(ਸਮਾਜ ਵੀਕਲੀ)
ਗੁਰਸ਼ਰਨ ਭਾਅ ਜੀ ਕਿਹਾ ਕਰਦੇ ਸਨ ਕਿ ਕੋਈ ਵੀ ਇਨਸਾਨ ਨਾਟਕ ਕਰ ਸਕਦਾ ਹੈ.. ਮਜ਼ਦੂਰ, ਕਿਸਾਨ, ਪੱਲੇਦਾਰ, ਦਿਹਾਡ਼ੀਦਾਰ,ਅਧਿਆਪਕ, ਵਿਦਿਆਰਥੀ, ਘਰ ਦੀ ਸੁਆਣੀ, ਮਰਦ, ਔਰਤ, ਬੱਚਾ.. ਕੋਈ ਵੀ!
ਜਦੋਂ ਇੰਗਲੈਂਡ ਦੀਆਂ ਕੁਝ ਔਰਤਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਕਿ ਕੀ ਅਸੀਂ ਵੀ ਨਾਟਕ ਕਰ ਸਕਦੀਆਂ!.. ਤਾਂ ਮੇਰਾ ਜਵਾਬ ਏਹੀ ਸੀ ਕਿ ਕੋਈ ਵੀ ਇਨਸਾਨ ਜੋ ਹੋਸ਼ੋਹਵਾਸ ਵਿਚ ਹੈ, ਨਾਟਕ ਕਰ ਸਕਦਾ ਹੈ।.. ਫਿਰ ਸਿਲਸਿਲਾ ਸ਼ੁਰੂ ਹੋਇਆ.. ਤਿੰਨ ਨਾਟਕ ਤਿਆਰ ਹੋਏ.. ਅੱਜ ਭਾਅ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ‘ਤੇ ਉਹ ਤਿੰਨ ਨਾਟਕ ਸ਼ਾਮ ਨੂੰ ਕੋਵੈਂਟਰੀ ਦੇ ਅਲਬਨੀ ਥੀਏਟਰ ਵਿੱਚ ਖੇਡੇ ਜਾਣਗੇ.. ਅੱਜ ਦੀ ਇਹ ਪੇਸ਼ਕਾਰੀ ਮੈਂ ਆਪਣੇ ਉਸਤਾਦ, ਆਪਣੇ ਪ੍ਰੇਰਣਾ ਸਰੋਤ ਗੁਰਸ਼ਰਨ ਭਾਅ ਜੀ ਦੇ ਚਰਨਾਂ ਵਿਚ ਭੇੰਟ ਕਰਦਾ ਹਾਂ!..ਤਿੰਨ ਨਾਟਕ ਕੁੱਝ ਇਵੇਂ ਦੇ ਹਨ:
1.ਪੁਆੜਾ!
ਡਰਾਮਾ ਇੰਗਲੈਂਡ ਦੇ ਇਕ ਸ਼ਹਿਰ ਵਿਚ ਸ਼ਰਨ ਦੇ ਘਰ ‘ਚ ਸ਼ੁਰੂ ਹੁੰਦਾ ਹੈ.. ਸ਼ਰਨ ਆਪਣੀਆਂ ਸਹੇਲੀਆਂ ਵਾਸਤੇ ਇਕ ਪਾਰਟੀ ਦੀ ਤਿਆਰੀ ਕਰ ਰਹੀ ਹੈ.. ਉਸ ਦੀ ਸੱਸ ਨੂੰ ਨਹੀਂ ਪਤਾ ਕਿ ਸ਼ਰਨ ਨੇ ਆਪਣੀਆਂ ਕੁਝ ਸਹੇਲੀਆਂ ਨੂੰ ਕਿਉਂ ਸੱਦਿਆ ਹੋਇਆ ਹੈ..ਸੱਸ ਨੂੰ ਇਤਰਾਜ਼ ਹੈ ਕਿ ਸਹੇਲੀਆਂ ਵਿੱਚ ਕੁਝ ਤਲਾਕਸ਼ੁਦਾ ਤੇ ਵਿਧਵਾ ਔਰਤਾਂ ਕਿਉਂ ਹਨ!.. ਰਾਜ਼ ਉਦੋਂ ਖੁੱਲ੍ਹਦਾ ਹੈ ਜਦੋਂ “ਸਾਊ ਤੇ ਨਾਜ਼ਕ ਮਿਜ਼ਾਜ” ਸ਼ਰਨ ਇੱਕ ਹੈਰਾਨੀਜਨਕ ਫੈਸਲਾ ਸੁਣਾਉਂਦੀ ਹੈ.. ਇਹ ਫ਼ੈਸਲਾ ਕੀ ਹੈ? ਨਾਟਕ ਦੱਸੇਗਾ!
2.ਮਰਡਰ !
ਚਾਂਦਨੀ ‘ਤੇ ਇਲਜ਼ਾਮ ਲੱਗਾ ਹੈ ਕਿ ਉਸ ਨੇ ਇਕ ਗੋਰੇ ਦਾ ਕਤਲ ਕੀਤਾ ਹੈ.. ਉਸ ਦੀ ਰੈਜੀਡੈਂਸ਼ਲ ਸੋਸਾਇਟੀ ਦੇ ਕੁਝ ਮੈਂਬਰ ਇਹ ਸਮਝਦੇ ਹਨ ਕਿ ਚਾਂਦਨੀ ਦਾ ਰਹਿਣ ਸਹਿਣ ਅਤੇ ਸੁਭਾਅ ਸ਼ੱਕੀ ਹੈ.. ਤੇ ਉਹ ਕੁਝ ਵੀ ਕਰ ਸਕਦੀ ਹੈ,ਕਿਸੇ ਦਾ ਕਤਲ ਵੀ!..ਉਨ੍ਹਾਂ ਨੂੰ ਲੱਗਦਾ ਹੈ ਕਿ ਚਾਂਦਨੀ ਦੇ ਕਾਰ ਵਿਹਾਰ ਕਰਕੇ ਸੋਸਾਇਟੀ ਦਾ ਗਲਤ ਪ੍ਰਭਾਵ ਜਾ ਰਿਹਾ ਹੈ.. ਖ਼ਾਸ ਕਰਕੇ ਇੰਗਲੈਂਡ ‘ਚ ਏਸ਼ੀਅਨ ਲੋਕਾਂ ਦਾ!.ਕੀ ਸੱਚਮੁੱਚ ਚਾਂਦਨੀ ਨੇ ਕਤਲ ਕੀਤਾ ਹੈ.. ਜਾਂ ਇਸ ਦੇ ਪਿੱਛੇ ਕੁਝ ਹੋਰ ਹੈ!..ਇਕ ਵਿਸ਼ੇਸ਼ ਅਦਾਲਤ ਇਨ੍ਹਾਂ ਸਵਾਲਾਂ ਦੇ ਰੂਬਰੂ ਹੋਵੇਗੀ!
3.ਮੇਰਾ ਲਾਡੂ!
ਦਿੱਲੀ ਕਿਸਾਨ ਮੋਰਚੇ ਦੌਰਾਨ ਕੁੱਝ ਔਰਤਾਂ ਇਕ ਜਗ੍ਹਾ ਹਾਸਾ ਮਜ਼ਾਕ ਕਰ ਰਹੀਆਂ ਹਨ.. ਨੱਚ ਟੱਪ ਰਹੀਆਂ ਹਨ ..ਉਨ੍ਹਾਂ ਨੂੰ ਆਪਣੀਆਂ ਟਰਾਲੀਆਂ ਦੇ ਨੇੜੇ ਇਕ ਸ਼ੱਕੀ ਔਰਤ ਦਿਖਾਈ ਦਿੰਦੀ ਹੈ ਜੋ ਲਾਲਟੈਣ ਚੁੱਕੀ ਇੱਧਰ ਉੱਧਰ ਘੁੰਮ ਰਹੀ ਹੈ..ਪੁੱਛਣ ‘ਤੇ ਪਤਾ ਲੱਗਦਾ ਹੈ ਕਿ ਇਹ ਔਰਤ ਆਪਣੇ ਉਸ ਮੁੰਡੇ ਦੀ ਤਲਾਸ਼ ਕਰ ਰਹੀ ਹੈ ਜੋ ਅਠੱਤੀ ਸਾਲ ਪਹਿਲਾਂ 1984 ਵਿੱਚ ਪੰਜਾਬ ਤੋਂ ਦਿੱਲੀ ਆਇਆ ਸੀ..ਤੇ ਮੁੜ ਉਸ ਨੂੰ ਕਦੇ ਨਹੀਂ ਲੱਭਿਆ…ਕੀ ਇਸ ਮਾਂ ਨੂੰ ਆਪਣਾ ਮੁੰਡਾ ਮਿਲੇਗਾ!.. ਜਾਂ ਕੁਝ ਹੋਰ ਵਾਪਰੇਗਾ!..
ਇਨ੍ਹਾਂ ਤਿੰਨ ਨਾਟਕਾਂ ਵਿਚ ਸ਼ਰਨ, ਮਲਕੀਤ ਕੌਰ, ਕੁਲਦੀਪ, ਪੈਮ, ਪ੍ਰੀਤ ਗਰੇਵਾਲ, ਮਲਕੀਅਤ ਭੈਣ ਜੀ (ਪੁਆੜਾ)..ਚਾਂਦਨੀ, ਸ਼ਗੁਫ਼ਤਾ, ਸਾਂਜ, ਸੋਨੀਆ, ਪ੍ਰੀਤ ਗਰੇਵਾਲ ,ਰੂਬੀ,ਸੰਗੀਤ ਅਤੇ ਹਰਭਜਨ ਸਿੰਘ (ਮਰਡਰ )..ਸੁਨੀਤਾ ਕੰਗ, ਸੁਰਿੰਦਰਪਾਲ ਕੌਰ, ਉਮਾ,ਮਨਜੀਤ ਮਨੀ, ਸੁਨੀਤਾ ਚੱਢਾ, ਸੰਗੀਤ, ਨਵੀਨ (ਮੇਰਾ ਲਾਡੂ)..ਅਦਾਕਾਰੀ ਕਰ ਰਹੇ ਹਨ.. ਰੂਪ ਪ੍ਰਭਾਕਰ ਸੰਗੀਤ ਸੰਚਾਲਨ ਕਰ ਰਹੀ ਹੈ!.ਇਨ੍ਹਾਂ ਸਭ ‘ਤੇ ਮੇਰੇ ਉਸਤਾਦ ਭਾਅ ਗੁਰਸ਼ਰਨ ਸਿੰਘ ਦਾ ਅਸੀਸ ਭਰਿਆ ਹੱਥ ਹੈ।
“ਗੁਰਸ਼ਰਨ ਸਿੰਘ ਘਰਾਣੇ” ਦਾ ਕਲਾਕਾਰ
ਸਾਹਿਬ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly