ਅੱਜ ਡੀਸੀ ਦਫਤਰਾਂ ਅੱਗੇ ਗਰਜਣਗੇ ਖੇਤਾਂ ਦੇ ਪੁੱਤ

ਚੰਡੀਗੜ੍ਹ (ਸਮਾਜ ਵੀਕਲੀ) : ਦਿੱਲੀ ਅੰਦੋਲਨ ਦੌਰਾਨ ਹੀ ਤੀਹ ਕਿਸਾਨ ਧਿਰਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ 14 ਦਸੰਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਸਬੰਧੀ ਅੱਜ ਸਮੁੱਚੇ ਸੂਬੇ ’ਚ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਚੱਲਿਆ।  ਰਾਜ ਭਰ ’ਚ ਟੌਲ ਪਲਾਜ਼ਿਆਂ ਤੇ ਕਾਰਪੋਰਟ ਘਰਾਣਿਆਂ ਦੇ ਕਾਰੋਬਾਰੀ ਅਦਾਰਿਆਂ ਅੱਗੇ ਧਰਨੇ ਵੀ ਜਾਰੀ ਰਹੇ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਤੀਹ ਕਿਸਾਨ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰ ਅੱਗੇ ਧਰਨੇ ਦੇਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ ’ਚ ਕਿਸਾਨ ਧਿਰਾਂ ਦੀ ਲੀਡਰਸ਼ਿਪ ਨੇ ਅੱਜ ਪਿੰਡ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਮੀਟਿੰਗਾਂ ਕੀਤੀਆਂ।

ਇਸੇ ਦੌਰਾਨ ਭਾਕਿਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਲਕੇ ਵੱਡੇ ਇਕੱਠ ਕੀਤੇ ਜਾਣਗੇ। ਪੰਜਾਬ ਵਿੱਚ ਚੱਲ ਰਹੇ ਕਿਸਾਨ ਧਰਨੇ ਨੌਵੇਂ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ ਤੋਂ ਆਨੰਦਪੁਰ ਲਿਆਉਣ ਵਾਲੇ ਭਾਈ ਜੈਤਾ (ਜੀਵਨ ਸਿੰਘ) ਦੇ ਜਨਮ ਦਿਹਾੜੇ ਨੂੰ ਸਮਰਪਿਤ ਰਹੇ।

ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਦੱਸਿਆ ਕਿ ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਰੋਜ਼ਾਨਾ ਧਰਨਾ ਅੱਜ ਠੰਢ ਦੇ ਬਾਵਜੂਦ ਜਾਰੀ ਰਿਹਾ। ਐੱਲਬੀਐੱਸ ਆਰੀਆ ਮਹਿਲਾ ਕਾਲਜ ਦੀ ਮੈਡਮ ਪ੍ਰੋ. ਅਰਚਨਾ, ਕਿਸਾਨ ਆਗੂ ਬਲਵੰਤ ਸਿੰਘ ਉੱਪਲੀ, ਅਮਰਜੀਤ  ਕੌਰ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ, ਨਛੱਤਰ ਸਿੰਘ ਸਹੌਰ, ਬਾਰਾ ਸਿੰਘ ਬਦਰਾ, ਖੁਸ਼ੀਆ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਕਰਨੈਲ ਸਿੰਘ ਗਾਂਧੀ, ਜਸਪਾਲ ਕੌਰ ਕਰਮਗੜ੍ਹ, ਵਕੀਲ ਮਨਵੀਰ ਕੌਰ, ਸਰਬਜੀਤ ਕੌਰ ਤਾਜੋਕੇ ਨੇ ਕਿਹਾ ਕਿ ਮੋਦੀ ਹਕੂਮਤ ਹੱਡ ਚੀਰਵੀਂ ਠੰਢ ਦੇ ਬਾਵਜੂਦ ਸਾਡੇ ਸਿਦਕ ਦਾ ਇਮਤਿਹਾਨ ਲੈ ਰਹੀ ਹੈ।

ਇਸੇ ਤਰ੍ਹਾਂ ਕਿਸਾਨ ਮਜ਼ਦੂਰ ਯੂਨੀਅਨ ਦਾ ਦੂਜਾ ਕਾਫਲਾ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਮੋਰਚੇ ਵਿੱਚ ਪਹੁੰਚਿਆ। ਇਸ ਕਾਫਲੇ ਨੇ ਕੁੰਡਲੀ ਬਾਰਡਰ ਉਤੇ ਲੱਗੇ ਪਹਿਲੇ ਨਾਕੇ ਨੂੰ ਤੋੜਿਆ। ਗੁਰਦਾਸਪੁਰ ਤੋਂ ਦਿੱਲੀ ਲਈ ਅਗਲਾ ਜਥਾ 25 ਦਸੰਬਰ ਨੂੰ ਰਵਾਨਾ ਹੋਵੇਗਾ।

Previous articleਕੇਜਰੀਵਾਲ ਦੀ ਰਿਹਾਇਸ਼ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ
Next articleਸ਼ਾਹ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਜਾਂਦੇ ‘ਆਪ’ ਵਿਧਾਇਕ ਹਿਰਾਸਤ ’ਚ ਲਏ