ਆਓ ਜਾਣੀਏ ਕਿਯੂ. ਆਰ. (Q R) ਕੋਡ ਬਾਰੇ..

ਅੱਜਕੱਲ੍ਹ ਤੁਸੀਂ ਟੀਵੀ ਅਤੇ ਹੋਰ ਮੀਡੀਆ ਇਸ਼ਤਿਹਾਰਾਂ ਵਿੱਚ ਕਿਯੂ. ਆਰ. ਕੋਡ ਬਾਰੇ ਬਹੁਤ ਸੁਣਿਆ-ਵੇਖਿਆ ਹੋਵੇਗਾ। ਆਓ, ਫਿਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿ ਯੂ. ਆਰ. ਕੋਡ ਹੁੰਦਾ ਕੀ ਹੈ ? ਅਤੇ ਇਹ ਕਿਵੇਂ ਕੰਮ ਕਰਦਾ ਹੈ। ਕਿਯੂ. ਆਰ. ਕੋਡ ਦਾ ਪੂਰਾ ਨਾਮ ਹੈ ‘ਕੁਇੱਕ ਰੈਸਪੌਂਸ ਕੋਡ ’ ਭਾਵ ਤੇਜ਼ੀ ਨਾਲ ਜਵਾਬ ਜਾਂ ਕੰਮ ਕਰਨ ਵਾਲਾ ਸੰਪਾਦਿਤ ਡਾਟਾ। ਇਸ ਦੀ ਖੋਜ ਇਕ ਜਪਾਨੀ ਕੰਪਨੀ ‘ਦੇਨਸੋ ਵੈਵ’ ਵਿੱਚ ਕੰਮ ਕਰਦੇ ਕਰਮਚਾਰੀ ‘ਮਸਾਹੀਰੋ ਹਾਰਾ’ ਅਤੇ ਉਨ੍ਹਾਂ ਦੀ ਟੀਮ ਦੁਆਰਾ 1994 ਵਿੱਚ ਕੰਪਨੀ ਦੇ ਗ੍ਰਾਹਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ।

ਕਿਯੂ. ਆਰ ਕੋਡ ਵਿੱਚ ਤੁਸੀਂ ਆਪਣਾ ਅਕਾਊਂਟ ਨੰਬਰ, ਉਤਪਾਦ ਵੇਰਵੇ, ਟੈਕਸਟ, ਕਿਸੇ ਵੈੱਬਸਾਈਟ ਦਾ ਯੂ.ਆਰ.ਅੇਲ, ਈਮੇਲ, ਐੱਸ.ਐਮ.ਐੱਸ, ਆਪਣੀ ਲੋਕੇਸ਼ਨ, ਵਾਈ-ਫਾਈ ਪਾਸਵਰਡ, ਸੰਪਰਕ ਨੰਬਰ ਆਦਿ ਸੂਚਨਾ ਨੂੰ ਇਕ ਇਨਕਰਪਟ ਕੋਡ ਵਿੱਚ ਤਬਦੀਲ ਕਰ ਸਕਦੇ ਹੋ ਜਿਸ ਨੂੰ ਸਕੈਨਰ ਜਾਂ ਅੱਜਕੱਲ੍ਹ ਮੋਬਾਈਲ ਕੈਮਰੇ ਦੀ ਸਹਾਇਤਾ ਨਾਲ ਸਕੈਨ ਕਰ ਆਪਣੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਅਜਿਹੇ ਕੋਡ ਨੂੰ ਰੀਡ ਕਰਨ ਲਈ ਤੁਹਾਨੂੰ ਆਪਣੇ ਮੋਬਾਈਲ ਵਿੱਚ ਕਿਯੂ.ਆਰ. ਰੀਡਰ ਸਾਫਟਵੇਅਰ ਇੰਸਟਾਲ ਕਰਨਾ ਪਵੇਗਾ। ਤੁਸੀਂ ਇਸ ਨੂੰ ਇੱਕ ਰਸਾਲੇ ਦੇ ਇਸ਼ਤਿਹਾਰ ਵਿੱਚ, ਇੱਕ ਵੈੱਬ ਪੇਜ ਜਾਂ ਕਿਸੇ ਦੀ ਟੀ-ਸ਼ਰਟ ਤੇ ਵੀ ਦੇਖ ਸਕਦੇ ਹੋ। ਇਕ ਵਾਰ ਜਦੋਂ ਇਹ ਤੁਹਾਡੇ ਸੈੱਲ ਫ਼ੋਨ ਵਿਚ ਆ ਜਾਂਦਾ ਹੈ, ਤਾਂ ਇਹ ਤੁਹਾਨੂੰ ਉਸ ਉਤਪਾਦ ਬਾਰੇ ਵੇਰਵੇ ਦੇ ਸਕਦਾ ਹੈ ।

ਤੁਹਾਡਾ ਕਾਰੋਬਾਰ, ਭਾਵੇਂ ਕਿੰਨਾ ਵੀ ਛੋਟਾ ਹੋਵੇ ਜਾਂ ਵੱਡਾ, ਕਿਊ.ਆਰ. ਕੋਡ ਨੂੰ ਤੁਸੀਂ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੀ ਵੈੱਬਸਾਈਟ ਤੇ ਹਰੇਕ ਉਤਪਾਦ ਲਈ ਕਿਊ. ਆਰ. ਕੋਡ ਬਣਾ ਸਕਦੇ ਹੋ, ਜਿਸ ਵਿਚ ਸਾਰੇ ਉਤਪਾਦ ਵੇਰਵੇ ਪਾ ਸਕਦੇ ਹੋ। ਤੁਸੀਂ ਆਪਣੇ ਕਾਰੋਬਾਰੀ ਕਾਰਡ ਵਿੱਚ ਆਪਣੇ ਸੰਪਰਕ ਵੇਰਵੇ ਵਾਲੇ ਲਿੰਕ ਨੂੰ ਸ਼ਾਮਲ ਕਰ ਸਕਦੇ ਹੋ। ਉਦਾਹਰਨ ਵਜੋ ਤੁਸੀਂ ਗ੍ਰਾਹਕ ਨੂੰ ਆਪਣਾ ਕਿਯੂ. ਆਰ. ਕੋਡ ਮੁਹੱਈਆ ਕਰਵਾ ਕੇ ਭੁਗਤਾਨ ਸਿੱਧਾ ਆਪਣੇ ਅਕਾਊਟ ਵਿੱਚ ਕਰਵਾ ਸਕਦੇ ਹੋ। ਫ਼ਿਲਮਾਂ ਅਤੇ ਖੇਡ ਟਿਕਟਾਂ ਵਿੱਚ ਵੀ ਕਿਊ.ਆਰ. ਕਾਰਡ ਦੀ ਤਕਨੀਕ ਵਰਤੀ ਜਾ ਰਹੀ ਹੈ। ਇੱਕ ਕੂਪਨ ਦੇ ਰੂਪ ਵਿੱਚ ਇਸ ਦੀ ਜਿਸ ਦੀ ਵਰਤੋਂ ਤੁਸੀਂ ਸਥਾਨਕ ਆਊਟਲੈੱਟ ਵਿੱਚ ਕਰ ਸਕਦੇ ਹੋ ।

ਕਿਯੂ. ਆਰ. ਕੋਡ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਵਿੱਚ ਗ਼ਲਤੀ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ ਕਿਉਂਕਿ ਸਕੈਨ ਕਰਨ ਨਾਲ ਹੀ ਡਾਟਾ ਸਿੱਧਾ ਤੁਹਾਨੂੰ ਆਪਣੇ ਡਿਵਾਈਸ ਉੱਤੇ ਪ੍ਰਾਪਤ ਹੋ ਜਾਂਦਾ ਹੈ। ਇਸ ਤਕਨੀਕ ਵਿੱਚ ਡਾਟਾ ਟਰਾਂਸਫ਼ਰ ਕਰਨ ਨੂੰ ਸਿਰਫ਼ ਇਕ ਜਾਂ ਦੋ ਸਕਿੰਟ ਦਾ ਸਮਾਂ ਲੱਗਦਾ ਹੈ ਜਦ ਕਿ ਦਸਤੀ ਕੰਮ ਕਰਨ ਲਈ ਸਮਾਂ ਜ਼ਿਆਦਾ ਬਰਬਾਦ ਹੁੰਦਾ ਹੈ। ਬਾਰ ਕੋਡ ਤਕਨੀਕ ਵਿੱਚ ਜਿੱਥੇ ਸਿਰਫ ਅਲਫਾ ਨੁਮੇਰਿਕ ਇਨਪੁੱਟ ਹੀ ਦਿੱਤੀ ਜਾ ਸਕਦੀ ਹੈ ਉੱਤੇ ਕਿਯੂ. ਆਰ. ਕੋਡ ਵਿੱਚ ਇਸ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ।

ਅੱਜਕਲ੍ਹ ਕਈ ਪ੍ਰਸਿਧ ਰੋਜ਼ਾਨਾ ਅਖ਼ਬਾਰ ਆਪਣੀ ਵੈਬਸਾਈਟ, ਵੈੱਬ ਟੀ.ਵੀ, ਫੈਸਬੁੱਕ ਆਦਿ ਦਾ ਲਿੰਕ ਵੀ ਕਿਯੂ.ਆਰ. ਕੋਡ ਜ਼ਰੀਏ ਪ੍ਰਕਾਸ਼ਿਤ ਕਰਦੇ ਹਨ ਤਾਂ ਜੋ ਪਾਠਕ ਸਿਰਫ ਤਸਵੀਰ ਸਕੈਨ ਕਰਨ ਉਪਰੰਤ ਸਿੱਧਾ ਹੀ ਉਸ ਵੈਬ ਲਿੰਕ ਨੂੰ ਆਪਣੇ ਫੋਨ ਉੱਤੇ ਖੋਲ ਸਕਣ ।
ਤੁਸੀਂ ਕਿਯੂ. ਆਰ. ਕੋਡ ਨੂੰ ਆਪਣੇ ਘਰ ਬੈਠੇ ਹੀ ਤਿਆਰ ਕਰ ਸਕਦੇ ਹੋ ਇਸ ਲਈ ਤੁਹਾਨੂੰ ਆਪਣੇ ਮੋਬਾਈਲ ਉੱਤੇ ਕਈ ਐਪ ਜਾਂ ਵੈੱਬਸਾਈਟ ਮਿਲ ਜਾਣਗੀਆਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਲੋੜ ਅਨੁਸਾਰ ਆਪਣਾ ਕੋਡ ਤਿਆਰ ਕਰ ਸਕਦੇ ਹੋ।
https://www.qrcode-monkey.com/ ਨਾਮਕ ਵੈੱਬਸਾਈਟ ਤੁਹਾਨੂੰ ਮੁਫ਼ਤ ਕਿਯੂ. ਆਰ ਕੋਡ ਬਣਾਉਣ ਦੀ ਮੁਫ਼ਤ ਸੁਵਿਧਾ ਪ੍ਰਦਾਨ ਕਰਦੀ ਹੈ। ਅੱਜਕੱਲ੍ਹ ਤੁਸੀ ਪੈ.ਟੀਐਮ, ਭੀਮ ਐਪ, ਉਮੰਗ, ਫੋਨ-ਪੇ ਆਦਿ ਐਪਲੀਕੇਸ਼ਨਾਂ ਬਾਰੇ ਸੁਣਿਆ ਹੋਵੇਗਾ ਜਿਹੜੀਆਂ ਕਿ ਇਸ ਤਕਨੀਕ ਦਾ ਇਸਤੇਮਾਲ ਕਰ ਰਹੀਆਂ ਹਨ।

ਇਸ ਲੇਖ ਨਾਲ ਦਿੱਤੀ ਹੋਈ ਤਸਵੀਰ ਵਿੱਚ ਕਿਯੂ.ਆਰ. ਕੋਡ ਦੇ ਰੂਪ ਵਿੱਚ ਮੇਰਾ ਈਮੇਲ ਪਤਾ ਹੈ ਜਿਸ ਨੂੰ ਤੁਸੀ ਸਕੈਨ ਕਰ ਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ।

ਜਗਜੀਤ ਸਿੰਘ ਗਣੇਸ਼ਪੁਰ

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਤਹਿ: ਗੜਸ਼ੰਕਰ,
ਜ਼ਿਲ੍ਹਾ ਹੁਸ਼ਿਆਰਪੁਰ ।
ਮੋ:94655-76022

Previous articleAfter CBI grilling, Mukul Roy alleges conspiracy by Mamata
Next articleਅਮਰੀਕਾ ਚ’ ਦਸਤਾਰਧਾਰੀ ਸਿੱਖ ਨੂੰ ਗੋਲ਼ੀਆਂ ਮਾਰ ਕੇ ਕੀਤਾ ਹਲਾਕ