ਫਸੇ ਹੋਏ ਮੁਸਾਫ਼ਰਾਂ ਨੇ ਮਹਿਸੂਸ ਕੀਤੀ ਥੋੜ੍ਹੀ ਰਾਹਤ;
ਦਿੱਲੀ ਤੋਂ ਬਿਲਾਸਪੁਰ ਲਈ ਰਵਾਨਾ ਹੋਈ ਪਹਿਲੀ ਗੱਡੀ
ਨਵੀਂ ਦਿੱਲੀ (ਸਮਾਜਵੀਕਲੀ) : ਕਰੋਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਲੌਕਡਾਊਨ ਕਾਰਨ ਤਕਰੀਬਨ 50 ਦਿਨ ਤੱਕ ਮੁਸਾਫ਼ਰ ਰੇਲ ਗੱਡੀਆਂ ਬੰਦ ਰਹਿਣ ਤੋਂ ਬਾਅਦ ਅੱਜ ਦੇਸ਼ ਦੇ ਚੋਣਵੇਂ ਸ਼ਹਿਰਾਂ ਤੋਂ ਰੇਲ ਗੱਡੀਆਂ ਆਪੋ-ਆਪਣੀ ਮੰਜ਼ਿਲ ਲਈ ਰਵਾਨਾ ਹੋਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।
ਨਵੀਂ ਦਿੱਲੀ ਤੋਂ ਚੱਲਣ ਵਾਲੀਆਂ ਤਿੰਨ ਵਿਸ਼ੇਸ਼ ਏਅਰ ਕੰਡੀਸ਼ਨਡ ਰੇਲ ਗੱਡੀਆਂ ’ਚੋਂ ਪਹਿਲੀ ਰੇਲ ਗੱਡੀ ਸ਼ਾਮ ਚਾਰ ਵਜੇ ਛੱਤੀਸਗੜ੍ਹ ਦੇ ਬਿਲਾਸਪੁਰ ਲਈ ਰਵਾਨਾ ਹੋਈ ਜਦਕਿ ਅਸਾਮ ਦੇ ਡਿਬਰੂਗੜ੍ਹ ਜਾਣ ਵਾਲੀ ਰੇਲ ਗੱਡੀ ਸ਼ਾਮ 4.45 ਵਜੇ ਚੱਲੀ। ਨਵੀਂ ਦਿੱਲੀ ਤੋਂ ਕਰਨਾਟਕ ਦੇ ਬੰਗਲੁਰੂ ਲਈ ਰੇਲ ਗੱਡੀ ਰਾਤ 9.15 ਵਜੇ ਰਵਾਨਾ ਹੋਈ।
ਮੁਸਾਫਰਾਂ ਨੂੰ ਸਟੇਸ਼ਨ ’ਚ ਸਿਰਫ਼ ਪਹਾੜਗੰਜ ਵੱਲੋਂ ਹੀ ਦਾਖਲ ਹੋਣ ਦਿੱਤਾ ਗਿਆ। ਰੇਲਵੇ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਰ ਮੁਸਾਫ਼ਰ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਦਾਖਲੇ ’ਤੇ ਸੈਨੇਟਾਈਜ਼ਰ ਮਸ਼ੀਨ ਵੀ ਲਗਾਈ ਗਈ ਹੈ ਤਾਂ ਜੋ ਇੱਥੇ ਆਉਣ ਵਾਲੇ ਵਿਅਕਤੀ ਪਹਿਲਾਂ ਆਪਣੇ ਹੱਥ ਸਾਫ਼ ਕਰ ਸਕਣ।
ਇਸੇ ਤਰ੍ਹਾਂ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਰੇਲ ਗੱਡੀ ਦਿੱਲੀ ਲਈ ਰਵਾਨਾ ਹੋਈ, ਜਿਸ ’ਚ 1107 ਮੁਸਾਫ਼ਰ ਸਵਾਰ ਸਨ। ਇੱਕ ਗੱਡੀ ਗੁਜਰਾਤ ਦੇ ਅਹਿਮਦਾਬਾਦ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਰੇਲ ਗੱਡੀ ’ਚ ਇੱਕ ਹਜ਼ਾਰ ਮੁਸਾਫ਼ਰ ਸਵਾਰ ਸਨ। ਇਹ ਰੇਲ ਗੱਡੀ ਭਲਕੇ ਸਵੇਰੇ 8 ਵਜੇ ਨਵੀਂ ਦਿੱਲੀ ਪਹੁੰਚੇਗੀ।
ਰੇਲਵੇ ਨੇ ਦੱਸਿਆ ਕਿ ਦਿੱਲੀ ਲਈ ਪਟਨਾ, ਬੰਗਲੁਰੂ ਤੇ ਹਾਵੜਾ ਤੋਂ ਵੀ ਰੇਲ ਗੱਡੀਆਂ ਰਵਾਨਾ ਹੋਈਆਂ ਹਨ। ਇਸੇ ਤਰ੍ਹਾਂ ਕਰਨਾਟਕ ਤੇ ਤਾਮਿਲਨਾਡੂ ਤੋਂ 2342 ਮੁਸਾਫ਼ਰਾਂ ਨੂੰ ਲੈ ਕੇ ਚੱਲੀਆਂ ਦੋ ਵਿਸ਼ੇਸ਼ ਰੇਲ ਗੱਡੀਆਂ ਅੱਜ ਪੱਛਮੀ ਬੰਗਾਲ ਦੇ ਬਾਂਕੁਰਾ ਤੇ ਹਾਵੜਾ ਰੇਲਵੇ ਸਟੇਸ਼ਨ ’ਤੇ ਪਹੁੰਚ ਗਈਆਂ ਹਨ।