(ਸਮਾਜ ਵੀਕਲੀ)
ਆਓ ਜਿੰਦਗੀ ਨੂੰ ਸਹੀ ਲੀਹੇ ਪਾਈਏ,ਅੱਜ ਸਮੇਂ ਨੂੰ ਡਾਢੀ ਲੋੜ ਹੈ!
ਨਵ-ਚੇਤਨਾ ਧਰਤੀ ਤੇ ਉਗਾਈਏ,ਕਿਰਤੀ ਕਿਓਂ ਰਿਹੈ ਕਮਜੋਰ ਹੈ !
ਲੰਬੀਆਂ ਵਾਟਾਂ ਪੈਂਡੇ ਗਾਹ ਗਾਹਕੇ,ਧਰਤੀ ਮਾਂ ਦੇ ਵੱਲ ਨੂੰ ਪਰਤੇ ਹਾਂ,
ਇਸਦੀ ਮਿੱਟੀ ਮੱਥਿਆਂ ਤੇ ਲਾਈਏ,ਸਾਡੀ ਲਲਕਾਰ ਚ ਭਾਰੀ ਜੋਰ ਹੈ।
ਉਹ ਬੇਚੈਨ ਜੋ ਅੜੀਅਲ ਬਣ ਬੈਠਾ,’ਚੌਕੀਦਾਰ’ ਸਾਰੇ ਲੁਟੇਰਿਆਂ ਦਾ,
ਉਹਦੇ ਗਲਵੇਂ ਤੱਕ ਹੱਥ ਟਿਕਾਈਏ,ਜੋ ਰੱਖਦੈ ਸਾਡੇ ਨਾਲ ਖੌਹਰ ਹੈ ।
ਕੁੱਝ ਅਕਲੋਂ ਥੋਥੇ ਤੇ ਮਨ ਮਟਮੈਲੇ,ਗੁਰ ਸਮਝਾਉਂਦੇ ਨੇ ਸਾਡੇ ਖੇਤਾਂ ਨੂੰ,
ਉਨਾਂ ਲਈ ਰੋਹੀਲੇ ਬਾਣ ਬਣ ਜਾਈਏ,ਪਾਪ ਦੀ ਘਟਾ ਘਨਘੋਰ ਹੈ।
ਖਲਕਤ ਜਾਗੀ ਖੇਤ ਜਾਗ ਪਏ,ਹੁਣ ਬਾਸ਼ਿੰਦੇ ਤਾਂ ਨਹੀਂ ਭਰਮਾ ਹੋਣੇ,
ਕਲਮਾਂ ਨੂੰ ਮੜਕ ਦੀ ਤੋਰੇ ਪਾਈਏ,ਜੁਲਮ ਦੀ ਰਮਜ਼ ਹੋਰ ਦੀ ਹੋਰ ਹੈ ।
ਸੱਤਾ ਜਿਵੇਂ ਬਘਿਆੜਾਂ ਦਾ ਹੈ ਜੰਗਲ,ਹੱਥ ਧੋ ਕੇ ਪਏ ਹਲਵਾਹਕਾਂ ਨੂੰ,
ਦਿੱਲੀ ਦੇ ਮਾਰੂ ਇਰਾਦੇ ਢਾਈਏ,ਦਿਲ ਦਰਿਆਵਾਂ ਦੀ ਅਣਖੀ ਤੋਰ ਹੈ।
ਰਾਜਸੱਤਾ ਦੀਆਂ ਠੇਠਰ ਜਿਣਸਾਂ ਵੀ,ਕੂੜ ਪਰਚਾਰ ਵੱਲ ਤੁਰ ਰਹੀਆਂ,
ਇਨ੍ਹਾਂ ਗੋਦੀ ਠੂਠਿਆਂ ਨੂੰ ਵੀ ਸਬਕ ਸਿਖਾਈਏ,ਜੋ ਬੋਲਦੇ ਹੋ ਡੌਰ ਭੌਰ ਹੈ ।
ਸਿੱਖ ਇਤਿਹਾਸ ਤੇ ਅਜਾਦੀ ਅੰਦੋਲਨ,ਸਾਨੂੰ ਜੀਵਨ ਮਾਰਗ ਦੱਸਦੇ ਨੇ,
ਉਨ੍ਹਾਂ ਪੰਨਿਆਂ ਨੂੰ ਸੀਸ ਝੁਕਾਈਏ,ਅਣਖੀ ਭਾਵਾਂ ਦਾ ਜੋ ਕੁੱਲ ਨਿਚੋੜ ਹੈ!
ਐਡੀ ‘ਸੂਰਮੀ ਪੱਦਵੀ ‘ ਵਾਲਾ ਸੁਰੱਖਿਆ ਕਵਚ ਵਿੱਚੇ ਵੀ ਡਹਿਲ ਰਿਹਾ,
ਜੁਮਲੇਬਾਜ ਨੂੰ ਬਾਹਰਲਾ ਰਾਹ ਦਿਖਾਈਏ,ਗੱਪੀ ਫੋਕੀ ਰੱਖਦੈ ਟੌਹਰ ਹੈ ।
ਸੁਖਦੇਵ ਸਿੱਧੂ