‘ਆਪ’ ਦਾ ‘ਸਿਪਾਹੀ’ ਕੈਪਟਨ ਦੀ ਪਲਟਣ ਵਿੱਚ ਸ਼ਾਮਲ

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦਾ ਇਕ ਹੋਰ ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਿਆ। ਇਸ ਤੋਂ ਪਹਿਲਾਂ ‘ਆਪ’ ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ। ਸ੍ਰੀ ਸੰਦੋਆ ਦੀ ਕਾਂਗਰਸ ’ਚ ਸ਼ਮੂਲੀਅਤ ਨਾਲ ‘ਆਪ’ ਨੂੰ ਲੋਕ ਸਭਾ ਚੋਣਾਂ ਦੌਰਾਨ ਵੱਡਾ ਝਟਕਾ ਲੱਗਾ ਹੈ। ਉਂਜ ਸ੍ਰੀ ਸੰਦੋਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਨਾਲ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੂੰ ਭਾਰੀ ਮਜ਼ਬੂਤੀ ਮਿਲਣ ਦੇ ਆਸਾਰ ਬਣ ਗਏ ਹਨ। ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਸ੍ਰੀ ਸੰਦੋਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ‘ਆਪ’ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਬਾਰੇ ਸ਼ੁਰੂ ਤੋਂ ਹੀ ਕਿਹਾ ਜਾਂਦਾ ਸੀ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਨਜ਼ਦੀਕੀ ਹਨ। ਸ੍ਰੀ ਸੰਦੋਆ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਵੇਲੇ ਪੰਜਾਬ ਦੇ ਇੰਚਾਰਜ ਦੁਰਗੇਸ਼ ਪਾਠਕ ਦੇ ਕੋਟੇ ਵਿਚੋਂ ਟਿਕਟ ਮਿਲੀ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਦਿੱਲੀ ਵਾਲਿਆਂ ਦੇ ਨੇੜੇ ਸਨ। ਸੂਤਰਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸ੍ਰੀ ਸੰਦੋਆ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨਾਲ ਵੀ ਕਈ ਮੁੱਦਿਆਂ ਉਪਰ ਤਲਖ਼ ਸਨ।

Previous articleਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀਆਂ ’ਚ ਰੋਸ
Next articleਸੱਤਾ ’ਚ ਆਏ ਤਾਂ ਕਿਸਾਨਾਂ ਲਈ ਵੱਖਰਾ ਬਜਟ ਬਣਾਵਾਂਗੇ: ਰਾਹੁਲ