ਲਖਨਊ (ਸਮਾਜ ਵੀਕਲੀ): ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਨੇ ਇਹ ਟਿੱਪਣੀ ਅੱਜ ਇਥੇ ਆਪਣੀ ਪਾਰਟੀ ਦੇ ਮਹਿਲਾਵਾਂ ਬਾਰੇ ਚੋਣ ਮਨੋਰਥ ਪੱਤਰ ‘ਸ਼ਕਤੀ ਵਿਧਾਨ’ ਜਾਰੀ ਕਰਨ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਦਿੰਦਿਆਂ ਕੀਤੀ।
ਪ੍ਰਿਯੰਕਾ ਨੇ ਮੁੱਖ ਮੰਤਰੀ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ, ‘‘ਕੀ ਯੋਗੀ ਜੀ ਨੂੰ ਪਤਾ ਹੈ ਕਿ ਮੈਂ ਕਿਹੜੇ ਮੰਦਰ ਵਿੱਚ ਜਾਂਦੀ ਹਾਂ ਤੇ ਕਦੋਂ ਤੋਂ ਇਥੇ ਜਾ ਰਹੀ ਹਾਂ? ਕੀ ਉਨ੍ਹਾਂ ਨੂੰ ਪਤਾ ਹੈ ਕਿ ਮੈਂ 14 ਸਾਲ ਦੀ ਉਮਰ ਤੋਂ ਵਰਤ ਰੱਖਦੀ ਹਾਂ? ਉਨ੍ਹਾਂ ਨੂੰ ਕੀ ਪਤਾ ਹੈ? ਕੀ ਉਹ ਮੇਰੇ ਧਰਮ ਜਾਂ ਅਕੀਦੇ ਬਾਰੇ ਕੋਈ ਸਰਟੀਫਿਕੇਟ ਦੇਣਗੇ? ਮੈਨੂੰ ਉਨ੍ਹਾਂ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਹੈ।’’ ਚੇਤੇ ਰਹੇ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੇਕਰ ਭਾਜਪਾ ਸੂਬੇ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਵਿਰੋਧੀ ਪਾਰਟੀਆਂ ਦੇ ਸਾਰੇ ਆਗੂ ਮੰਦਿਰਾਂ ਦੇ ਬਾਹਰ ‘ਕਾਰ ਸੇਵਾ’ ਕਰਦੇ ਨਜ਼ਰ ਆਉਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly