੁਣਨ ਲਈ ਰਾਜ਼ੀ ਨਹੀਂ। ਵਕ਼ਤ, ਵਕ਼ਤ ਦਾ ਰਾਗ ਐ ਪਿਆਰਿਓ।
****

ਜਦੋਂ ਸਿਰਸੇ ਆਲੇ ਦੀ ਫੁਲ ਚੜ੍ਹਾਈ ਸੀ, ਉਦੋਂ ਇੰਜ ਲੱਗਦਾ ਸੀ ਕਿ ਜਿਵੇਂ ਹਰਿਆਣਾ ਵਿਚ ਸਰਕਾਰ ਦੇ ਉਸਰੱਈਏ ਹੀ ਇਹ ਲੋਕ ਹੋਣ। ਮਸਲਾ ਇਕ ਜਾਅਲਸਾਜ਼ ਦਾ ਪਖੰਡ ਨੰਗਾ ਹੋਣ ਦਾ ਨਹੀਂ ਹੈ, ਮਸਲਾ ਇਹ ਹੈ ਕਿ ਇਹ ਸਭ ਵਾਪਰ ਕੀ ਰਿਹੈ? ਏਸ ਪਖੰਡਬਾਜ਼ੀ ਨੂੰ ਕੌਣ ਕਰਵਾ ਰਿਹੈ। ਲੋਕਾਂ ਨੂੰ ਭੇਡਾਂ ਬਣਾ ਕੇ ਰੱਖਣ ਵਿਚ ਕੀ ਮਿਲਦਾ ਹੋਊਗਾ? ਹੁਣ ਤਾਂ ਬਾਬਾਗਿਰੀ ਹੀ ਨਹੀਂ ਸਗੋਂ ਸਭ ਕੁਝ ਮਾਰਕੀਟਿੰਗ ਮਤਲਬ ਕਿ ਬਾਜ਼ਾਰੀਕਰਣ ਅਧਾਰਤ ਕਰ ਦਿੱਤਾ ਗਿਐ।

ਵੋਟਾਂ ਭਾਲਦੇ ਸਿਆਸਤਦਾਨਾਂ ਦੇ ਹੋਰਡਿੰਗਜ਼ ਤੇ ਬੈਨਰ ਅਸੀਂ ਦੇਖਦੇ ਹਾਂ, ਉਨ੍ਹਾਂ ‘ਤੇ ਉੱਘੜਵੇਂ ਲਫਜ਼ਾਂ ਵਿਚ ਲਿਖਿਆ ਹੁੰਦੈ ਕਿ ਮੇਰਾ ਵਾਰਡ-ਮੇਰਾ ਪਰਿਵਾਰ ਜਾਂ ਮੇਰਾ ਹਲਕਾ- ਮੇਰਾ ਪਰਿਵਾਰ ਆਦਿ। ਸਾਡੇ ਸਿਆਸਤਦਾਨਾਂ ਦੀ ਹਾਲਤ ਤਾਂ ਦੇਖੋ, ਆਪਣੇ ਪਰਿਵਾਰ ਦੇ ਜੀਆਂ ਨੂੰ ਕੀ ਪਰੇਸ਼ਾਨੀ ਹੈ? ਉਹ ਸੁੱਖੀਂ ਵੱਸਦੇ ਨੇ ਜਾਂ ਨਹੀਂ? ਇਹਦੇ ਬਾਰੇ ਪਤਾ ਨਹੀਂ ਹੋਣਾ, ਵਾਰਡ ਤੇ ਹਲਕੇ (ਪੁਲੀਟੀਕਲ ਕਾਂਸੀਚੁਐਂਸੀ) ਦਾ ਫ਼ਿਕਰ ਲੈਣ ਤੁਰੇ ਹਨ। ਇਹ ‘ਫ਼ਿਕਰ’ ਵੀ ਕਿੱਥੋਂ ਹੈ? ਇਹ ਸੈਲਫ-ਮਾਰਕੀਟਿੰਗ ਦਾ ਨੁਕਤਾ ਹੈ। ਸਿਆਸੀ ਬੰਦੇ ਕਿਸੇ ਨਾ ਕਿਸੇ ਡੇਰੇ ਨਾਲ ਜੁੜੇ ਹੋਏ ਹੁੰਦੇ ਹਨ। ਡੇਰੇ ਵਾਲਾ ਸਿਆਸੀ ਅਹੁਦੇਦਾਰਾਂ ਨਾਲ ਜੁੜਿਆ ਹੁੰਦਾ ਹੈ। ਤੁਸੀਂ ਤੇ ਅਸੀਂ ਸਵੇਰ ਤੋਂ ਆਥਣ ਤਕ਼ ਮਿਹਨਤਾਂ ਕਰਦੇ ਹਾਂ ਤੇ ਸਾਡੇ ਚੜ੍ਹਾਵੇ ਦੇ ਸਦਕਾ ਵਿਹਲੜ ਸਾਧ ਕਾਰਾਂ ਝੂਟਦੇ ਨੇ। ਮੱਥਾ ਆਪਾਂ ਲੋਕ ਟੇਕਦੇ ਹਾਂ। 100 ਦਾ 500 ਦਾ ਨੋਟ ਚੜ੍ਹਾ ਆਉਂਦੇ ਹਾਂ, ਅਗਲੇ ਮਹਿਲਾਂ ਵਰਗੇ ਘਰ ਉਸਾਰ ਲੈਂਦੇ ਨੇ। ਸੱਭ ਮਾਇਆ ਦੀ ਖੇਡ ਐ।

(3)
ਅਸੀਂ ਪਿੱਛੇ ਜਿਹੇ ਵੀਡੀਓ ਕਲੀਪਿੰਗ ਦੇਖੀ ਸੀ, ਉਹਦੇ ਵਿਚ ਇਕ ਹਿੰਦੀ ਬੋਲਦਾ ਕਥਾਵਾਚਕ ਬਾਬਾ ਤੰਬੂ ਜਿਹੇ ਗੱਡ ਕੇ ਸਮਾਗਮ ਕਰ ਰਿਹਾ ਹੁੰਦਾ ਹੈ। ਏਨੇ ਨੂੰ ਇਕ ਕੁੜੀ ਸਵਾਲ ਕਰਨ ਲਈ ਉੱਠ ਪੈਂਦੀ ਹੈ, ਉਹ ਪੁੱਛਦੀ ਹੈ ਕਿ ਬਾਬਾਜੀ ਇਹ ਸਮਾਗਮ ਰਚਾਉਣ ਲਈ ਕਿੰਨੇ ਦਰਖ਼ਤ ਵੱਢੇ ਗਏ? ਕਿੰਨਾ ਚੌਗਿਰਦਾ ਪਲ਼ੀਤ ਹੋ ਗਿਆ, ਕੁਦਰਤ ਨਾਲ ਖਿਲਵਾੜ ਕੀਤਾ ਗਿਆ, ਇਹ ਸਭ ਕਿਉਂ, ਸਾਰਾ ਅਖੌਤੀ ਧਰਮ ਕੁਦਰਤ ਦੇ ਵਿਰੁੱਧ ਕਿਉਂ ਹੋ ਗਿਆ? ਤਾਂ ਉਸੇ ਦੌਰਾਨ ਕੁੜੀ ਦਾ ਪੜ੍ਹਿਆ ਲਿਖਿਆ ਪਰ ਜਾਹਿਲ ਭਰਾ ਉੱਠਦਾ ਹੈ ਤੇ ਭੜਕ ਕੇ ਬੋਲਦਾ ਹੈ, ”ਬਾਬਾਜੀ ਇਸੀ ਲਿਏ ਮੈਂ ਇਸੇ ਆਪ ਕੇ ਪਾਸ ਲਾਇਆ ਥਾ, ਯੇਹ ਘਰ ਮੇਂ ਭੀ ਐਸੀ ਬਾਤੇਂ ਕਰਤੀ ਰਹਿਤੀ ਹੈ, ਨਾਸਤਿਕ ਹੈ ਯੇ ਲੜਕੀ”।

ਉਹ ਕੁੜੀ ਫੇਰ ਵੀ ਨਹੀਂ ਹੱਟਦੀ ਤੇ ਬੋਲਣਾ ਜਾਰੀ ਰੱਖਦੀ ਹੈ, ਬਾਬਾ ਮੌਕਾ ਸੰਭਾਲਦਾ ਹੈ ਤੇ ਆਖਦਾ ਹੈ, ਧੀਏ ਲਗਤਾ ਹੈ ‘ਪੀਕੇ’ ਔਰ ‘ਓ ਮਾਈ ਗੌਡ’ ਫਿਲਮੇਂ ਤੂੰਨੇ ਦੇਖ ਲੀ ਹੈ, ਤੂੰਨੇ 2 ਫਿਲਮੇਂ ਕਿਆ ਦੇਖ ਲੀ, ਤੁਮ ਧਰਮ-ਕਰਮ ਭੂਲ ਗਈ।”ਇਸ ਤਰ੍ਹਾਂ ਕੁੜੀ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਹੁਣ ਉਹ ਕੁੜੀ ਵਿਆਹ ਦਿੱਤੀ ਜਾਵੇਗੀ ਤੇ ਨਾ ਉਹਦੇ ਵਿਚਾਰਾਂ ਦੀ ਪੇਕੇ ਸੁਣਵਾਈ ਹੋਈ ਤੇ ਸ਼ਾਇਦ ਹੀ ਸਹੁਰੇ ਘਰ ਕੋਈ ਸੁਣਨ ਵਾਲਾ ਮਿਲੇ। ਜਦੋਂ ਵਿਆਹੀ ਜਾਵੇਗੀ ਤਾਂ ਸੱਸ ਉਹਨੂੰ ਕਈ ਥਾਈਂ ਉਲਝਾ ਦੇਵੇਗੀ, ਉਹਦੀ ਆਵਾਜ਼ ਦੱਬ ਕੇ ਰਹਿ ਜਾਵੇਗੀ, ਉਸ ਤੋਂ ਵੱਧ ਕੁਝ ਨਹੀਂ ਹੋਣਾ।
*****

…ਪਰ ਇਕ ਗੱਲ ਚੰਗੀ ਹੈ ਕਿ ਜੇ ਅਸੀਂ ਹਰ ਥਾਈਂ ਪਖੰਡਵਾਦ ਵੱਧਦਾ ਫੁੱਲਦਾ ਵੇਖਦੇ ਹਾਂ ਤਾਂ ਕਿਤੇ ਨਾ ਕਿਤੇ ਕੋਈ ਚਿਰਾਗ਼ ਵੀ ਰੌਸ਼ਨ ਹੋ ਰਿਹਾ ਹੁੰਦਾ ਹੈ। ਬਹੁਤ ਮੁਸ਼ਕਲ ਹੈ, ਇਹੋ ਜਿਹੇ ਸਮਾਜ ਵਿਚ ਸੱਚ ਲਿਖਣਾ, ਸੱਚ ਬੋਲਣਾ ਤੇ ਸੱਚ ‘ਤੇ ਅਮਲ ਕਰਨਾ।
*****

ਦੱਬੇ ਕੁਚਲੇ ਲੋਕਾਂ ਕੋਲ ਹਮੇਸ਼ਾ ਦੋ ਬਦਲ ਹੁੰਦੇ ਹਨ।
1. ਇਹ ਕਿ ਉਹ ਵੰਗਾਰ ਦੇਣ ਤੇ …
2. ਇਹ ਕਿ ਉਹ ਆਪਣੀ ਡੋਰ ਉੱਪਰਵਾਲੇ ਦੇ ਹੱਥਾਂ ਵਿਚ ਸੁੱਟ ਦੇਣ। ਕੋਈ ਉਨ੍ਹਾਂ ਨੂੰ ਮਿਲੇ ਤੇ ਇਹ ਭਰੋਸਾ ਦੇ ਦਵੇ ਕਿ ਉਹਦੇ ਮਗਰ ਅੱਖਾਂ ਬੰਦ ਕਰ ਕੇ ਚੱਲਣ ਨਾਲ ਸਾਰੇ ਮਸਲੇ ਹੱਲ ਹੋਣਗੇ, ਇਹ ਲੋਕ ਸੁਹੇਲਾ ਹੋ ਜਾਵੇਗਾ ਤੇ ਪਰਲੋਕ ਵੀ ਸੁਆਰਿਆ ਜਾਵੇਗਾ, ਦੱਬੇ ਕੁਚਲੇ ਲੋਕ ਨਾਲ ਤੁਰ ਪੈਂਦੇ ਹਨ। ਸਿਆਸਤਦਾਨ ਤੇ ਸਾਧ-ਬਾਬੇ ਸਤਾਏ ਹੋਏ ਲੋਕਾਂ ਦੀਆਂ ਮਜਬੂਰੀਆਂ ਵਿੱਚੋਂ ਉਪਜੇ ਮਨੋਵਿਗਿਆਨ ਨੂੰ ਸਾਡੇ ਤੋਂ ਕਿਤੇ ਵੱਧ ਜਾਣਦੇ ਹਨ। ਸ਼ੋਸ਼ਣ ਦਾ ਅਮੁੱਕ ਸਿਲਸਿਲਾ ਏਸੇ ਕਰ ਕੇ ਕਦੇ ਰੁਕਦਾ ਨਹੀਂ।

ਗੱਲ ਇੱਕਲੇ ਸਿਰਸੇ ਵਾਲੇ ਦੀ ਨਹੀਂ। ਅਨੇਕ ਕਥਾਵਾਚਕਾਂ ਦੀ ਹੈ। ਆਪਾਂ ਕਿਉਂ ਗ਼ੁਲਾਮਾਂ ਦੇ ਗ਼ੁਲਾਮ ਬਣੇ ਆ? ਸਾਧ ਤਾਂ ਸਿਆਸੀ ਬੰਦਿਆਂ ਦੀ ਜੇਬ ਵਿਚ ਪਏ ਨੇ। ਸਿਆਦੀ ਬੰਦੇ, ਕਾਰਪੋਰੇਟ ਘਰਾਣਿਆਂ ਦੇ ਸਟਾਫ ਮੈਂਬਰ ਨੇ। ਆਪਾਂ ਕਿਉਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਡੇਰੇਦਾਰ ਸਾਧਾਂ ਨੂੰ ਦੇਣ ਜਾਂਦੇ ਹਾਂ? ਆਪਣੇ ਆਪ ਉੱਤੇ ਤਰਸ ਨਹੀਂ ਆਉਂਦਾ?

ਯਾਦਵਿੰਦਰ

 

 

 

 

 

 

 

“+6284336773, 9465329617
ਸਰੂਪ ਨਗਰ, ਰਾਓਵਾਲੀ, ਨੇੜੇ ਹੇਮਕੁੰਟ ਸਕੂਲ, ਜਲੰਧਰ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖਬੀਰ ਸਿੰਘ ਨਿਜ਼ਾਮਪੁਰ ਸੀਨੀਅਰ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਹੋਏ ਗੁਰਦੁਆਰਾ ਬੇਰ ਸਾਹਿਬ ਨਤਮਸਤਕ
Next articleਆਮ ਆਦਮੀ ਪਾਰਟੀ ਵੱਲੋਂ ਕਪੂਰਥਲਾ ਤੋਂ ਮੰਜੂ ਰਾਣਾ ਤੇ ਭੁਲੱਥ ਤੋਂ ਰਣਜੀਤ ਸਿੰਘ ਰਾਣਾ ਨੂੰ ਲਗਾਇਆ ਗਿਆ ਹਲਕਾ ਇੰਚਾਰਜ