ਆਪੋ ਆਪਣੇ ਮੋਰਚੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਪੋਹ ਦਾ ਮਹੀਨਾ ਚੜ੍ਨ ਵਿੱਚ ਕੁੱਝ ਹੀ ਦਿਨ ਬਾਕੀ ਹਨ . ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ . ਦਸ਼ਮੇਸ਼ ਪਿਤਾ ਦੇ ਵਾਰਸ ਦਿੱਲੀ ਦੀਆਂ ਬਰੂਹਾਂ ਉੱਤੇ ਬਹਿ ਕੇ ਚਮਕੌਰ ਦੀ ਗੜੀ੍ ਸਰਹੰਦ ਦੀ ਖ਼ੂਨੀ ਦੀਵਾਰ ਨੂੰ ਯਾਦ ਕਰਕੇ ਆਪਣੇ ਭਵਿੱਖ ਦੀ ਰੂਪ ਰੇਖਾ ਉਲੀਕ ਰਹੇ ਹਨ . ਭਾਈ ਮਤੀ ਦਾਸ ਸਤੀ ਦਾਸ , ਭਾਈ ਦਿਆਲਾ , ਪੰਡਤ ਕਿਰਪਾ ਰਾਮ , ਗਨੀ ਖਾਂ ਤੇ ਨਬੀ ਖਾਂ ਅਤੇ ਨਵਾਬ ਮਲੇਰਕੋਟਲਾ ਦੇ ਵਾਰਸ ਵੀ ਮੋਢੇ ਨਾਲ਼ ਮੋਢਾ ਜੋੜ ਕੇ ਬਰਾਬਰ ਖੜੇ੍ ਹਨ .

ਕਿਧਰੇ ਦੀਵਾਨ ਟੋਡਰ ਮੱਲ ਦੇ ਵਾਰਸ ਸ਼ਹੀਦ ਹੋਏ ਕਿਰਤੀ ਕਾਮਿਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਉਮਰ ਭਰ ਦੀਆਂ ਪੈਂਨਸ਼ਨਾਂ ਤੱਕ ਲਗਾ ਰਹੇ ਹਨ . ਸ਼ੀ੍ ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਏ ਬਵੰਜਾ ਕਵੀਆਂ ਅਤੇ ਵਿਦਵਾਨਾਂ ਦੇ ਵਾਰਸਾਂ ਦੀਆਂ ਕਲਮਾਂ ਲਗਾਤਾਰ ਅੱਖਰਾਂ ਅਤੇ ਸ਼ਬਦਾਂ ਦਾ ਚਾਨਣ ਵੰਡ ਰਹੀਆਂ ਹਨ .

ਦੂਜੇ ਪਾਸੇ ਔਰੰਗਜੇਬ ਤੇ ਸੂਬਾ ਸਰਹੰਦ ਦੇ ਵਾਰਸ ਤਾਕਤ ਦੇ ਨਸ਼ੇ ਵਿੱਚ ਚੂਰ ਹੋ ਕੇ ਜਸ਼ਨ ਹੀ ਨਹੀਂ ਮਨਾ ਰਹੇ ਸਗੋਂ ਅੰਨਦਾਤਿਆਂ ਅਤੇ ਭਾਈ ਲਾਲੋ ਦੇ ਵਾਰਸਾਂ ਨੂੰ ਖੱਬੇ ਪੱਖੀ , ਅੱਤਵਾਦੀ , ਵੱਖਵਾਦੀ , ਖਾਲਸਤਾਨੀ , ਵਿਚੋਲੀਏ , ਦਲਾਲ , ਮਾਓਵਾਦੀ ਅਤੇ ਹੋਰ ਪਤਾ ਨਹੀਂ ਕੀ ਕੀ ਫਤਵੇ ਦੇ ਕੇ ਅਸਲੀਅਤ ਤੋਂ ਅੱਖਾਂ ਮੀਟ ਰਹੇ ਹਨ .

ਤੀਸਰੇ ਪਾਸੇ ਪਹਾੜੀ ਰਾਜਿਆਂ ਦੇ ਵਾਰਸ ਗਦਾਰੀਆਂ ਦੇ ਤਮਗੇ ਅਤੇ ਰਾਜੇ ਮਹਾਰਾਜਿਆਂ ਦੇ ਭੰਡਾਂ ਦੇ ਵਾਰਸ ਕੁੱਝ ਲਾਲਚੀ ਕੁੱਤੇ ਪੂੰਛਾਂ ਹਿਲਾਉਂਦੇ ਅਤੇ ਪੈਰਾਂ ਦੀਆਂ ਚੱਟਣ ਵਿੱਚ ਮਸ਼ਰੂਫ਼ ਹਨ .

ਪਰੰਤੂ ਇਸ ਦੇ ਬਾਵਜੂਦ ਇਹ ਗੱਲ ਵੀ ਪੱਥਰ ‘ਤੇ ਲਕੀਰ ਵਾਂਗੂ ਸੋਲ਼ਾਂ ਆਨੇ ਸੱਚ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਵੀ ਅਜੇ ਜਿਉਂਦੇ ਹਨ , ਸਦਾ ਜਿਉਂਦੇ ਹੀ ਨਹੀਂ ਰਹਿਣਗੇ ਸਗੋਂ ਹੋਰ ਵੀ ਪੈਦਾ ਹੁੰਦੇ ਰਹਿਣਗੇ ਅਤੇ ਗਾਉਂਦੇ ਰਹਿਣਗੇ ਕਿ

ਹਾਕਮ ਨੂੰ ਹੈ ਵਹਿਮ ,
ਕਿ ਲੋਕ ਨੇ ਫਟੇ ਹੋਏ ।
ਐਪਰ ਇਹ ਹਨ ,
ਰੱਸੀਆਂ ਵਾਂਗੂ ਵਟੇ ਹੋਏ।
ਇਹਨਾਂ ਕੋਲ਼ ਹੈ ਸਿੱਖਿਆ,
ਬਾਬੇ ਨਾਨਕ ਦੀ ;
ਇਹ ਆਪੋ ਅਪਣੇ ,
ਮੋਰਚਿਆਂ ‘ਤੇ ਡਟੇ ਹੋਏ।

ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
9478408898

Previous articleਨਨਕਾਣਾ ਸਾਹਿਬ ਵਿਖੇ ਸਿੱਖ ਜਗਤ ਦੇ ਮਹਾਨ ਵਿਦਵਾਨ ਸੰਤ ਗਿਆਨੀ ਮੋਹਣ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਸੁਖਮਨੀ ਸਾਹਿਬ ਦਾ ਪਾਠ ਅਤੇ ਅਰਦਾਸ
Next articleਸਾਹਿਤਕ ਖੇਤਰ ਵਿਚ ਉੱਭਰ ਰਹੀ ਉੱਚੀ ਲੰਮੀ ਪੰਜਾਬਣ ਮੁਟਿਆਰ – ਮਨਦੀਪ ਕੌਰ ਦਰਾਜ