ਨਵੀਂ ਦਿੱਲੀ (ਸਮਾਜ ਵੀਕਲੀ) : ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਸੌਰਭ ਭਾਰਦਵਾਜ ਨੇ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦੇ ਵਕੀਲ ਤੁਸ਼ਾਰ ਮਹਿਤਾ ਵੱਲੋਂ ਸੁਪਰੀਮ ਕੋਰਟ ’ਚ ਫੇਸਬੁੱਕ ਦੀ ਵਕਾਲਤ ਕਰਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਵੱਲੋਂ ਫੇਸਬੁੱਕ ਇੰਡੀਆ ਦੇ ਅਜੀਤ ਮੋਹਨ ਨੂੰ ਤਲਬ ਕਰਨ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਫੇਸਬੁੱਕ ਦਾ ਸਮਰਥਨ ਕਿਉਂ ਕਰ ਰਹੀ ਹੈ। ਆਖਰਕਾਰ ਫੇਸਬੁੱਕ ਤੇ ਕੇਂਦਰ ਸਰਕਾਰ ਦਾ ਕੀ ਸੰਬੰਧ ਹੈ। ਬੀਜੇਪੀ ਸਰਕਾਰ ਦਿੱਲੀ ਦੰਗਿਆਂ ਨੂੰ ਭੜਕਾਉਣ ਵਿਚ ਫੇਸਬੁੱਕ ਦੀ ਭੂਮਿਕਾ ਦੀ ਜਾਂਚ ’ਤੇ ਇਤਰਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਤੇ ਸਦਭਾਵਨਾ ਕਮੇਟੀ ਨੇ ਫੇਸਬੁੱਕ ਅਧਿਕਾਰੀਆਂ ਨੂੰ ਸੰਮਨ ਭੇਜਿਆ ਸੀ।