ਅੱਜ ਦੇ ਪ੍ਰਸੰਗ ਵਿਚ ਨਾਵਲ ‘1984’

ਅਮਰਜੀਤ ਚੰਦਰ

(ਸਮਾਜ ਵੀਕਲੀ)- ਸਾਹਿਤ ਦੀ ਤਰੀਫ ਵਿਚ ਕਹੀਆ ਜਾਣ ਵਾਲੀਆਂ ਬਹੁਤ ਸਾਰੀਆਂ ਗੱਲਾਂ ਵਿਚੋਂ ਇਕ ਗੱਲ ਇਹ ਵੀ ਹੈ ਕਿ ਸਾਹਿਤ ਭਵਿੱਖ ਨੂੰ ਵੀ ਦੇਖਦਾ ਹੈ। ਖੋਜ਼ਕਰਤਾਵਾਂ ਨੇ ਬਹੁਤ ਸਾਰੀਆਂ ਉਦਾਰਹਣਾਂ ਦੇ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਹਿਤ ਦੀ ਇਸ ਸ਼ਕਤੀ ਨੂੰ ਯਾਦ ਕਰਦਿਆਂ ਅੱਜ ਇਕ ਅੰਗਰੇਜ਼ੀ ਨਾਵਲ ਦੇ ਬਾਰੇ ਦੱਸਣਾ ਚਾਹੰੁਦਾ ਹਾਂ। ਇਕ ਮੈਗਜ਼ੀਨ ‘ਟਾਇਮ’ ਨੇ ਸੰਨ 1945 ਤੋਂ ਬਾਅਦ ਸੱਭ ਤੋਂ ਮਹੱਤਵਪੂਰਨ ਬ੍ਰਿਟਿਸ਼ ਲੇਖਕਾਂ ਦੀ 2014 ਵਿਚ ਇਕ ਸੂਚੀ ਪ੍ਰਕਾਸਿ਼ਤ ਕੀਤੀ ਸੀ।ਇਕ ਲੇਖਕ ਵਲੋਂ ਇਕ ਨਾਵਲ ਲਿਖਿਆ ਗਿਆ ਜਿਸ ਦਾ ਨਾਮ ਇਸ ਸੂਚੀ ਵਿਚ ਦੂਜੇ ਨੰਬਰ ਤੇ ਸੀ, ਭਾਵੇਂ ਪ੍ਰਕਾਸਿ਼ਤ ਹੋਣ ਤੋਂ ਬਾਅਦ ਇਸ ਨਾਵਲ ਦੀ ਚਰਚਾ ਅਤੇ ਪ੍ਰਸੰਸਾ ਕੀਤੀ ਗਈ,ਕੁਝ ਹੱਦ ਤੱਕ ਇਹ ਵਿਵਾਦਪੂਰਨ ਹੈ,ਪਰ ਇੱਥੇ ਇਸ ਨਾਵਲ ਦੀ ਸ਼ਲਾਘਾ ਇਹ ਕਹਿ ਕੇ ਕੀਤੀ ਜਾ ਰਹੀ ਹੈ ਕਿ ਇਹ ਕੰਮ ਇਕ ਸਾਹਿਤ ਰਾਹੀ ਸ਼ਾਨਦਾਰ ਪੇਸ਼ ਕੀਤਾ ਗਿਆ ਹੈ।ਮੈਂ ‘ਜਾਰਜ ਓਰਵੈਲ’ ਦੇ ਨਾਵਲ ‘1984’ਦੀ ਗੱਲ ਕਰ ਰਿਹਾ ਹਾਂ।ਇਹ ਨਾਵਲ ਵੀਹਵੀ ਸਦੀ ਦੇ ਸਰਵੋਤਮ ਨਾਵਲਾਂ ਵਿਚੋਂ ਇਕ ਗਿਣਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਲੇਖਕ ਚਾਹੰੁਦਾ ਸੀ ਕਿ ਨਾਵਲ ਦਾ ਸਿਰਲੇਖ ‘ਦਾ ਲੌਸਟ ਮੈਨ ਆਫ ਯੋਰਪ’ਹੋਵੇ,‘1984’ ਉਸ ਦਾ ਬਦਲਵਾਂ ਸਿਰਲੇਖ ਹੋਵੇ। ਪ੍ਰਕਾਸ਼ਕ ਨੂੰ ਇਹ ਵਿਕਲਪਿਕ ਸਿਰਲੇਖ ਵਪਾਰਕ ਤੌਰ ਤੇ ਵਧੇਰੇ ਆਕਰਸ਼ਕ ਲੱਗਿਆ ਅਤੇ ਇਸ ਦੇ ਨਾਲ ਹੀ ਸਿਰਲੇਖ ਤੇ ਲੇਖਕ ਦੀ ਰਾਏ ਪਿੱਛੇ ਰਹਿ ਗਈ।

ਸਾਡੇ ਲਈ ਇਹ ਜਾਣਨਾ ਵੀ ਦਿਲਚਸਪ ਹੈ ਕਿ ਇਸ ਨਾਵਲ ਦੇ ਲੇਖਕ ‘ਜਾਰਜ ਓਰਵੈਲ’ ਦਾ ਜਨਮ ਇਕ ਸਧਾਰਣ ਜਿਹੇ ਅੱਜ ਦੇ ਬਿਹਾਰ ਦੇ ਪਿੰਡ ਵਿਚ ਅਤੇ ਉਦੋਂ ਦੇ ਬੰਗਾਲ ਸੂਬੇ ਦੇ ਮੋਤੀਹਾਰੀ ਵਿਚ ਇਕ ਬਹੁਤ ਹੀ ਸਧਾਰਨ ਜਗ੍ਹਾ ਵਿਚ ਇਕ ਸਧਾਰਨ ਜਿਹੇ ਇਕ ਸਰਕਾਰੀ ਬੰਗਲੇ ਵਿਚ ਹੋਇਆ ਸੀ। ਇਸ ਸਰਕਾਰੀ ਬੰਗਲੇ ਵਿਚ ਰਹਿਣ ਵਾਲਾ ਰਿਚਰਡ ਬਲੇਅਰ ਬ੍ਰਿਟਿਸ਼ ਸਰਕਾਰ ਵਿਚ ਅਫੀਮ ਵਿਭਾਗ ਵਿਚ ਮੁਲਾਜ਼ਮ ਸੀ।ਉਹ ਸੰਨ 1875 ਵਿੱਚ ਭਾਰਤ ਆਏ ਸਨ।ਰਿਚਰਡ ਅਤੇ ਇਡਾ ਮੇਬਲ ਦੇ ਘਰ ਜਨਵਰੀ 1903 ਵਿਚ ਇਕ ਬੱਚੇ ਨੇ ਜਨਮ ਲਿਆ ਸੀ,ਜਿਸ ਦਾ ਨਾਮ ‘ਐਰਿਕ ਆਰਥਰ’ਸੀ।ਜਨਮ ਤੋ ਅਗਲੇ ਹੀ ਦਿਨ ਇਹ ਬੱਚਾ ਆਪਣੀ ਮਾਂ ਦੇ ਨਾਲ ਲੰਡਨ ਚਲਾ ਗਿਆ ਅਤੇ ਫਿਰ 1922 ਵਿਚ ‘ਇੰਪੀਰੀਅਲ ਪੁਲਿਸ’ਦਾ ਏਐਸਪੀ ਬਣ ਕੇ ਭਾਰਤ ਵਾਪਸ ਆ ਗਿਆ।ਉਸ ਦੀ ਬਰਮਾ ਵਿਚ ਪਹਿਲੀ ਪੋਸਟਿੰਗ ਹੋ ਗਈ। ਇਹ ਨੌਕਰੀ ਬਹੁਤ ਵਧੀਆ ਸੀ ਅਤੇ ਤਨਖਾਰ ਉਸ ਸਮੇਂ ਉਸ ਦੀ ਸਾਢੇ ਛੇ ਸੌ ਪੌਂਡ ਮਹੀਨਾ ਸੀ। ਪਰ ‘ਐਰਿਕ ਆਰਥਰ’ ਇਸ ਨੌਕਰੀ ਤੋਂ ਖੁਸ਼ ਨਹੀ ਸੀ, ਆਖਰ ਉਸ ਨੇ ਇਕ ਫੁੱਲ-ਟਾਇਮ ਲੇਖਕ ਬਣਨ (ਵਧੀਆ ਲੇਖਕ) ਲਈ ਸੰਨ 1927 ਵਿਚ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ।ਬਹੁਤ ਸਾਰੇ ਸਿਆਣੇ ਲੋਕਾਂ ਦੇ ਸਮਝਾਉਣ ਤੇ ਵੀ ਉਹ ਆਪਣੀ ਜਿੱਦ ਤੇ ਅੜੇ ਰਹੇ।ਨੌਕਰੀ ਛੱਡਣ ਤੋਂ ਤੁਰੰਤ ਬਾਅਦ ਹੀ ਉਸ ਨੇ ਆਪਣੇ ਲਈ ਇਕ ਨਵਾਂ ਨਾਮ ਰੱਖਣ ਦਾ ਫੈਸਲਾ ਕੀਤਾ ਉਹ ਨਾਮ ਸੀ ‘ਓਰਵੈਲ ਜਾਰਜ’।

‘ਓਰਵੈਲ ਜਾਰਜ’ ਨੂੰ ਬਹੁਤ ਜਿਆਦਾ ਲੰਬਾ ਜੀਵਨ ਨਹੀ ਮਿਲਿਆ। “1984” ਨਾਵਲ ਉਸ ਨੇ 1947-48 ਵਿਚ ਆਪਣੇ ਛੋਟੇ ਜਿਹੇ ਜੀਵਨ ਵਿਚ ਹੀ ਲਿਖ ਲਿਆ,ਉਦੋਂ ਉਹ ਤਪਦਿਕ ਦੀ ਬੀਮਾਰੀ ਨਾਲ ਬੁਰੀ ਤਰਾਂ ਨਾਲ ਪ੍ਰਭਾਵਿਤ ਸੀ। ਇਸ ਦੇ ਬਾਵਜੂਦ ਇਹ ਨਾਵਲ ਉਸ ਨੇ ਬੜੀ ਮਿਹਨਤ ਨਾਲ ਸੰਨ 1948 ਵਿਚ ਪੂਰਾ ਕਰ ਲਿਆ।ਇਸ ਨਾਵਲ ਦਾ ਪਹਿਲਾ ਅੰਕ 8 ਜੂਨ ਸੰਨ 1949 ਨੂੰ ਪ੍ਰਕਾਸਿ਼ਤ ਹੋਇਆ। ਇਸ ਤੋਂ ਬਾਅਦ ਇਕ ਸਾਲ ਬਾਅਦ ਹੀ 21 ਜਨਵਰੀ 1950 ਨੂੰ ਓਰਵੈਲ ਜਾਰਜ ਦਾ ਦਿਹਾਂਤ ਹੋ ਗਿਆ।ਓਰਵੈਲ ਜਾਰਜ ਦਾ ਇਕ ਹੋਰ ਮਸ਼ਹੂਰ ਨਾਵਲ ਹੈ ‘ਐਨੀਮਲ ਫਾਰਮ’।ਅਸਲ ਵਿਚ ਇਹ ਦੋਵੇਂ ਨਾਵਲ ਦੁਨੀਆ ਵਿਚ ਸਰਵੋਤਮ ਰਾਜਨਿਤਕ ਨਾਵਲਾਂ ਵਿਚੋਂ ਇਕ ਗਿਣੇ ਜਾਂਦੇ ਹਨ।ਦੁਨੀਆਂ ਦੀਆਂ ਲੱਗਭਗ ਸਾਰੀਆਂ ਭਸ਼ਾਵਾਂ ਵਿਚ ਇਹਨਾਂ ਨਾਵਲਾਂ ਦੇ ਅਨੁਵਾਦ ਹੋ ਚੁੱਕੇ ਹਨ ਅਤੇ ਇਹਨਾਂ ਨਾਵਲਾਂ ਦੀਆਂ ਲੱਖਾਂ ਹੀ ਕਾਪੀਆ ਵਿੱਕ ਚੁੱਕੀਆਂ ਹਨ।ਇਕ ਹੋਰ ਦਿਲਚਸਪ ਗੱਲ ਹੈ ਕਿ ਭਾਰਤ ਵਿਚ ਓਰਵੈਲ ਜਾਰਜ ਦੇ ਜਨਮ ਦੀ ਖੋਜ਼ ਇਕ ਬ੍ਰਿਟਿਸ਼ ਪੱਤਰਕਾਰ ਇਆਨ ਜੈਕ ਨੇ ਸੰਨ 1983 ਵਿਚ ਕੀਤੀ ਸੀ।

ਓਰਵੈਲ ਜਾਰਜ ਦਾ ਨਾਵਲ ‘1984’ ਭਵਿੱਖ ਦੀ ਇਕ ਡਰਾਉਣੀ ਤਸਵੀਰ ਪੇਸ਼ ਕਰਦਾ ਹੈ ਜੋ ਕਿ ਹੁਣ ਵਰਤਮਾਨ ਬਣ ਚੁੱਕਿਆ ਹੈ। ਇਹ ਨਾਵਲ ਇਕ ਕਾਲਪਨਿਕ ਦੇਸ਼ ‘ਓਸ਼ੇਨੀਆ’ ਵਿਚ ਕੇਂਦਰਿਤ ਹੈ, ਇਸ ਦਾ ਤੀਜਾ ਸੱਭ ਤੋਂ ਵੱਧ ਆਬਾਦੀ ਵਾਲਾ ਸੂਬਾ, ‘ਏਅਰਸਟ੍ਰਿਪ ਵਨ’ਅਤੇ ਇਸੇ ਸੂਬੇ ਦਾ ਇਕ ਸ਼ਹਿਰ ਲੰਡਨ ਹੈ।ਇਸ ਸ਼ਹਿਰ ਵਿਚ ਬਹੁਤ ਸਾਰੀਆਂ ਉਚੀਆਂ ਇਮਾਰਤਾਂ ਹਨ,ਜਿਵੇਂ ਕਿ ਸੱਭ ਤੋਂ ਉਚੀ ਇਮਾਰਤ ‘ਨਿਊਜ਼ਸਪੀਕ’ ਹੈ ਜਿੱਥੇ ‘ਸਚਾਈ ਅਤੇ ਇਤਿਹਾਸ ਨੂੰ ਤੋੜਣ ਅਤੇ ਮੁੜ ਲਿਖਣ ਦਾ ਵਿਭਾਗ ਸਥਿਤ ਹੈ।ਲੰਡਨ ਵਿਚ ਹੀ ਪਿਆਰ,ਸ਼ਾਂਤੀ ਅਤੇ ਖੁਸ਼ਹਾਲੀ ਦੇ ਵਿਭਾਗਾਂ ਦੀਆਂ ਇਮਾਰਤਾ ਵੀ ਹਨ, ਜਿਥੌ ਸਾਰੀਆਂ ਸਰਕਾਰਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ‘ਸ਼ਾਤੀ ਵਿਭਾਗ’ਜੰਗ ਦਾ ਮਹੌਲ ਪੈਦਾ ਕਰਨ ਦਾ ਕੰਮ ਕਰਦਾ ਹੈ। ‘ਸੱਚ ਦਾ ਵਿਭਾਗ’ਝੂਠ ਨੂੰ ਸਥਾਪਤ ਕਰਨ ਦੀ ਜਿੰਮੇਵਾਰੀ ਲੈਂਦਾ ਹੈ। ‘ਪ੍ਰੇਮ ਵਿਭਾਗ’ ਵਿਚ ਤਸੀਹੇ ਦਿੱਤੇ ਜਾਂਦੇੇ ਹਨ।ਸੋ, ‘ਖੁਸ਼ਹਾਲੀ ਵਿਭਾਗ’ਦਾ ਕੰਮ ਹੈ ਸਾਰੀਆਂ ਘਾਟਾਂ ਨੂੰ ਬਰਕਰਾਰ ਰੱਖਣਾ। ਨਾਮ ਅਤੇ ਕਰਮ ਦੇ ਇਸ ਵਿਰੋਧਾਭਾਸ ਤੋਂ ‘ਦੋਹਰੀ ਸੋਚ ਦੇ ਸਿਧਾਂਤ’ਤੇ ਚੱਲ ਕੇ ਸੱਤਾ ਦੇ ਹਿੱਤ ਸੁਰੱਖਿਅਤ ਹੰੁਦੇ ਹਨ।

‘ਨਿਊਜ਼ ਸਪੀਕ’ਦੀ ਇਮਾਰਤ ਸੱਤਾਧਾਰੀ ਪਾਰਟੀ ਦੇ ਤਿੰਨ ਨਾਅਰਿਆਂ ਨੂੰ ਦਰਸਾਉਦੀ ਹੈ। ਜਿਸ ਤੇ ਪਿੱਛਲੇ 45 ਸਾਲਾਂ ਤੋਂ ਪੁਰਾਣੇ ਆਕਰਸ਼ਕ ਚਿਹਰੇ ਅਤੇ ਮੋਟੀਆਂ ਮੁੱਛਾਂ ਵਾਲੇ ‘ਬਿੱਗ ਬ੍ਰਦਰ’ ਨਾਮ ਦੇ ਵਿਆਕਤੀ ਦਾ ਦਬਦਬਾ ਹੈ, ‘ਜੰਗ ਸ਼ਾਤੀ ਹੈ, ਆਜਾਦੀ ਗੁਲਾਮੀ ਅਤੇ ਅਗਿਆਨਤਾ ਹੈ। ਸ਼ਕਤੀ, ਇਸ ਦੇ ਇਸਤਿਹਾਰ ਹਰ ਜਗਾ ਲੱਗੇ ਹੋੋਏ ਹਨ ਅਤੇ ਉਨਾਂ ਦੇ ਹੇਠਾਂ ਲਿਖਿਆ ਹੈ, ‘ਵੱਡਾ ਭਰਾ ਤੁਹਾਨੂੰ ਦੇਖ ਰਿਹਾ ਹੈ।’ਇਸ ਰਹੱਸਮਈ ‘ਬਿੱਗ ਬ੍ਰਦਰ’ਦੀ ਸ਼ਕਤੀ ਸਰਵ ਸ਼ਕਤੀਮਾਨ ਹੈ। ਹਰ ਪਾਸੇ ਟੈਲੀ-ਸਕਰੀਨ ਲੱਗੇ ਹੋਏ ਹਨ, ਜੋ ਸਰਕਾਰ ਦੇ ਕੰਮਾਂ, ਨੀਤੀਆ ਅਤੇ ਸਕੀਮਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ ਅਤੇ ਲੋਕਾਂ ‘ਤੇ ਨਜ਼ਰ ਵੀ ਰੱਖਦੇ ਹਨ। ਜਨਤਾ ਤੇ ਨਜ਼ਰ ਰੱਖਣ ਲਈ ‘ਥਾਟ ਪੁਲਿਸ’ ਵੀ ਆਪਣਾ ਕੰਮ ਕਰ ਰਹੀ ਹੈ,ਜਿਸ ਦਾ ਕੰਮ ਇਹ ਹੈ ਕਿ ਜੇਕਰ ਕਿਸੇ ਦੇ ਮਨ ‘ਚ ਸੱਤਾ ਵਿਰੋਧੀ ਕੋਈ ਵਿਚਾਰ ਆਵੇ ਤਾਂ ਉਸ ਨੂੰ ਚੁੱਕ ਕੇ ਉਸ ਦੀ ਹੋਂਦ ਖਤਮ ਕਰ ਦਿੱਤੀ ਜਾਵੇ।ਇਹ ਅੰਤ ਉਨਾਂ ਹੀ ਸਰੀਰਕ ਤੌਰ ਤੇ ਹੈ ਜਿੰਨਾਂ ਕਿ ਇਹ ਅਧਿਕਾਰਤ ਤੌਰ ‘ਤੇ ਹੈ।ਅਜਿਹੇ ਲੋਕਾਂ ਦੇ ਸਾਰੇ ਰਿਕਾਰਡ ਖਤਮ ਹੋ ਜਾਂਦੇ ਹਨ। ਇਸ ਲਈ ਇਸ ਨੂੰ ‘ਵਿਆਕਤੀ ਦਾ ਅਣ-ਵਿਆਕਤੀ ਬਣਨਾ ਕਿਹਾ ਗਿਆ ਹੈ।’

ਓਰਵੈਲ ਦਾ ਪੂਰਾ ਨਾਵਲ ਇੱਕ ਕਾਲਪਨਿਕ ਦੇਸ਼ ਦੇ ਤਾਨਾਸ਼ਾਹ ‘ਬਿੱਗ ਬਾਸ’ ਦੁਆਰਾ ਬਣਾਏ ਗਏ ਪੈਰਾਡਾਇਮਜ਼ ਦੇ ਵਿਚਕਾਰ ਵਿਕਸਤ ਹੰੁਦਾ ਹੈ,ਲੋਕਾਂ ਦੀ ਹਰ ਕਾਰਵਾਈ ‘ਤੇ ਨੇੜਿਓ ਨਜ਼ਰ ਅਤੇ ਇੱਕ ਵਿਸ਼ਾਲ ਪ੍ਰਚਾਰ ਉਪਕਰਣ ਦੀ ਮੌਜੂਦਗੀ,ਇਸ ਕਾਲਪਨਿਕ ਦੇਸ਼ ਵਿੱਚ ‘ਬਿੱਗ ਬੌਸ’ਦੁਆਰਾ ਬਣਾਏ ਗਏ ਨਿਯੰਤਰਣ ਤੰਤਰ ਦਾ ਉਦੇਸ਼ ਰਾਜਨੀਤਕ ਵਿਰੋਧੀਆ ‘ਤੇ ਕਾਬੂ ਪਾਉਣ ਦੇ ਨਾਲ ਨਾਲ ਸਮਾਜ ਦੀ ਸਮੂਹਿਕ ਚੇਤਨਾ ਤੋਂ ਉਨ੍ਹਾਂ ਸਾਰੇ ਕੇਂਦਰ ਬਿੰਦੂਆਂ ਨੂੰ ਮਿਟਾਉਣਾ ਹੈ,ਜਿੱਥੇ ਕੋਈ ਸਮਾਜ਼ ਭਾਸ਼ਾਈ ਵਿਸ਼ਲੇਸ਼ਣ ਕਰਨ ਦੇ ਯੋਗ ਹੰੁਦਾ ਹੈ।ਓਰਵੈਲ ਇਸ ਨਾਲ ਵਿਚ,ਇਕ ਭਿਆਨਕ ਤਾਨਾਸ਼ਾਹੀ ਪ੍ਰਣਾਲੀ ਲਈ ਇਕ ਬਲੂਪ੍ਰਿਟ ਖਿੱਚਦਾ ਹੈ ਜੋ ਮਨੁੱਖ ਦੁਆਰਾ ਵਿਕਸਤ ਹਰ ਚੀਜ਼ ਨੂੰ ਇਕ ਔਜ਼ਾਰ ਵਜੋਂ ਮੰਨਦਾ ਹੈ ਅਤੇ ਇਸ ਨੂੰ ਇਕ ਔਜਾਰ ਸਮਝ ਕੇ ਮਨੁੱਖ ਦੇ ਵਿਰੁਧ ਹੀ ਵਰਤਦਾ ਹੈ।

ਬਿੱਗ ਬੌਸ ਦਾ ਤੰਤਰ ਭਾਸ਼ਾਂ ਨੂੰ ਇਸ ਤਰਾਂ ਬਦਲਦਾ ਹੈ ਕਿ ਉਹ ਆਪਣੀ ਹੀ ਅਰਥ-ਵਿਵਸਥਾ ਨੂੰ ਗੁਆ ਬੈਠਦਾ ਹੈ।ਅਸਲ ਵਿਚ ਬਿੱਗ-ਬੌਸ ਚਾਹੰੁਦਾ ਹੈ ਕਿ ਨਾਗਰਿਕ ਦੇ ਹੱਥਾਂ ਵਿਚ ਭਾਸ਼ਾਂ ਉਨੀ ਕੁ ਹੀ ਰਹੇ ਕਿ ਜਿੰਨੀ ਕੁ ਨਾਲ ਉਨਾਂ ਦਾ ਜੀਵਨ ਚੱਲਦਾ ਰਹੇ ਅਤੇ ਉਹ ਰਾਜ ਦੀ ਨੀਅਤ ਨੂੰ ਸਮਝਦਾ ਰਹੇ। ਇਸ ਤਰਾਂ ਉਹ ਭਾਸ਼ਾਂ ਤੋਂ ਉਸ ਦੀ ਸਾਰੀ ਸ਼ਕਤੀ ਖੋਹ ਲੈਦਾ ਹੈ ਅਤੇ ਇਸ ਨੂੰ ਅਪਹਾਜ਼ ਬਣਾ ਦਿੰਦਾ ਹੈ। ‘ਬਿੱਗ ਬੌਸ’ ਦੇ ਇਸ ਸ਼ਾਸ਼ਨ ਵਾਲੇ ਇਸ ਸਾਗਰ ਵਿਚ ‘ਕਲਾਈਮੈਟ ਆਫ ਥੌਟ’ਦਾ ਇਕ ਪਹਿਲੂ ਦੁਸ਼ਮਣਾਂ ਦੀ ਇਕ ਲਗਾਤਾਰ ਪਛਾਣ ਹੈ। ‘ਬਿੱਗ ਬੌਸ’ ਨੂੰ ਆਪਣਾ ਰਾਜ ਕਾਇਮ ਰੱਖਣ ਦੇ ਲਈ ਲਗਾਤਾਰ ਕਾਲਪਨਿਕ ਅਤੇ ਦੁਸ਼ਮਣਾਂ ਦੀ ਲੋੜ ਰਹਿੰਦੀ ਹੈ। ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਪੂਰੇ ਦੇਸ਼ ਦਾ ਦੁਸਮਣ ਸਮਝਦਾ ਹੈ।ਏਨਾ ਹੀ ਨਹੀ ਗੁਆਂਢੀ ਦੇਸ਼ ਯੁਰੇਸ਼ੀਆ ਨਾਲ ਵੀ ਆਪਣੇ ਸਬੰਧ ਲਗਾਤਾਰ ਤਣਾਅਪੂਰਨ ਬਣਾਏ ਹੋਏ ਹਨ, ਤਾਂ ਜੋ ਲੋਕਾਂ ਵਿਚ ਬੇਚੈਨੀ ਬਣਾਈ ਰੱਖੀ ਜਾ ਸਕੇ। ਜੀਵਨ ਦੇ ਮਾਮੂਲੀ-ਮਾਮੂ਼ਲੀ ਜਿਹੇ ਮਾਮਲਿਆਂ ਵਿਚ ਵੀ ਜਨੂੰਨ ਪੈਦਾ ਕਰਨ ਵਿਚ ਵੀ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੰੁਦੀ ਹੈ। ਉਦਾਹਰਣ ਦੇ ਤੌਰ ਤੇ,ਇਸ ਤੋਂ ਪਹਿਲਾਂ ਕਿ ਜਨਤਾ ਨੂੰ ਸੂਚਿਤ ਕੀਤਾ ਜਾਵੇ ਕਿ ਅਗਲੇ ਹਫਤੇ ਤੋਂ ਰਾਸ਼ਨ ਵਿਚ ਕਟੌਤੀ ਕੀਤੀ ਜਾ ਰਹੀ ਹੈ , ਮੀਡੀਆ ਨੂੰ ਇਹ ਖਬਰਾਂ ਦਿਖਾਈਆਂ ਜਾਂਦੀਆਂ ਹਨ ਕਿ ਆਪਣੇ ਦੇਸ਼ ਨੇ ਆਹ-ਆਹ ਲੜਾਈਆਂ ਤੇ ਜਿੱਤ ਪ੍ਰਪਤ ਕਰ ਲਈ ਹੈ ਰਹਿੰਦੀਆਂ ਮੰਗਾਂ ਤੇ ਸਾਡੀ ਲੜਾਈ ਬਰਕਰਾਰ ਹੈ।

ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਇਹ ਨਾਵਲ ਪ੍ਰਕਾਸਿ਼ਤ ਕੀਤਾ ਗਿਆ ਤਾਂ ਉਦੋਂ ਤੱਕ ਦੂਸਰਾ ਵਿਸ਼ਵ ਯੁਧ ਖਤਮ ਹੋ ਚੁੱਕਾ ਸੀ ਅਤੇ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੇ ਵਿਚਕਾਰ ਵਿਚਾਰਧਾਰਕ ਤਣਾਅ ਵੱਧ ਰਿਹਾ ਸੀ।ਅਮਰੀਕਾ ਸਹਿਤਕ ਅਲੋਚਕਾ ਨੇ ‘ਓਰਵੈਲ ਜਾਰਜ’ ਦੇ ਕਿਰਦਾਰ ‘ਬਿੱਗ-ਬੌਸ’ ਵਿਚ ਰੂਸ ਦੇ ਸਟਾਲਿਨ ਦਾ ਪ੍ਰਛਾਵਾਂ ਦੇਖਿਆ ਗਿਆ, ਹਾਲਾਂਕਿ ਓਰਵੈਲ ਜਾਰਜ਼ ਦਾ ਕੋਈ ਵੀ ਇਰਾਦਾ ਨਹੀ ਸੀ। ਪਰ ਨਾਵਲ ਨੂੰ ਖੱਬੇਪੱਖੀਆਂ ਦੀ ਨਿੰਦਾ ਕਰਨ ਲਈ ਵਿਆਪਕ ਤੌਰ ਤੇ ਵਰਤਿਆ ਗਿਆ ਸੀ।ਅਸਲ ਵਿਚ ਓਰਵੈਲ ਇਕ ਉਦਾਰ ਜਮਹੂਰੀ ਨਜ਼ੀਏ ਦਾ ਸਮੱਰਥਕ ਸੀ ਅਤੇ ਉਸ ਦੀ ਸੋਚ ਇਹ ਸੀ ਕਿ ਫ਼ਾਸ਼ੀਵਾਦੀ ਕਿਸੇ ਵੀ ਕਿਸਮ ਦੀ ਵਿਚਾਰਧਾਰਾ ਵਿਚ ਪ੍ਰਵੇਸ਼ ਕਰ ਸਕਦਾ ਹੈ ਅਤੇ ਉਸ ਨੂੰ ਨਿਗਲ ਸਕਦਾ ਹੈ।

ਉਸ ਨੇ ਆਪਣੇ ਪਹਿਲੇ ਨਾਵਲ ‘ਐਨੀਮਲ ਫਾਰਮ’ ਵਿਚ ਇਹੀ ਗਲ ਕਹੀ ਸੀ ਕਿ ਕੋਈ ਵੀ ਸਿਆਸੀ ਲੀਡਰਸਿ਼ਪ ਲੋਕਾਂ ਨੂੰ ਸੁਨਹਿਰੀ ਸੁਪਨੇ ਦਿਖਾ ਕੇ ਉਨਾਂ ਨੂੰ ਕੰਟਰੋਲ ਕਰਕੇ, ਅਫਸਰਸ਼ਾਹੀ ਅਤੇ ਪ੍ਰਚਾਰ ਦੇ ਜਾਲ ਵਿਚ ਫਸਾ ਕੇ ਫਾਸ਼ੀਵਾਦ ਦੇ ਖੱਡ ਵਿਚ ਸੁੱਟ ਸਕਦੀ ਹੈ। ਓਰਵੈਲ ਜਾਰਜ਼ ਨੇ ਆਪਣੀ ਮੌਤ ਤੋਂ ਇਕ ਸਾਲ ਪਹਿਲਾਂ ਖੁਦ ਹੀ ਕਿਹਾ ਸੀ ਕਿ ਉਹ ਕਦੇ ਨਹੀ ਚਾਹੇਗਾ ਕਿ ਜਿਸ ਸੰਸਾਰ ਨੂੰ ਉਸ ਨੇ ਆਪਣੇ ਨਾਵਲ ਵਿਚ ਦਰਸਾਇਆ ਹੈ ਉਹ ਕਦੇ ਸੱਚ ਹੋਵੇ। ਪਰ ਇਹ ਬਦਕਿਸਮਤੀ ਹੈ ਕਿ ਉਹ ਸੱਭ ਕੁਝ ਹੋ ਗਿਆ ਜੋ ਉਨਾਂ ਨੇ ਕਦੇ ਸੁਪਨੇ ਵਿਚ ਵੀ ਨਹੀ ਸੋਚਿਆ ਸੀ।ਇਸ ਲੇਖਕ ਨੇ ਤਕਰੀਬਨ ਸੱਤ ਦਹਾਕੇ ਪਹਿਲਾਂ ਜੋ ਸੁਪਨਾ ਦੇਖਿਆ ਸੀ ਉਹ ਅੱਜ ਦੀ ਦੁਨੀਆ ਦੀ ਹਕੀਕਤ ਬਣ ਗਿਆ ਹੈ। ਕਈ ਦੇਸ਼ਾਂ ਵਿਚ ‘ਬਿੱਗ-ਬੌਸ’ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਤੇ ਸਵਾਰ ਹੋ ਰਿਹਾ ਹੈ।

ਪੇਸ਼ਕਸ਼ :-ਅਮਰਜੀਤ ਚੰਦਰ

 

Previous articleGlobal Covid-19 caseload tops 251.3 mn
Next article3,000-yr-old Indian poetry translated into Arabic