(ਸਮਾਜ ਵੀਕਲੀ)
ਮਨੁੱਖ ਹੋਰ ਜੀਵ ਜੰਤੂਆਂ ਨਾਲ਼ੋਂ ਇਸ ਲਈ ਅਲੱਗ ਹੈ ਕਿ ਇਸ ਕੋਲ ਦਿਮਾਗ਼ ਹੈ , ਸੋਚਣ ਤੇ ਸਮਝਣ ਦੀ ਸ਼ਕਤੀ ਹੈ , ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਲਈ ਬੋਲਣ ਦੀ ਸਮਰੱਥਾ ਹੈ , ਸੋਚਾਂ ਸੋਚਣ ਦੀ ਕਲਪਨਾ ਸ਼ਕਤੀ ਹੈ ਅਤੇ ਉਸ ਕਲਪਨਾ ਰੂਪੀ ਸੁਪਨੇ ਨੂੰ ਪੂਰਾ ਕਰਨ ਦੀ ਸੋਝੀ ਹੈ ।
ਪਰੰਤੂ ਕੀ ਮਨੁੱਖ ਨੇ ਕਦੇ ਇਹ ਸੋਚਿਆ ਹੈ ਕਿ ਉਸ ਦੀਆਂ ਦੁੱਖ ਤਕਲੀਫ਼ਾਂ ਦੇ ਕਾਰਨ ਵੀ ਇਹ ਸਾਰੀਆਂ ਸ਼ਕਤੀਆਂ ਹੀ ਬਣ ਰਹੀਆਂ ਹਨ । ਕੀ ਅਸੀਂ ਕਦੇ ਕਿਸੇ ਹੋਰ ਜੀਵ ਜੰਤੂ ਅਤੇ ਪਸ਼ੂ ਪੰਛੀ ਨੂੰ ਅੈਨਾ ਦੁਖੀ ਵੇਖਿਆ ਹੈ ਜਿੰਨਾਂ ਕਿ ਮਨੁੱਖ । ਉਹਨਾਂ ਨੂੰ ਕੋਈ ਸਰੀਰਕ ਕਸ਼ਟ ਤਾਂ ਹੋ ਸਕਦਾ ਹੈ ਲੇਕਿਨ ਮਾਨਸਿਕ ਦੁੱਖ ਨਹੀਂ , ਸਾਨੂੰ ਮਾਨਸਿਕ ਪੀੜ ਸਾਡੀ ਯਾਦ ਸ਼ਕਤੀ ਹੀ ਦੇ ਰਹੀ ਹੈ । ਅਸੀਂ ਕਈ ਕਈ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਦਿਮਾਗ਼ ਵਿੱਚ ਦੁਹਰਾਅ ਕੇ ਦੁਖੀ ਹੁੰਦੇ ਰਹਿੰਦੇ ਹਾਂ ਤੇ ਜਾਂ ਫਿਰ ਆਉਂਣ ਵਾਲ਼ੇ ਸਮੇਂ ਦੀਆਂ ਕਲਪਿਤ ਤਕਲੀਫ਼ਾਂ ਦੇ ਡਰ ਤੋਂ ਮਾਨਸਿਕ ਬੀਮਾਰੀਆਂ ਸਹੇੜਦੇ ਰਹਿੰਦੇ ਹਾਂ । ਅਸੀਂ ਅੱਜ ਵਿੱਚ ਤਾਂ ਜਿਉਂਣਾ ਜਿਵੇਂ ਭੁੱਲ ਹੀ ਗਏ ਹਾਂ ।
ਸਿਆਣਿਆਂ ਦਾ ਕਥਨ ਹੈ ਕਿ ਜੇਕਰ ਤੁਸੀਂ ਆਪਣਾ ਭਵਿੱਖ ਚੰਗਾ ਬਣਾਉਂਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਵਰਤਮਾਨ ਨੂੰ ਚੰਗਾ ਬਣਾਉਂਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ । ਲੋਕ ਆਪਣੇ ਪਿਓ ਦਾਦੇ ਦੀਆਂ ਚੰਗਿਆਈਆਂ ਅਤੇ ਪ੍ਰਾਪਤੀਆਂ ਦੇ ਕਿੱਸੇ ਸੁਣਾ ਸੁਣਾ ਕੇ ਤਾਂ ਚੌੜੇ ਹੁੰਦੇ ਰਹਿੰਦੇ ਹਨ ਪ੍ਰੰਤੂ ਇਹ ਨਹੀਂ ਸੋਚਦੇ ਕਿ ਕੀ ਉਹ ਚੰਗੇ ਗੁਣ ਸਾਡੇ ਆਪਣੇ ਵਿੱਚ ਵੀ ਹਨ ਜਾਂ ਸਾਡੀਆਂ ਆਪਣੀਆਂ ਪ੍ਰਾਪਤੀਆਂ ਕੀ ਹਨ ।
ਦੂਸਰੇ ਪਾਸੇ ਉਹ ਆਪਣੇ ਬੱਚਿਆਂ ਦੀ ਪੜਾ੍ਈ ਲਿਖਾਈ ਅਤੇ ਰੋਜ਼ਗਾਰ ਨੂੰ ਲੈ ਕੇ ਤਾਂ ਹਰ ਵੇਲ਼ੇ ਸੋਚਦੇ ਰਹਿੰਦੇ ਹਨ ਇੱਥੋਂ ਤੱਕ ਕਿ ਵਡੇਰੀ ਉਮਰ ਵਿੱਚ ਪੋਤਰੇ ਪੋਤਰੀਆਂ ਦਾ ਫਿਕਰ ਵੀ ਕਰਦੇ ਰਹਿੰਦੇ ਹਨ ਲੇਕਿਨ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਕਿ ਆਪਣੀਆਂ ਪ੍ਰਾਪਤੀਆਂ ਦੀ ਲਿਸਟ ਹੋਰ ਲੰਮੀ ਕਰੀਏ , ਪੁੱਤ ਪੋਤੇ ਤਾਂ ਸਾਡੀਆਂ ਪ੍ਰਾਪਤੀਆਂ ਅਤੇ ਚੰਗਿਆਈਆਂ ਵੇਖ ਸੁਣ ਕੇ ਹੀ ਬਹੁਤ ਕੁੱਝ ਗ੍ਰਹਿਣ ਕਰ ਲੈਣਗੇ ।
ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਮਨੁੱਖ ਨੂੰ ਬੀਤੇ ਵਕਤ ‘ਤੇ ਝੂਰਨ ਅਤੇ ਆਉਂਣ ਵਾਲ਼ੇ ਸਮੇਂ ਦੇ ਫ਼ਿਕਰ ਨੂੰ ਭੁਲਾ ਕੇ ਵਰਤਮਾਨ ਚੰਗੇਰਾ ਹੋਰ ਚੰਗੇਰਾ ਬਣਾਉਂਣ ਲਈ ਦਿਨ ਰਾਤ ਇੱਕ ਕਰਨਾ ਚਾਹੀਦਾ ਹੈ , ਫ਼ਲ ਦੀ ਇੱਛਾ ਅਤੇ ਚਿੰਤਾ ਬਹੁਤੀ ਨਹੀਂ ਕਰਨੀ ਚਾਹੀਦੀ । ਫਲ ਤਾਂ ਦੇਰ ਸਵੇਰ ਮਿਲ ਹੀ ਜਾਂਦਾ ਹੈ ਭਾਵੇਂ ਕਿਸੇ ਵੀ ਰੂਪ ਵਿੱਚ ਮਿਲੇ , ਇਸ ਤੋਂ ਇਲਾਵਾ ਆਪਣੇ ਵਾਰਸਾਂ ਲਈ ਧਨ ਦੌਲਤ ਜਮਾਂ ਕਰਨ ਦੀ ਦੌੜ ਵਿੱਚ ਉਹ ਆਪਣੀਆਂ ਮੁਢਲੀਆਂ ਲੋੜਾਂ ਨੂੰ ਵੀ ਦਰ ਕਿਨਾਰ ਕਰਦੇ ਰਹਿੰਦੇ ਹਨ ਜਿਹੜੀਆਂ ਹੌਲ਼ੀ ਹੌਲ਼ੀ ਕਈ ਸਰੀਰਕ ਅਤੇ ਮਾਨਸਿਕ ਤਕਲੀਫ਼ਾਂ ਦਾ ਕਾਰਨ ਬਣਦੀਆਂ ਰਹਿੰਦੀਆਂ ਹਨ , ਕਈ ਵਾਰੀ ਤਾਂ ਓਹੀ ਵਾਰਸ ਉਹਨਾਂ ਦੀ ਧਨ ਦੌਲਤ ਦੀ ਵਰਤੋਂ ਦੀ ਬਜਾਏ ਦੁਰ-ਵਰਤੋਂ ਵੀ ਉਹਨਾਂ ਦੇ ਜਿਉਂਦੇ ਜੀਅ ਕਰਦੇ ਵੇਖੇ ਜਾਂਦੇ ਹਨ ਜਿਹੜੀ ਕਿ ਨਾ-ਕਾਬਿਲੇ ਬਰਦਾਸ਼ਤ ਹੁੰਦੀ ਹੈ ।
ਇਸ ਲਈ ਅਜੇ ਵੀ ਮੌਕਾ ਹੈ ਕਿ ਅਸੀਂ ਰੁਲ਼ਦੂ ਬੱਕਰੀਆਂ ਵਾਲ਼ੇ ਦੀ ਇਸ ਗੱਲ ਨੂੰ ਹਮੇਸ਼ਾ ਆਪਣੇ ਲੜ ਨਾਲ਼ ਬੰਨ੍ ਕੇ ਰੱਖੀਏ ।
ਆਓ ਕਿ ਅੱਜ ਨੂੰ ਮਾਣੀਏਂ ,
ਕੀ ਪਤਾ ਹੈ ਕੱਲ੍ ਸਵੇਰੇ ਦਾ ।
ਅੱਜ ਖਿੜੀ ਹੈ ਚੰਨ ਚਾਨਣੀ,
ਕੱਲ੍ ਨੂੰ ਪੱਖ ਹਨੇਰੇ ਦਾ ।
ਪੱਖ ਹਨੇਰੇ ਦੀ ਵੀ ਆਪਣੀ ,
ਹੁੰਦੀ ਹੈ ਮੁਨਿਆਦ ਕੋਈ ;
ਕਾਲ਼ੀ ਰਾਤ ਦੀ ਕੁੱਖ ਚੋਂ ਉਗਦੈ
ਸੂਰਜ ਸੁਰਖ਼ ਸਵੇਰੇ ਦਾ ।
ਮੂਲ ਚੰਦ ਸ਼ਰਮਾ ਪ੍ਰਧਾਨ,
ਪੰਜਾਬੀ ਸਾਹਿਤ ਸਭਾ ਧੂਰੀ ਜਿਲਾ੍ ਸੰਗਰੂਰ
9478408898