ਆਕਸਫੋਰਡ ’ਵਰਸਿਟੀ ਦੀ ਕਰੋਨਾ ਵੈਕਸੀਨ ਬਜ਼ੁਰਗਾਂ ’ਤੇ ਕਾਰਗਾਰ

ਲੰਡਨ (ਸਮਾਜ ਵੀਕਲੀ) : ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਕਰੋਨਾਵਾਇਰਸ ਮਹਾਮਾਰੀ ਦਾ ਟੀਕਾ 56-69 ਸਾਲ ਉਮਰ ਗਰੁੱਪ ਦੇ ਲੋਕਾਂ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ’ਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ’ਚ ਅਹਿਮ ਸੁਧਾਰ ਕਰਨ ’ਚ ਕਾਰਗਾਰ ਰਿਹਾ ਹੈ। ਇਸ ਟੀਕੇ ਨਾਲ ਸਬੰਧਤ ਇਹ ਜਾਣਕਾਰੀ ਅੱਜ ‘ਲੈਂਸੇਟ’ ਮੈਗਜ਼ੀਨ ’ਚ ਪ੍ਰਕਾਸ਼ਿਤ ਹੋਈ। ਇਹ ਟੀਕਾ ਭਾਰਤੀ ਸੀਰਮ ਸੰਸਥਾ ਨਾਲ ਮਿਲ ਕੇ ਤਿਆਰ ਕੀਤਾ ਜਾ ਰਿਹਾ ਹੈ।

ਮੈਗਜ਼ੀਨ ’ਚ ਛਪੀ ਰਿਪੋਰਟ ਅਨੁਸਾਰ ਇਸ ਸਬੰਧੀ ਅਧਿਐਨ ’ਚ 560 ਤੰਦਰੁਸਤ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਅਧਿਐਨ ਤੋਂ ਹਾਸਲ ਹੋਏ ਨਤੀਜਿਆਂ ਤੋਂ ਪਤਾ ਲੱਗਾ ਕਿ ‘ਸੀਐੱਚਏਡੀਓਐਕਸ-1 ਐਨਕੋਵ-19’ ਨਾਂ ਦਾ ਇਹ ਟੀਕਾ ਨੌਜਵਾਨਾਂ ਮੁਕਾਬਲੇ ਵੱਧ ਉਮਰ ਵਰਗ ਦੇ ਲੋਕਾਂ ਲਈ ਵਧੇਰੇ ਕਾਰਗਾਰ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਟੀਕਾ ਵੱਧ ਉਮਰ ਦੇ ਲੋਕਾਂ ’ਚ ਕਰੋਨਾਵਾਇਰਸ ਖ਼ਿਲਾਫ਼ ਲੜਨ ਦੀ ਸਮਰੱਥਾ ਵਿਕਸਤ ਕਰ ਸਕਦਾ ਹੈ।

ਖੋਜਕਾਰਾਂ ਨੇ ਦੱਸਿਆ ਕਿ ਇਹ ਅਧਿਐਨ ਦੇ ਨਤੀਜੇ ਹੌਸਲਾ ਵਧਾਉਣ ਵਾਲੇ ਹਨ ਕਿਉਂਕਿ ਵਧੇਰੇ ਉਮਰ ਦੇ ਲੋਕਾਂ ’ਚ ਕੋਵਿਡ-19 ਸਬੰਧੀ ਜੋਖਮ ਵਧੇਰੇ ਹੁੰਦਾ ਹੈ। ਇਸ ਲਈ ਕੋਈ ਅਜਿਹਾ ਟੀਕਾ ਹੋਣਾ ਚਾਹੀਦਾ ਹੈ ਜੋ ਵਧੇਰੇ ਉਮਰ ਵਰਗ ਦੇ ਲੋਕਾਂ ਲਈ ਅਸਰਦਾਰ ਹੋਵੇ। ਆਕਸਫੋਰਡ ਟੀਕਾ ਸਮੂਹ ਨਾਲ ਜੁੜੇ ਡਾਕਟਰ ਮਹੇਸ਼ੀ ਰਾਮਾਸਾਮੀ ਨੇ ਵੱਧ ਉਮਰ ਵਰਗ ਦੇ ਲੋਕਾਂ ’ਚ ਟੀਕੇ ਦੇ ਚੰਗੇ ਨਤੀਜੇ ਸਾਹਮਣੇ ਆਉਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਬਰਤਾਨੀਆ ਆਕਸਫੋਰਡ ਟੀਕੇ ਦੀਆਂ 10 ਕਰੋੜ ਖੁਰਾਕਾਂ ਦੇ ਪਹਿਲਾਂ ਹੀ ਆਰਡਰ ਦੇ    ਚੁੱਕਾ ਹੈ।

Previous articleChina rapidly building infrastructure for its military along LAC
Next articleਡਿਜੀਟਲ ਇੰਡੀਆ ਲੋਕਾਂ ਦੀ ਜੀਵਨਸ਼ੈਲੀ ਬਣਿਆ: ਮੋਦੀ