(ਸਮਾਜ ਵੀਕਲੀ)
– ਪ੍ਰਿੰ ਕੇਵਲ ਸਿੰਘ ਰੱਤੜਾ
ਡਰ ਜ਼ਿੰਦਗੀ ਦਾ ਹਿੱਸਾ ਹੈ। ਕਈ ਡਰ ਇੰਨੇ ਜ਼ਰੂਰੀ ਹੁੰਦੇ ਹਨ ਕਿ ਉਹਨਾਂ ਦੀ ਅਣਹੋਂਦ ਵਿੱਚ ਮਨੁੱਖੀ ਵਿਕਾਸ ਹੀ ਡਗਮਗਾ ਜਾਵੇ। ਡਰ ਤੋਂ ਡਰਨਾ ਨਹੀਂ ਹੁੰਦਾ, ਡਰ ਨੂੰ ਸਮਝਕੇ ਤਰੱਕੀ ਕਰਨੀ ਹੁੰਦੀ ਹੈ। ਡਰ ਜ਼ਿੰਦਗੀ ਭਰ ਸਾਡੇ ਰਾਹ ਦਸੇਰੇ ਬਣਦੇ ਹਨ। ਡਰ ਮਨੁੱਖੀ ਮਨ ਦਾ ਉਹ ਵਲਵਲਾ; ਭਾਵਨਾ ਜਾਂ ਅਵਸਥਾ ਹੈ ਜਦੋਂ ਅਸੀਂ ਉੁਹਨਾਂ ਪਲਾਂ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ। ਅਸੀਂ ਜਾਨ ਦੇ ਖ਼ਤਰੇ, ਸਰੀਰਕ ਸੱਟ ਜਾਂ ਲੁੱਟੇ ਜਾਣ ਨੂੰ ਭਾਂਪ ਜਾਂਦੇ ਹਾਂ ਅਤੇ ਸਾਡਾ ਸਾਰਾ ਸਰੀਰ ਬਚਾਓ ਦੀ ਛੱਤਰੀ ਲੱਭਦਾ ਹੈ। ਅਸੀਂ ਕਿਸੇ ਨੁਕਸਾਨ ਦੀ ਸੰਭਾਵਨਾ ਨੂੰ ਮੰਨ ਲੈਂਦੇ ਹਾਂ ਅਤੇ ਉਸਨੂੰ ਰੋਕਣ ਲਈ “ਲੜੋ ਜਾਂ ਦੌੜੋ” ਵਿੱਚੋਂ ਕਿਸੇ ਇਕ ਦੀ ਚੋਣ ਕਰਨੀ ਲਾਜ਼ਮੀ ਮੰਨ ਲੈਂਦੇ ਹਾਂ ਜਾਂ ਇਸੇ ਹੀ ਦੁਬਿਧਾ ਵਿੱਚ ਕੰਬਣ ਲੱਗਦੇ ਹਾਂ। ਡਰ ਸਾਡੇ ਮਨ ਉੱਤੇ ਗਹਿਰਾ ਨਾਂਹ ਪੱਖੀ ਅਸਰ ਪਾਉਂਦਾ ਹੈ ਅਤੇ ਸਾਡੇ ਸਰੀਰ ਅੰਦਰ ਸਾਰਾ ਤੰਤਰ ਬਹੁਤ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਹਰ ਵਿਅਕਤੀ ਖ਼ਤਰੇ ਵਿੱਚ ਡਰਦਾ ਹੈ। ਚਾਹੇ ਕੋਈ ਬੱਚਾ, ਭਰ ਉਮਰ ਜਵਾਨ, ਜਾਂ ਤਜਰਬੇ ਕਾਰ ਪ੍ਰੌੜ੍ਹ ਸਿਆਣਾ ਨਾਗਰਿਕ, ਡਰ ਹਰ ਇੱਕ ਦੀ ਮੁੱਢਲੀ ਪ੍ਰਕਿਰਿਆ ਹੈ ਜਦੋਂ ਨੁਕਸਾਨ ਹੋਣਾ ਸਾਹਮਣੇ ਹੋਵੇ। ਹਮੇਸ਼ਾ ਕਮਜ਼ੋਰ ਹੀ ਤਕੜੇ ਨਾਲ ਪੰਗਾ ਲੈਣ ਤੋਂ ਡਰਦਾ ਹੈ। ਡਰ ਸਮੇਂ ਅਸੀਂ ਮੁੱਖ ਤੌਰ ਤੇ ਦੋ ਤਰਾਂ ਦੇ ਲੱਛਣ ਦੇਖਦੇ ਹਾਂ। ਡਰਾਕੂ ਦੇ ਅੰਦਰ ਸਰੀਰਕ ਤੇ ਜੈਵ-ਰਸਾਇਣਿਕ ਤਬਦੀਲੀਆਂ ਨਜ਼ਰ ਆਉਣ ਲੱਗਦੀਆਂ ਹਨ। ਸਰੀਰਕ ਲੱਛਣਾਂ ਵਿੱਚ ਮੁੱਖ ਤੌਰ ਤੇ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਚਿਹਰੇ ਦਾ ਰੰਗ ਲਾਲ ਹੋ ਜਾਂਦਾ,ਕਈਆਂ ਦਾ ਸਾਰਾ ਸਰੀਰ ਪਸੀਨੇ ਨਾਲ ਗਿੱਲਾ ਹੋ ਜਾਂਦਾ ਜਦ ਕਿ ਕਈ ਤਾਂ ਡਰ ਨਾਲ ਕੰਬਣ ਹੀ ਲੱਗ ਜਾਂਦੇ ਹਨ। ਲੱਤਾਂ ਬਾਂਹਾਂ ਦਾ ਤਾਲ ਮੇਲ ਵਿਗੜ ਜਾਂਦਾ ਹੈ। ਪੁਲੀਸ ਦੀ ਕੁੱਟ ਤੋਂ ਡਰਦਿਆਂ ਮੁਜ਼ਰਿਮ ਦਾ ਕਈ ਵਾਰੀ ਪਿਸ਼ਾਬ ਹੀ ਨਿਕਲ ਜਾਂਦਾ ਹੈ। ਡਰਾਕਲ ਰੋਣ ਹਾਕਾ ਹੋ ਜਾਂਦਾ ਹੈ, ਕਈ ਚੀਕਾਂ ਮਾਰਦੇ ਨੇ ਤੇ ਕਈਆਂ ਦੀ ਤਾਂ ਬੋਲਤੀ ਹੀ ਬੰਦ ਹੋ ਜਾਂਦੀ ਹੈ। ਕਦੇ ਕਦੇ ਬੇਹੋਸ਼ੀ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਛੋਟੇ ਬੱਚੇ ਆਪਣੀ ਮਾਂ ਨੂੰ ਵਾਜਾਂ ਮਾਰਦੇ, ਰੋਂਦੇ, ਪਿੱਟਦੇ ਅਤੇ ਹੱਥ ਪੈਰ ਮਾਰਦੇ ਹਨ। ਜਵਾਨ ਕੁੜੀਆਂ ਮੁੰਡੇ ਲੜਦੇ, ਗਾਲ੍ਹਾਂ ਕੱਢਦੇ ਜਾਂ ਫਿਰ ਦੌੜਨ ਦੀ ਕੋਸ਼ਿਸ਼ ਕਰਦੇ ਨੇ। ਕਈ ਇੱਟਾਂ ਵੱਟੇ, ਬੈਗ, ਜੁੱਤੀ, ਪਰਸ ਦੀ ਮਦਦ ਲੈਂਦੇ ਹਨ ਜਾਂ ਕਿਸੇ ਘਰ ਮਕਾਨ ਅੰਦਰ ਦੌੜਨ ਦੀ ਕੋਸ਼ਿਸ਼ ਕਰਦੇ ਹਨ। ਸਮਾਂ ਹੋਵੇ ਤਾਂ ਅੱਜ ਕੱਲ੍ਹ ਫ਼ੋਨ ਤੇ ਮਿੱਤਰਾਂ ਜਾਂ ਪੁਲੀਸ ਦੀ ਮਦਦ ਮੰਗਦੇ ਹਨ।
ਜੈਵ-ਰਸਾਇਣਿਕ ਲੱਛਣ ਜ਼ਾਹਿਰਾ ਤੌਰ ਤੇ ਨਜ਼ਰ ਘੱਟ ਆਉਂਦੇ ਹਨ। ਡਰ ਵਿੱਚ ਸਾਡੇ ਸਰੀਰ ਦੇ ਐਡਰੀਨਲੀਨੀ (ਰਸ ਛੱਡਣ ਵਾਲੇ) ਅੰਗ ਬਹੁਤ ਤੇਜ਼ੀ ਨਾਲ ਹਰਕਤ ਵਿੱਚ ਆਕੇ ਦਿਮਾਗੀ ਪ੍ਰਕਿਰਿਆ ਤੇਜ਼ ਕਰਦੇ ਹਨ ਜਿਸ ਨਾਲ ਦਿਮਾਗ ਬਹੁਤ ਹੀ ਕਾਹਲੀ ਵਿੱਚ ਇੱਕੋ ਸਮੇਂ ਦਬਾਅ ਹੇਠ ਕੰਮ ਕਰਦਾ ਹੈ। ਖ਼ੂਨ ਦੀ ਗਤੀ ਤੇਜ਼ ਹੁੰਦੀ ਹੈ, ਸਰੀਰ ਵਿੱਚ ਸ਼ਕਤੀ ਦਾ ਸੰਚਾਲਨ ਬਹੁਤ ਵੱਧਦਾ ਹੈ। ਡਰ ਦੇ ਕਾਰਣਾਂ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਡਰਣਾ ਭਾਵੇਂ ਮਨੁੱਖ ਦੀ ਕੁਦਰਤੀ ਬਿਰਤੀ ਹੈ ਪਰ ਫਿਰ ਵੀ ਇਹ ਕੁੱਝ ਕੁ ਲੋਕਾਂ ਵਿੱਚ ਆਮ ਮਾਤਰਾ ਤੋਂ ਜ਼ਿਆਦਾ ਦੇਖਣ ਵਿੱਚ ਮਿੱਲਦਾ ਹੈ ਜਿਸ ਕਰਕੇ ਉਹ ਲੋਕ ਕਮਜ਼ੋਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਅਸੁਰੱਖਿਆ ਦੀ ਭਾਵਨਾ, ਗੈਰਯਕੀਨੀਪਣ ਦਾ ਅਹਿਸਾਸ, ਨਤੀਜਿਆਂ ਉੱਤੇ ਹੀ ਜ਼ੋਰ ਦੇਣਾ ਪਰ ਵਿਚਕਾਰਲੇ ਪ੍ਰਬੰਧ ਤੇ ਧਿਆਨ ਨਾ ਦੇਣਾ ਵੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਖਤਰਾ ਅਤੇ ਭੈਅ ਪੈਦਾ ਕਰਦਾ ਹੈ। ਮਾਪੇ ਆਪਣੀਆਂ ਔਲਾਦਾਂ ਤੋਂ ਬਹੁਤ ਹੀ ਵੱਡੀਆਂ ਆਸਾਂ ਰੱਖਦੇ ਹਨ, ਮੁਕਾਬਲੇ ਦੀ ਭਾਵਨਾ ਵਿੱਚ ਵਿੱਚਰਦੇ ਹੋਣ ਕਰਕੇ ਬੱਚਿਆਂ ਦੇ ਮਨ ਅਤੇ ਸਰੀਰ ਵਿੱਚ ਤਣਾਅ ਵੱਧਦਾ ਹੈ। ਕਈ ਵਿਅਕਤੀ ਜਨਮ ਤੋਂ ਹੀ ਕੁੱਝ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਅਤੇ ਜਲਦੀ ਦਿਲ ਨੂੰ ਗੱਲ ਲਾ ਲੈਂਦੇ ਹਨ। ਜਲਦੀ ਗ਼ੁੱਸੇ ਵਿੱਚ ਲੋਹੇ ਲਾਖੇ ਹੋ ਜਾਂਦੇ ਹਨ। ਇਸ ਤਰਾਂ ਦੇ ਲੋਕ ਬਚਪਨ ਤੋਂ ਹੀ ਚਿੜਚਿੜੇ ਸੁਭਾਅ ਦੇ ਹੁੰਦੇ ਹਨ ਅਤੇ ਮਾਨਸਿਕ ਬੀਮਾਰੀਆਂ ਸਹੇੜ ਲੈਂਦੇ ਹਨ। ਜ਼ਿਹਨਾਂ ਘਰਾਂ ਦਾ ਘਰੇਲੂ ਮਹੌਲ ਖੁਸ਼ੀਆਂ, ਹਾਸੇ ਵਾਲਾ ਅਤੇ ਪ੍ਰਸਪਰ ਸਨਮਾਨ ਵਾਲਾ ਨਾ ਹੋਵੇ ਸਗੋਂ ਇਸਦੇ ਉਲਟ ਮਾਂ ਬਾਪ ਵਿੱਚ ਗਾਲ੍ਹੀ ਗਲੋਚ ਜਾਂ ਮਾਰ ਕੁਟਾਈ ਰੋਜ਼ ਦਾ ਤਮਾਸ਼ਾ ਹੋਵੇ, ਉਹਨਾਂ ਘਰਾਂ ਦੇ ਬੱਚੇ ਨਮੋਸ਼ੀ ਦੇ ਡਰ ਕਾਰਣ ਅਤੇ ਸਹਿਮ ਦੇ ਮਹੌਲ ਵਿੱਚ ਰਹਿ ਕੇ ਮਾਨਸਿਕ ਵਿਕਾਸ ਵਿੱਚ ਪੱਛੜ ਜਾਂਦੇ ਹਨ ਅਤੇ ਜ਼ਿੰਦਗੀ ਦੇ ਉਚਿੱਤ ਮੁਕਾਮ ਤੇ ਨਹੀਂ ਪਹੁੰਚਦੇ। ਜੇਕਰ ਅਜਿਹਾ ਨਾਂਹ ਪੱਖੀ ਮਹੌਲ ਲੰਮੇ ਸਮੇਂ ਤੱਕ ਰਹੇ ਤਾਂ ਇਹ ਬੱਚੇ ਵੱਡੇ ਹੋ ਕੇ ਵਿਦਰੋਹੀ ਬਣਦੇ ਹਨ ਜਾਂ ਸਮਾਜਕ ਅਸ਼ਾਂਤੀ ਦਾ ਕਾਰਣ ਬਣਦੇ ਹਨ। ਸਕੂਲਾਂ ਵਿੱਚ ਕੁੱਝ ਬੱਚੇ ਅਕਸਰ ਝੂਠ ਬੋਲਣ ਦਾ ਸਹਾਰਾ ਲੈਂਦੇ ਹਨ, ਇਸ ਬੁਰੀ ਆਦਤ ਲਈ ਸਕੂਲ ਵਿੱਚਲੇ ਮਹੌਲ ਦਾ ਪਿਆਰ ਤੋਂ ਸੱਖਣਾ ਹੋਣਾ ਹੁੰਦਾ ਹੈ। ਜੇਕਰ ਬੱਚੇ ਨੂੰ ਇਕੱਲਾ ਕਰਕੇ ਉਸਦਾ ਮਨ ਫੋਲਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਸਜ਼ਾ ਨਾ ਦੇਣ ਦਾ ਵਾਅਦਾ ਕੀਤਾ ਹੋਵੇ ਤਾਂ ਉਹ ਗਲਤੀ ਵੀ ਮੰਨ ਲਵੇਗਾ ਅਤੇ ਅੱਗੇ ਤੋਂ ਪੜਾਈ ਵਿੱਚ ਵੀ ਹੈਰਾਨੀਜਨਕ ਤਬਦੀਲੀ ਦੇਖਣ ਨੂੰ ਮਿੱਲਦੀ ਹੈ। ਸਭ ਤੋਂ ਖ਼ਤਰਨਾਕ ਪੱਖ ਸਾਡੇ ਸਮਾਜ ਦਾ ਇਹ ਹੈ ਕਿ ਮਾਂ ਬਾਪ ਦਾ ਆਪਣਾ ਵਿਹਾਰ ਹੀ ਔਲਾਦਾਂ ਲਈ ਸੁਨਹਿਰੀ ਰੇਲ ਜਾਂ ਜੇਲ੍ਹ ਦਾ ਸਫਰ ਤੈਅ ਕਰਦਾ ਹੈ। ”ਡੰਡਾ ਸੁੱਟੋ, ਬੱਚਾ ਵਿਗਾੜੋ” ਦਾ ਪੁਰਾਣਾ ਪੰਜਾਬੀ ਫ਼ਾਰਮੂਲਾ ਹੁਣ ਸੁਧਾਰਨਾ ਪੈਣਾ ਹੈ।
ਮਨੋਵਿਗਿਆਨਕ ਪਹਿਲੂਆਂ ਨੂੰ ਪਾਸੇ ਰੱਖਕੇ ਸਮਾਜ ਉੱਤਮ ਨਾਗਰਿਕ ਪੈਦਾ ਨਹੀਂ ਕਰ ਸਕਦਾ। ਖੇਡਾਂ ,ਐਨਸੀਸੀ, ਐਨ ਐਸ ਐਸ ਅਤੇ ਸਟੇਜ ਤੇ ਜਾਕੇ ਬੋਲਣ ਵਰਗੀਆਂ ਅਨੇਕਾਂ ਕਿਰਿਆਵਾਂ ਨੌਜਵਾਨਾਂ ਵਿੱਚ ਵਿਸ਼ਵਾਸ ਅਤੇ ਉਮੰਗ ਭਰਦੀਆਂ ਹਨ। “ਡਰ ਦੇ ਪਾਰ ਜਿੱਤ ਹੁੰਦੀ ਹੈ”। ਇਸ ਲਈ ਡਰ ਨੂੰ ਡਰਾਉਣ ਲਈ ਉਹ ਕੰਮ ਜਰੂਰ ਕਰਕੇ ਵੇਖਣ ਦੀ ਹਿੰਮਤ ਕਰਨੀ ਚਾਹੀਦੀ ਹੈ। ਜੇ ਅਸੀਂ “ਵੱਧ ਤੋਂ ਵੱਧ ਕੀ ਹੋ ਜਾਊ” ਦੇ ਸਵਾਲ ਦਾ ਜਵਾਬ ਦੇਣ ਵਿਚ ਕਾਬਲ ਹੋ ਗਏ ਤਾਂ ਸਮਝੋ, ਕਾਮਯਾਬੀ ਦੀ ਪੌੜੀ ਦੇ ਅੱਧੇ ਡੰਡੇ ਚੜ੍ਹ ਗਏ। ਕਈ ਡਰ ਸਾਨੂੰ ਬਹਾਦਰ ਵੀ ਬਣਾਉਂਦੇ ਨੇ। ਬਚਪਨ ਵਿੱਚ ਸਾਈਕਲ ਤੋਂ ਡਿੱਗਕੇ, ਕਾਰ ਡਰਾਵਿੰਗ ਵੇਲੇ ਅਚੇਤ ਹੀ ਬੰਪਰ ਦਾ ਲੱਗ ਜਾਣਾ, ਨਿਸ਼ਾਨੇਬਾਜ਼ੀ ਵਿੱਚ ਕੁਤਾਹੀ, ਕਾਲਜ ਵਿੱਚ ਦਾਖਲੇ ਸਮੇਂ ਗਲਤ ਵਿਸ਼ਿਆਂ ਦਾ ਚੁਣਿਆ ਜਾਣਾ, ਤਨਖ਼ਾਹ ਦੇ ਵਾਧੇ ਦੇ ਲਾਲਚ ਵਿੱਚ ਗਲਤ ਕੰਪਨੀ ਵਿੱਚ ਨੌਕਰੀ ਕਰ ਲੈਣਾ ਅਤੇ ਕਦੇ ਕਿਸੇ ਦੀ ਸੁਹਣੀ ਸੂਰਤ ਦੇਖਕੇ ਡੁੱਲ ਜਾਣਾ ਆਦਿ ਸਾਨੂੰ ਜ਼ਿੰਦਗੀ ਦੇ ਸਬਕ ਸਿਖਾ ਦਿੰਦੇ ਹਨ। ਕਾਲਜ ਅਤੇ ਯੂਨੀਵਰਸਿਟੀ ਸਿੱਖਿਆ ਦਾ ਮਿਆਰੀ ਹੋਣਾ, ਸਜ਼ਾ ਅਤੇ ਸਿਆਸੀ ਵਾਤਾਵਰਣ ਜਾਂ ਨਿਆਂ ਪ੍ਰਣਾਲੀ ਸੁਸਤ ਅਤੇ ਪੱਖਪਾਤੀ ਹੋਣ ਕਰਕੇ ਵੀ ਲੋਕਾਂ ਵਿੱਚ ਗ਼ੁੱਸੇ ਤੇ ਰੋਹ ਦੀ ਭਾਵਨਾ ਵੱਧਦੀ ਹੈ। ਡਰ ਵਿੱਚ ਕਈ ਵਾਰੀ ਸਰੀਰਕ ਤੌਰ ਤੇ ਹਲਕਾ ਬੰਦਾ ਵੀ ਗਹਿਰੀ ਸੱਟ ਲਾ ਸਕਦਾ ਹੈ ਅਤੇ ਪੂਰਾ ਜ਼ੋਰ ਲਾਕੇ ਦੌੜਦਾ ਹੈ। ਤਮਗਾ ਖੁੰਝਣ ਦੇ ਡਰੋਂ ਦੌੜਾਕ ਰਿਕਾਰਡ ਤੋੜ ਰੇਸ ਵੀ ਦੌੜ ਜਾਂਦਾ ਹੈ। ਲੜਾਈ ਵਿੱਚੋਂ ਦੌੜਦੇ ਬੰਦੇ ਨੂੰ ਕਈ ਵਾਰੀ ਵਾਹਰਾਂ ਵੀ ਨਹੀਂ ਫੜ ਸਕਦੀਆਂ। ਮੇਰੇ ਬਾਪੂ ਜੀ ਦੱਸਦੇ ਹੁੰਦੇ ਸੀ ਕਿ ਕਿਵੇਂ ਦੇਸ਼ ਦੀ ਵੰਡ ਵੇਲੇ ਲੋਕਾਂ ਨੇ ਮੁਸ਼ਕਿਲਾਂ ਵਿੱਚ ਲੜ੍ਹਕੇ ਜਾਂ ਦੌੜ ਕੇ ਆਪਣੀਆਂ ਜਾਨਾਂ ਬਚਾਈਆਂ ਸਨ।
ਆਉ ਹੁਣ ਅਸੀਂ ਮੋਟੇ ਤੌਰ ਤੇ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਅਹਿਮ ਡਰਾਂ ਦੀ ਗੱਲ ਕਰੀਏ ਜੋ ਸਾਡੇ ਜੀਵਨ ਦੀ ਦਿਸ਼ਾ ਅਤੇ ਦਸ਼ਾ ਦੇ ਦਿੱਸਹੱਦਿਆਂ ਦੀ ਨਿਸ਼ਾਨਦੇਹੀ ਵੀ ਕਰਦੇ ਹਨ ਅਤੇ ਸਾਨੂੰ ਅੱਗੇ ਵੱਧਣ ਲਈ ਸਹਾਈ ਵੀ ਹੁੰਦੇ ਹਨ। ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿੱਦਿਆਰਥੀਆਂ ਨੂੰ ਜੇਕਰ ਇਮਤਿਹਾਨ ਵਿੱਚੋਂ ਫ਼ੇਲ੍ਹ ਹੋਣ ਦਾ ਡਰ ਹੀ ਨਾ ਰਹੇ ਤਾਂ ਉਹ ਸਾਰੇ ਨਾਲਾਇਕ ਹੀ ਰਹਿ ਜਾਣ। ਜੇਕਰ ਸਕੂਲ ਜਾਂ ਕਾਲਜਾਂ ਵਿੱਚ ਮਾਰ-ਕੁੱਟ ਜਾਂ ਛੇੜਖ਼ਾਨੀਆਂ ਦੀ ਸਜ਼ਾ ਦਾ ਡਰ ਨਾ ਹੋਵੇ ਤਾਂ ਪੜਾਈ ਵਿੱਚ ਮਨ ਕਿਵੇਂ ਟਿੱਕੇਗਾ। ਵੈਸੇ ਪਿੱਛਲੇ 12 ਕੁ ਸਾਲਾਂ ਤੋਂ ਸਕੂਲੀ ਅਤੇ ਕਾਲਜ ਪੱਧਰ ਤੇ ਵਿੱਦਿਆਰਥੀਆਂ ਦੇ ਆਮ ਗਿਆਨ ਦੇ ਪੱਧਰ ਵਿੱਚ ਜੋ ਨਿਘਾਰ ਆਇਆ ਉਸ ਲਈ 8ਵੀਂ ਜਮਾਤ ਤੱਕ ਕਿਸੇ ਨੂੰ ਵੀ ਫੇਲ੍ਹ ਨਾ ਕਰਨਾ ਰਿਹਾ ਹੈ। ਇੱਕ ਅਧਿਆਪਕ ਮਿੱਤਰ ਦੱਸ ਰਿਹਾ ਸੀ ਕਿ 11ਵੀਂ ਕਲਾਸ ਵਿੱਚ ਦਾਖਲਾ ਲੈਣ ਆਏ ਵਧੇਰੇ ਪੇਂਡੂ ਵਿਦਿਆਰਥੀਆਂ ਤੋਂ ਠੀਕ ਤਰਾਂ ਨਾਲ ਪੰਜਾਬੀ ਵਿੱਚ ਅਰਜ਼ੀ ਵੀ ਨਹੀਂ ਲਿੱਖੀ ਜਾਂਦੀ। ਪੰਜਾਬ ਵਿੱਚ ਜਵਾਨ ਕੁੜੀਆਂ ਇਸ ਲਈ ਵੀ ਜ਼ਿਆਦਾ ਮਨ ਲਗਾਕੇ ਪੜ੍ਹ ਜਾਂਦੀਆਂ ਹਨ ਕਿਉਂਕਿ ਚੰਗੀ ਪੜਾਈ ਉਹਨਾਂ ਲਈ ਵਧੀਆ ਨੌਕਰੀ ਦੇ ਰਸਤੇ ਖੋਲਦੀ ਹੈ ਜਾਂ ਫਿਰ ਦੇਸ਼ ਵਿਦੇਸ਼ ਵਿੱਚ ਵਿਆਹ ਲਈ ਵਧੀਆ ਰਿਸ਼ਤੇ ਵੀ ਮਿੱਲਣ ਦੀ ਗਰੰਟੀ ਹੋ ਜਾਂਦੀ ਹੈ। ਮਜ਼ਦੂਰ ਆਪਣਾ ਕੰਮ ਇਸ ਲਈ ਵੀ ਮਨ ਲਗਾਕੇ ਕਰਦਾ ਹੈ ਕਿ ਉਸ ਦਾ ਮਾਲਕ ਕੰਮ ਤੋਂ ਖੁਸ਼ ਹੋ ਕੇ ਹੋਰ ਕੰਮ ਦੇਵੇਗਾ ਜਾਂ ਪੱਕਾ ਰੱਖ ਲੱਵੇਗਾ। ਕਰਮਚਾਰੀ ਆਪਣੀ ਤਰੱਕੀ ਪਾਉਣ ਦੀ ਉਮੀਦ ਵਿੱਚ ਕੰਮ ਤੋਂ ਇਲਾਵਾ ਸੇਵਾ ਪਾਣੀ ਕਰਨ ਦੀ ਅਨੈਤਿਕ ਪਿਰਤ ਵਿੱਚ ਵੀ ਵਹਿ ਜਾਂਦਾ ਹੈ। ਭਾਂਵੇ ਕਿ ਸਾਡੇ ਭਰਿਸ਼ਟ ਤੰਤਰ ਵਿੱਚ ਚਮਚਿਆਂ ਤੋਂ ਵੱਡੇ ਕੜਛੇ ਵੀ ਮਿਲਦੇ ਨੇ ਅਤੇ ਥੋੜ੍ਹੀ ਸੇਵਾ ਵਾਲੇ ਫਿਰ ਪਿੱਛੇ ਰਹਿ ਜਾਂਦੇ ਹਨ। ਸਰਕਾਰੀ ਅਤੇ ਕਾਰਪੋਰੇਟ ਸੈਕਟਰ ਵਿੱਚ ਗਰੁੱਪ ‘ਏ ‘ ਪੋਸਟਾਂ ਵਿੱਚ ਅਕਸਰ ਅਜਿਹੇ ਬੌਸ ਮਿਲਦੇ ਹਨ ਜੋ ਹੇਠੋਂ ਲੁੱਟ ਕੇ, ਉੱਪਰ ਲੁਟਾ ਦਿੰਦੇ ਹਨ ਅਤੇ ਆਪਣਾ ਹਿੱਸਾ ਪਹਿਲਾਂ ਹੀ ਕੱਢ ਲੈਂਦੇ ਹਨ। ਦਿਵਾਲੀ ਜਾਂ ਨਵੇਂ ਸਾਲ ਉੱਤੇ ਤੋਹਫ਼ਿਆਂ ਦੇ ਨਾਂ ਥੱਲੇ ਇਹ ਕਾਲਾ ਧੰਦਾ ਪਾਪ ਨਹੀਂ ਸਮਝਿਆ ਜਾਂਦਾ। ਸਿਸਟਮ ਦਾ ਹਿੱਸਾ ਕਹਿਕੇ ਚੰਗੀ ਸੋਚ ਵਾਲੇ ਵਿਚਾਰੇ ਫੀਲਡ ਪੋਸਟਾਂ ਦੀ ਬਜਾਏ ਨੁੱਕਰੇ ਲੱਗੀਆਂ ਪੋਸਟਾਂ ਤੇ ਨੋਟ ਹੀ ਫਾਰਵਰਡ ਕਰਦੇ ਰਹਿੰਦੇ ਹਨ ਤੇ ਕੁੁੜ੍ਹਦੇ ਰਹਿੰਦੇ ਹਨ। ਹਾਲਾਂ ਕਿ ਕੁਰੱਪਟ ਬੰਦੇ ਵੀ ਸ਼ਿਕਾਇਤ ਜਾਂ ਜਾਂਚ ਦੇ ਡਰ ਤੋਂ ਨੀਂਦ ਦੀਆਂ ਗੋਲੀਆਂ ਜਾਂ ਨਸ਼ੇ ਦਾ ਸਹਾਰਾ ਲੈਕੇ ਹੀ ਸੌਂਦੇ ਹਨ। ਭਰਿਸ਼ਟ ਬੰਦੇ ਨੂੰ ਜ਼ੇਲ੍ਹ ਦਾ ਡਰ ਰਹਿੰਦਾ ਤੇ ਔਲਾਦਾਂ ਵਿਗੜਕੇ ਗੈਂਗਸਟਰ ਬਣਨ ਦੀ ਰਾਹ ਤੁਰ ਪੈਂਦੀਆਂ ਹਨ।
ਘਰੇਲੂ ਔਰਤਾਂ ਮਹਿੰਗਾਈ ਦੇ ਡਰੋਂ ਬੱਚਿਆਂ ਦੀ ਸਕੂਲ ਫ਼ੀਸ ਲਈ ਘਰ ਦਾ ਖਰਚ ਵਧਾਉਣ ਤੋਂ ਡਰਦੀਆਂ ਹਨ ਅਤੇ ਪਤੀ ਜਾਂ ਬੱਚਿਆਂ ਨਾਲ ਲੜਦੀਆਂ ਹਨ। ਬੱਚੇ ਵਧੀਆ ਮੋਬਾਈਲ ਜਾਂ ਫ਼ੈਸ਼ਨਦਾਰ ਕੱਪੜਿਆਂ ਦੀ ਮੰਗ ਕਾਰਨ ਦੋਸਤਾਂ ਦੇ ਸਾਹਮਣੇ ਗੱਪਾਂ ਮਾਰਕੇ ਡੰਗ ਸਾਰਦੇ ਹਨ ਅਤੇ ਅਖੌਤੀ ਪ੍ਰੇਮੀ ਝੂਠ ਪਕੜੇ ਜਾਣ ਦੇ ਡਰੋਂ ਸਿੰਮ ਦਾ ਨੁਕਸ ਜਾਂ ਟਾਵਰਾਂ ਦੀ ਰੇਂਜ ਦੇ ਬਹਾਨੇ ਘੜਦੇ ਹਨ। ਵੈਸੇ ਤਾਂ ਸੱਚੇ ਪ੍ਰੇਮੀਆਂ ਦਾ ਬੀਜ ਨਾਸ ਨਹੀਂ ਹੋਇਆ ਪਰ ਥੁੜ ਬਹੁਤ ਪਾਈ ਜਾਂਦੀ ਹੈ। ਕੱਲ੍ਹ ਹੀ ਇੱਕ ਮਿੱਤਰ ਕਹਿ ਰਿਹਾ ਸੀ ਕਿ ਅਸੀਂ ਰਾਜਸੀ ਨੇਤਾਵਾਂ ਨੂੰ ਤਾਂ ਬਹੁਤ ਭੰਡਦੇ ਹਾਂ ਪਰ ਸਭ ਤੋਂ ਵੱਡੇ ਡਰਾਕਲ ਤਾਂ ਲੋਕ ਖੁੱਦ ਨੇ। ਭਗਤ ਸਿੰਘ ਦੀਆਂ ਫੋਟੋਆਂ ਵਾਲੀ ਜਰਸੀ ਪਾਕੇ ਕੋਈ ਦੇਸ਼ ਭਗਤ ਨਹੀਂ ਬਣ ਸਕਦਾ। ਮਾਂਵਾਂ ਦੂਜੇ ਦੇ ਘਰ ਸ਼ਹੀਦ ਪੈਦਾ ਹੋਣਾ ਚੰਗਾ ਸਮਝਦੀਆਂ ਹਨ। ਘਰ ਵਿੱਚ ਮੁੰਡਾ ਚਿੱਟੇ ਦਾ ਨਸ਼ਾ ਖਾ ਰਿਹਾ ਹੈ, ਬਦਨਾਮੀ ਲੋਕਾਂ ਦੀ ਕਰੀ ਜਾਂਦੀਆਂ ਨੇ। ਅੱਜ ਤੱਕ ਕਿੰਨੀਆਂ ਮਾਂਵਾਂ ਖੁੱਦ ਰੌਲਾ ਪਾ ਕੇ ਮੁੰਡੇ ਨੂੰ ਨਸ਼ਾ ਛੁਡਾਊ ਕੇਂਦਰਾਂ ਤੱਕ ਲੈ ਕੇ ਆਈਆਂ ਨੇ?
ਸਰਕਾਰਾਂ ਆਪਣੀ ਮਲਾਈ ਖੁੱਸਣ ਡਰੋਂ ਖਾਲ਼ੀ ਪੀਪਾ ਖੜਕਾਈ ਜਾਂਦੀਆਂ ਨੇ। ਕਿਸਾਨਾਂ ਨੇ ਨੰਗੇ ਧੜ ਸੜਕਾਂ ਅਤੇ ਰੇਲਵੇ ਲਾਈਨਾਂ ਉੱਤੇ ਬਿਨਾ ਸਮਾਜਿਕ ਦੂਰੀ ਦੀ ਪ੍ਰਵਾਹ ਕੀਤਿਆਂ ਕਰੋਨਾ ਦਾ ਡਰ ਚੁੱਕ ਦਿੱਤਾ ਹੈ। ਹੈਰਾਨੀ ਹੈ ਕਿ ਧਰਨੇ ਮੁਜਾਹਿਰਿਆਂ ਵਿੱਚ ਇੱਕ ਵੀ ਮੌਤ ਕਰੋਨਾ ਕਰਕੇ ਨਹੀਂ ਹੋਈ। ਕੀ ਇਹ ਸਾਰਾ ਗੋਰਖ-ਧੰਦਾ ਕਿਸੇ ਸਾਜਿਸ਼ ਦਾ ਹਿੱਸਾ ਤਾਂ ਨਹੀਂ? ਫਿਰ ਵੀ ਜਿੰਨੀ ਦੇਰ “ਬਿੱਲੀ ਥੈਲੇ ਚੋਂ ਪੂਰੀ ਬਾਹਰ ਆਕੇ ਦੌੜਦੀ ਨਜ਼ਰ ਨਾ ਆਵੇ” ਪ੍ਰਹੇਜ਼ ਕਰਨਾ ਹੀ ਚਾਹੀਦਾ।
ਪਿੱਛਲੇ ਦਿਨੀਂ ਇੱਕ ਨੇਤਾ ਦੀ ਕਾਰ ਨੂੰ ਉਲਟੀ ਸਾਈਡ ਤੋਂ ਆਉਦੇ ਟਰੈਕਟਰ ਟ੍ਰਾਲੀ ਨੇ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਲੋਕਾਂ ਦੇ ਸੇਵਾਦਾਰ ਦੀ 32 ਲੱਖ ਦੀ ਫਾਰਚੂਨਰ ਕਾਰ ਚੱਕਨਾਚੂਰ ਹੋ ਗਈ ਪਰ ਵਿਧਾਇਕ ਸਾਹਿਬ ਖੁੱਦ ਕਿਸਮਤ ਨਾਲ ਬਚ ਗਏ ਪ੍ਰੰਤੂ ਹਸਪਤਾਲ ਜ਼ਰੂਰ ਦਾਖਲ ਹੋਣਾ ਪਿਆ। ਫਿਰ ਵੀ ਸਿਸਟਮ ਨੂੰ ਸੁਧਾਰਨ ਵਾਸਤੇ ਪਹਿਲ ਕਰਕੇ ਵੋਟਰਾਂ ਦੀ ਨਰਾਜ਼ਗੀ ਕੌਣ ਮੁੱਲ ਲਵੇ? ਸਭ ਧਿਰਾਂ ਤਬਦੀਲੀ ਤੋਂ ਡਰਦੀਆਂ ਰੱਬ ਆਸਰੇ ਬੈਠਕੇ ਹਥਿਆਰ ਸੁੱਟੀ ਬੈਠੀਆਂ ਹਨ। ਗਿਲ੍ਹੇ ਸ਼ਿਕਵੇ ਕਰੀ ਜਾਣੇ, ਦੂਸਰਿਆਂ ਵਿੱਚ ਨੁਕਸ ਕੱਢਣੇ, ਨਾ ਅਗਵਾਈ ਕਰਨੀ, ਨਾ ਹੀ ਕਿਸੇ ਦੀ ਅਗਵਾਈ ਕਬੂਲਣੀ, ਸੱਚ ਤੋਂ ਮੂੰਹ ਮੋੜਨਾ, ਦਿਖਾਵੇ ਅਤੇ ਪਖੰਡ ਭਰੀ ਦੋਹਰੀ ਸੂਰਤ ਰੱਖਣਾ, ਖ਼ੁਦ ਬੇਈਮਾਨ ਹੋਕੇ ਦੂਜਿਆਂ ਤੋਂ ਇਮਾਨਦਾਰੀ ਲੱਭਣਾ ਵਰਗੀਆਂ ਖਸਲਤਾਂ ਹੀ ਤਾਂ ਸਾਡੇ ਅੰਦਰਲੇ ਚੋਰ ਦੇ ਡਰ ਕਾਰਣ ਹੈ, ਨਹੀਂ ਤਾਂ ਸੰਸਾਰ ਦੀ ਬਹਾਦਰ ਪੰਜਾਬੀ ਕੌਮ ਜੋ ਸਿਰਫ ਆਪਣੇ ਇਤਿਹਾਸ ਦੇ ਹੀ ਗੁਣਗਾਨ ਕਰਨ ਜੋਗੀ ਰਹਿ ਗਈ ਹੈ, ਇਤਿਹਾਸ ਸਿਰਜਣ ਲਈ ਹੌਂਸਲਾ ਕਿਉਂ ਨਹੀਂ ਕਰ ਰਹੀ? ਅਸੀਂ ਉੁਹਨਾਂ ਡਰਾਂ ਦੀ ਨਿਸ਼ਾਨ ਦੇਹੀ ਕਰ ਨਹੀਂ ਰਹੇ ਜਾਂ ਕਰਨਾ ਹੀ ਨਹੀਂ ਚਾਹੁੰਦੇ? ਸ਼ੁਕਰ ਹੈ ਬੜੇ ਲੰਮੇ ਅਰਸੇ ਬਾਅਦ ਕਿਸਾਨੀ ਉੱਤੇ ਵਰ੍ਹਣ ਵਾਲੇ ਕੁਹਾੜੇ ਸਮੇਂ ਪੰਜਾਬੀਆਂ ਨੇ ਸਹੀ ਸਮੇਂ ਤੇ ਰੋਸ ਮੁਜ਼ਾਹਿਰੇ, ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੇ ਧਰਨੇ ਵਿੱਚ ਸਟੇਜ ਤੋਂ ਬੋਲਣ ਦੀ ਮਨਾਹੀ, ਸਾਰੀਆਂ ਗ਼ੈਰ ਬੀਜੇਪੀ ਪਾਰਟੀਆਂ ਵੱਲੋਂ ਕਿਸਾਨਾਂ ਦਾ ਬਿਨਾ ਸ਼ਰਤ ਸਮਰਥਨ ਨੇ ‘ਆਸ ਦੀ ਕਿਰਨ’ ਦਾ ਮੁੱਢ ਬੰਨਿ੍ਹਆ ਹੈ। ਜਿਸ ਜਜ਼ਬੇ ਨਾਲ ਕਿਸਾਨਾਂ ਨੇ ਸਾਰੀਆਂ ਧਿਰਾਂ ਨੂੰ ਨਾਲ ਤੋਰਿਆ, ਆੜਤੀਆਂ ਛੋਟੇ ਦੁਕਾਨਦਾਰਾਂ, ਹਰੇਕ ਵਰਗ ਦੇ ਮਜਦੂਰਾਂ, ਮੁਲਾਜਮ ਜਥੇਬੰਦੀਆਂ ਅਤੇ ਬਜੁਰਗ ਔਰਤਾਂ, ਬੱਚਿਆਂ, ਲੇਖਕਾਂ, ਕਲਾਕਾਰਾਂ, ਨਾਟ ਮੰਡਲੀਆਂ ਆਦਿ ਦੀ ਹਾਜਰੀ ਨੇ, ਜੇਲਾਂ ਜਾਂ ਗ੍ਰਿਫਤਾਰੀਆ ਦਾ ਡਰ ਲਾਹਕੇ ਹਿੰਮਤ, ਸਬਰ, ਸ਼ਾਤੀ, ਸਿਆਣਪ ਅਤੇ ਸਿਆਸੀ ਸੂਝ ਬੂਝ ਦਾ ਸਬੂਤ ਦਿੱਤਾ ਹੈ। ਨੌਜਵਾਨਾਂ ਨੇ ਵੀ ਪੂਰੀ ਵਾਹ ਲਾਕੇ ਇਸ ਮੌਕੇ ਜੋਸ਼ ਅਤੇ ਹੋਸ਼ ਦਾ ਸੰਤੁਲਨ ਬਣਾਕੇ ਕਿਸਾਨਾਂ ਦੀ ਅਕਲ ਪ੍ਰਤੀ ਪਾਲੇ ਭਰਮ ਹਟਾ ਦਿੱਤੇ ਹਨ। ਇਸ ਮੰਜਰ ਨੇ ਸਾਰੀਆਂ ਸਿਆਸੀ ਧਿਰਾਂ ਦੀ ਨੀਂਦ ਹਰਾਮ ਕੀਤੀ ਹੈ। ਹਾਕਮ ਸਰਕਾਰ ਦੇ ਇੱਕ ਮੰਤਰੀ ਨੂੰ ਵੀ ਵਜੀਫੇ ਘੁਟਾਲੇ ਦਾ ਸੇਕ ਝੱਲਣਾ ਪੈ ਰਿਹਾ ਹੈ। ਇਹ ਸਾਰੀ ਲੜਾਈ ਨੇ ਖੁਦਕਸ਼ੀਆਂ ਨੂੰ ਭੁੱਲਕੇ ਸੰਘਰਸ਼ ਕਰਨ ਦੇ ਪਾਠ ਨੂੰ ਉਜਾਗਰ ਕੀਤਾ ਹੈ। “ਭੈ ਕਾਹੂ ਕਿ ਦੇਤ ਨਹਿ ਨਹਿ ਭੈ ਮਾਨਤ ਆਨ॥” ਹੀ ਤਾਂ ਸਾਡਾ ਮੂਲ ਸਿਧਾਂਤ ਹੈ।
ਭਾਰਤ ਦੇਸ਼ ਵਿੱਚ ਬੱਚਿਆਂ ਤੇ ਬਜ਼ੁਰਗਾਂ ਦੀ ਢੁੱਕਵੀਂ ਸਾਂਭ ਸੰਭਾਲ਼ ਲਈ ਕੋਈ ਠੋਸ ਪ੍ਰਬੰਧ ਨਹੀਂ ਹੈ। ਇਥੇ ਤਾਂ ਜਵਾਨ ਵਿਚਾਰੇ ਐਮਬੀਏ ਕਰਕੇ ਅੱਠ ਹਜਾਰ ਜਾਂ ਐਮਏ਼ ਬੀਐਡ ਅਧਿਆਪਕ ਛੇ ਹਜ਼ਾਰ ਮਹੀਨਾ ਦੀ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਹਨ। ਇਸੇ ਅਸੁਰੱਖਿਆ ਵਿੱਚੋਂ ਕੁਨਬੇ ਲਈ, ਕਈ ਪੀੜੀਆਂ ਤੱਕ ਧਨ ਜੋੜਨ ਦੀ ਪਿਰਤ ਨੂੰ ਅਮੀਰ ਲੋਕਾਂ ਨੇ ਬੇਰੋਕ ਅਤੇ ਅਣਮਨੁੱਖੀ ਪੱਧਰ ਤੱਕ ਜਾ ਕੇ ਅਪਣਾਇਆ ਹੈ। ਕਾਰੋਬਾਰੀਆਂ ਦਾ ਟੈਕਸ ਚੋਰੀ ਕਰਨਾ, ਭਰਿਸ਼ਟਾਚਾਰ ਦੇ ਖਿਲਾਫ ਕਿਸੇ ਵੀ ਸਰਕਾਰ ਵਲੋਂ ਗੈਰ ਸਮਝੌਤਾਵਾਦੀ ਪਹੁੰਚ ਨਹੀਂ ਅਪਨਾਉਣਾ, ਜੰਗਲ ਰਾਜ ਦੀ ਪ੍ਰਤੱਖ ਮਿਸਾਲ ਹੈ, ਵਰਨਾ ਪਬਲਿਕ ਦੇ ਟੈਕਸ ਨੂੰ ਜੱਦੀ ਜਾਇਦਾਦ ਸਮਝਕੇ 5 ਸਾਲ ਲਈ 5 ਸਿਤਾਰਾ ਸਹੂਲਤਾਂ ਮਾਣਕੇ, ਬਿਨਾ ਕਨੂੰਨ ਦੀ ਪੜਾਈ ,ਟੈਸਟ, ਇੰਟਰਵਿਊ ਅਤੇ 70-75 ਸਾਲਾਂ ਤੱਕ ਦੀ ਉਮਰ ਵਿੱਚ ਵੀ ਨੇਤਾ ਕਿਉਂ ਕੁਰਸੀ ਨਹੀਂ ਛੱਡਦੇ। ਬਿਨਾ ਕੁਸ਼ਲ ਕਿੱਤਾ ਸਿਖਲਾਈ, ਰੇਪ ਅਤੇ ਕਤਲ ਦੇ ਕੇਸਾਂ ਵਿੱਚ ਲਿਬੜੇ, ਸ਼ਾਨੋਸ਼ੌਕਤ ਦੇ ਰਹਿਣ ਸਹਿਣ, ਬੇਹਤਰੀਨ ਦਿਮਾਗ ਵਾਲੇ ਆਈ਼ਏ਼ਐਸ ਅਫਸਰਾਂ ਨੂੰ ਦਬਕਾਉਣ, ਕਰੋੜਾਂ ਰੁਪੈ ਦੀਆਂ ਬੇਨਾਮੀ ਜਾਇਦਾਦਾਂ, ਤਨਖਾਹਾਂ, ਭੱਤੇ ਅਤੇ ਪੈਨਸ਼ਨਾਂ ਲੈਣ ਲਈ ਸਿਆਸਤ ਤੋਂ ਇਲਾਵਾ ਭਾਰਤ ਵਿੱਚ ਹੋਰ ਕਿਹੜਾ ਸਰਕਾਰੀ ਅਹੁਦਾ ਹੈ? ਲੱਗਦੈ ਹੁਣ ਕਿਰਤੀਆਂ ਦਾ ਸੂਰਜ ਚੜਣ ਵਾਲਾ ਹੈ, ਕਿਉਕਿਂ ਡਰ ਨੂੰ ਡਰਾਉਣ ਲਈ ਮਹੌਲ ਸਿਰਜਿਆ ਜਾ ਚੁੱਕਾ ਹੈ।