ਅਬੂ ਧਾਬੀ (ਸਮਾਜ ਵੀਕਲੀ) : ਹੈਦਰਾਬਾਦ ਸਨਰਾਈਜ਼ਰਜ਼ ਦੀ ਟੀਮ ਆਈਪੀਐੱਲ ਦੇ ਐਲਿਮੀਨੇਟਰ ਮੁਕਾਬਲੇ ਵਿੱਚ ਰੌਇਲ ਚੈਲੇਂਜਰ ਬੰਗਲੌਰ ਦੀ ਟੀਮ ਨੂੰ ਛੇ ਵਿਕਟਾਂ ਦੀ ਸ਼ਿਕਸਤ ਦਿੰਦਿਆਂ ਦੂਜੇ ਕੁਆਲੀਫਾਇਰ ਵਿੱਚ ਪੁੱਜ ਗਈ ਹੈ, ਜਿੱਥੇ ਉਸ ਦਾ ਮੁਕਾਬਲਾ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾ ਕੁਆਲੀਫਾਇਰ ਜਿੱਤ ਕੇ ਪਹਿਲਾਂ ਹੀ ਫਾਈਨਲ ਵਿੱਚ ਪੁੱਜ ਚੁੱਕੀ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲੌਰ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 131 ਦੌੜਾਂ ਬਣਾਈਆਂ ਸੀ ਤੇ ਹੈਦਰਾਬਾਦ ਦੀ ਟੀਮ ਨੇ ਇਸ ਟੀਚੇ ਨੂੰ 19.4 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 132 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਹੈਦਰਾਬਾਦ ਦੀ ਟੀਮ ਲਈ ਕੇਨ ਵਿਲੀਅਮਸਨ ਤੇ ਜੇਸਨ ਹੋਲਡਰ ਨੇ ਕ੍ਰਮਵਾਰ ਨਾਬਾਦ 50 ਤੇ 24 ਦੌੜਾਂ ਬਣਾਈਆਂ। ਕਪਤਾਨ ਡੇਵਿਡ ਵਾਰਨਰ ਨੇ 17 ਤੇ ਮਨੀਸ਼ ਪਾਂਡੇ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਆਰਸੀਬੀ ਲਈ ਕਪਤਾਨ ਵਿਰਾਟ ਕੋਹਲੀ 6 ਦੌੜਾਂ ਬਣਾ ਕੇ ਇਕ ਵਾਰ ਮੁੜ ਨਾਕਾਮ ਰਿਹਾ। ਏ.ਬੀ.ਡਿਵਿਲੀਅਰਜ਼ (56) ਤੇ ਆਰੋਨ ਫਿੰਚ (32) ਨੇ ਹੀ ਪਿੱਚ ’ਤੇ ਖੜ੍ਹਨ ਦਾ ਦਮ ਵਿਖਾਇਆ।