(ਸਮਾਜ ਵੀਕਲੀ)
ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਅਧਿਆਪਕਾਂ ਦੇ ਗਿਆਨ ਵਿੱਚ ਨਵੀਨਤਾ ਲਈ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ‘ਅੱਖਰਕਾਰੀ ਮੁਹਿੰਮ‘ ਤਹਿਤ 27 ਨਵੰਬਰ ਤੋਂ 5 ਦਸੰਬਰ ਤੱਕ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ ਤੇ ਵੈਬੀਨਾਰ ਰਾਹੀਂ ਸੱਤ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ।
ਪੂਰੇ ਪੰਜਾਬ ਦੇ ਪ੍ਰਾਇਮਰੀ ਅਧਿਆਪਕ ਪੂਰੇ ਜੋਸ਼, ਮਿਹਨਤ ਅਤੇ ਲਗਨ ਨਾਲ ਇਸ ਮੁਹਿੰਮ ਦਾ ਲਾਭ ਉਠਾ ਰਹੇ ਹਨ ।ਅਧਿਆਪਕ ਹਰ ਰੋਜ਼ ਟ੍ਰੇਨਿੰਗ ਤੋਂ ਬਾਅਦ ਦਿੱਤੀ ਗਈ ਟ੍ਰੇਨਿੰਗ ਦਾ ਅਭਿਆਸ ਕਰਦੇ ਹਨ । ਵ੍ਹੱਟਸਐਪ ਗਰੁੱਪਾਂ ਵਿੱਚ ਇਸ ਮੁਹਿੰਮ ਦੇ ਨਤੀਜੇ ਅਧਿਆਪਕਾਂ ਦੀਆਂ ਸੁੰਦਰ ਲਿਖਤਾਂ ਦੇ ਰੂਪ ਵਿੱਚ ਸਾਹਮਣੇ ਆਉਣੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਏ ਹਨ । ਇਕ ਅਧਿਆਪਕ ਦੀ ਸੁੰਦਰ ਲਿਖਤ ਅਧਿਆਪਕ ਦੁਆਰਾ ਆਪਣੇ ਜੀਵਨ ਵਿੱਚ ਪੜ੍ਹਾਏ ਜਾ ਰਹੇ ਹਜ਼ਾਰਾਂ ਬੱਚਿਆਂ ਦੀ ਲਿਖਤ ਨੂੰ ਸੁੰਦਰ ਬਣਾਵੇਗੀ ।
ਅਕਸਰ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਫ ਸੁਥਰਾ ਲਿਖਿਆ ਕਰੋ। ਸਾਫ ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਟੀਚਰ ਵੀ ਬੱਚਿਆਂ ’ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ।
ਜੇ ਸੁੰਦਰ ਲਿਖਾਈ ਹੋਵੇਗੀ ਤਾਂ ਤੁਸੀਂ ਪ੍ਰੀਖਿਆਵਾਂ ਵਿੱਚ ਵਧੀਆ ਨੰਬਰ ਲੈ ਸਕੋਗੇ। ਇਸ ਤਰ੍ਹਾਂ ਦੀਆਂ ਪ੍ਰੇਰਣਾਵਾਂ ਤਾਂ ਬੱਚਿਆਂ ਨੂੰ ਆਮ ਦਿੱਤੀਆਂ ਜਾਂਦੀਆਂ ਹਨ ਪਰ ਦੇਖਣ ਵਿਚ ਇਹ ਆਉਂਦਾ ਹੈ ਕਿ ਜ਼ਿਆਦਾਤਰ ਬੱਚਿਆਂ ਦੀ ਲਿਖਾਈ ਸਾਫ਼-ਸੁਥਰੀ ਨਹੀਂ ਹੁੰਦੀ ਹੈ। ਚਾਹੇ ਉਨ੍ਹਾਂ ਨੂੰ ਪੂਰਾ ਪੇਪਰ ਆਉਂਦਾ ਹੈ, ਫਿਰ ਵੀ ਉਹ ਸਾਫ਼-ਸੁਥਰੀ ਲਿਖਾਈ ਕਰਕੇ ਵਧੀਆ ਨੰਬਰ ਨਹੀਂ ਲੈ ਪਾਉਂਦੇ। ਜਿਸ ਕਾਰਨ ਉਹ ਮੈਰਿਟ ਵਿੱਚ ਨਹੀਂ ਆਉਂਦੇ । ਜੇਕਰ ਬੱਚੇ ਨੂੰ ਬਚਪਨ ਵਿੱਚ ਹੀ ਸੁੰਦਰ ਲਿਖਤ ਦਾ ਅਭਿਆਸ ਕਰਵਾਇਆ ਜਾਵੇ ਤਾਂ ਉਸ ਨੂੰ ਆਪਣੀ ਪੜ੍ਹਾਈ ਦੌਰਾਨ ਤਾਂ ਕੀ ਆਪਣੀ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਵੀ ਆਪਣੀ ਲਿਖਤ ਪੱਖੋਂ ਕਦੇ ਵੀ ਕੋਈ ਨੁਕਸਾਨ ਜਾਂ ਰੁਸਵਾਈ ਨਹੀਂ ਝੱਲਣੀ ਪਵੇਗੀ ।
ਆਸ ਕਰਦੇ ਹਾਂ ਕਿ ਭਵਿੱਖ ਵਿੱਚ ਇਸ ਮੁਹਿੰਮ ਦੇ ਵਧੀਆ ਨਤੀਜੇ ਸਾਡੇ ਸਾਹਮਣੇ ਆਉਣਗੇ ਅਤੇ ਸਾਡੇ ਪਿਆਰੇ ਪਿਆਰੇ ਬੱਚੇ ਵੀ ਅਧਿਆਪਕਾਂ ਰਾਹੀਂ ਆਪਣੇ ਸੁਨਹਿਰੀ ਸੁਪਨਿਆਂ ਨੂੰ ਆਪਣੀਆਂ ਸੁੰਦਰ ਲਿਖਤਾਂ ਨਾਲ ਪੂਰਾ ਕਰਨਗੇ ।
ਜਤਿੰਦਰ ਭੁੱਚੋ
9501475400