ਨਿਊ ਯਾਰਕ (ਸਮਾਜ ਵੀਕਲੀ) : ਸਵੈ-ਵਿਕਾਸ ਲਈ ਨਿੱਜੀ ਤੇ ਪੇਸ਼ੇਵਰ ਪੱਧਰ ਉਤੇ ਸਲਾਹਾਂ ਦੇਣ ਵਾਲੇ ਬਦਨਾਮ ਅਮਰੀਕੀ ‘ਗੁਰੂ’ ਕੀਥ ਰਾਨੀਅਰ (60) ਨੂੰ ਲੋਕਾਂ ਨੂੰ ਸੈਕਸ ਗੁਲਾਮ ਬਣਾਉਣ ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ 120 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੀਥ ਇਕ ਮਾਰਕੀਟਿੰਗ ਕੰਪਨੀ ਚਲਾਉਂਦਾ ਹੈ ਜਿਸ ਨੂੰ ‘ਕਲਟ’ (ਪੰਥ) ਵਾਂਗ ਮੰਨਿਆ ਜਾਂਦਾ ਹੈ। ਇਸ ਦੇ ਚੇਲਿਆਂ ਵਿਚ ਕਈ ਅਰਬਪਤੀ ਤੇ ਹੌਲੀਵੁੱਡ ਦੇ ਅਦਾਕਾਰ ਸ਼ਾਮਲ ਹਨ।
ਅਮਰੀਕੀ ਜੱਜ ਨੇ ਫ਼ੈਸਲਾ ਸੁਣਾਉਣ ਵੇਲੇ ਕੀਥ ਨੂੰ ‘ਬੇਰਹਿਮ ਤੇ ਅੜੀਅਲ’ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਉਸ ਵੱਲੋਂ ਕੀਤੇ ਗਏ ਅਪਰਾਧ ਇਸ ਤਰ੍ਹਾਂ ਦੇ ਹਨ। ਉਸ ਨੇ ਲੜਕੀਆਂ ਤੇ ਔਰਤਾਂ ਨੂੰ ਜਿਨਸੀ ਤਸਕਰੀ ਲਈ ਨਿਸ਼ਾਨਾ ਬਣਾਇਆ ਹੈ। ਕੀਥ ਨੇ ਅਦਾਲਤ ਵਿਚ ਕਿਹਾ ਕਿ ਉਹ ਨਿਰਦੋਸ਼ ਹੈ ਤੇ ਉਹ ਨਹੀਂ ਮੰਨਦਾ ਕਿ ਉਸ ਨੇ ਅਜਿਹੇ ਅਪਰਾਧ ਕੀਤੇ ਹਨ। ਸਵੈ-ਸੁਧਾਰ ਲਈ ਕੀਥ ਜਿਹੜਾ ਪ੍ਰੋਗਰਾਮ ਚਲਾਉਂਦਾ ਸੀ, ਉਸ ਵਿਚ ਸ਼ਾਮਲ ਹੋਣ ਦੀ ਫ਼ੀਸ ਹੀ ਹਜ਼ਾਰਾਂ ਡਾਲਰ ਸੀ। ਪ੍ਰੋਗਰਾਮ ਕੰਪਨੀ ‘ਐਨਐਕਸਆਈਵੀਐੱਮ’ ਦੇ ਅਲਬਾਨੀ (ਨਿਊ ਯਾਰਕ) ਸਥਿਤ ਹੈੱਡਕੁਆਰਟਰ ਵਿਚ ਹੁੰਦੇ ਸਨ।