ਅੰਮ੍ਰਿਤਸਰ (ਸਮਾਜ ਵੀਕਲੀ) :- ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸਾਬਕਾ ਲੋਕ ਸਭਾ ਮੈਂਬਰ ਸ੍ਰੀ ਰਘੂਨੰਦਨ ਲਾਲ ਭਾਟੀਆ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਇੰਜ ਹਰਜਾਪ ਸਿੰਘ ਔਜਲਾ, ਡਾ. ਚਰਨਜੀਤ ਸਿੰਘ ਗੁਮਟਾਲਾ, ਦਲਜੀਤ ਸਿੰਘ ਕੋਹਲੀ, ਸ੍ਰੀ ਅੰਮ੍ਰਿਤ ਲਾਲ ਮੰਨਣ, ਪ੍ਰਧਾਨ ਸ. ਮਨਮੋਹਨ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਸ. ਹਰਦੀਪ ਸਿੰਘ ਚਾਹਲ ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਮੀਤ ਪ੍ਰਧਾਨ ਸੁਰਿੰਦਰ ਜੀਤ ਸਿੰਘ ਬਿੱਟੂ , ਸ. ਗਿਆਨ ਸਿੰਘ ਸੱਗੂ, ਜਨਰਲ ਸਕੱਤਰ ਸ. ਨਿਸ਼ਾਨ ਸਿੰਘ ਸੋਹੀ ਤੇ ਸਮੂਹ ਮੈਂਬਰਾਨ ਨੇ ਕਿਹਾ ਕਿ ਸ੍ਰੀ ਰਘੂਨੰਦਨ ਲਾਲ ਭਾਟੀਆ ਇੱਕ ਉੱਚ ਕੋਟੀ ਦੇ ਸੁਲਝੇ ਹੋਏ ਸਿਆਸਤਦਾਨ ਸਨ।ਉਹ ਬੀ.ਏ.ਐਲ.ਐਲ.ਬੀ. ਸਨ। ਉਹ 1972 ਵਿੱਚ ਪਹਿਲੀ ਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚੁੱਣੇ ਗਏ।
ਉਹ ਪੰਜ ਵਾਰ ਲੋਕ ਮੈਂਬਰ ਚੁੱਣੇ ਗਏ। ਉਨ੍ਹਾਂ ਨੇ ਵਿਦੇਸ਼ ਰਾਜ ਮੰਤਰੀ ਤੋਂ ਇਲਾਵਾ ਕਈ ਕਮੇਟੀਆਂ ਦੇ ਮੈਂਬਰ, ਕੇਰਲਾ ਤੇ ਬਿਹਾਰ ਦੇ ਗਵਰਨਰ ਵੀ ਰਹੇ।ਉਨ੍ਹਾਂ ਨੇ ਕਈ ਅੰਤਰ ਰਾਸ਼ਟਰੀ ਕਾਨਫਰੰਸਾਂ ਵਿਚ ਭਾਗ ਲਿਆ ਤੇ ਕਾਂਗਰਸ ਪਾਰਟੀ ਦੇ ਕਈ ਉੱਚ ਆਹੁਦਿਆਂ ਤੇ ਵੀ ਰਹੇ। ਉਹ ਸਮਾਜਿਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਅੰਮ੍ਰਿਤਸਰ ਵਿਕਾਸ ਮੰਚ ਵੱਲੋਂ 5 ਜੂਨ 1996 ਵਿੱਚ ਵਿਸ਼ਵ ਵਾਤਾਵਰਣ ਦਿਵਸ ਮੌਕੇ ‘ਤੇ ਕਰਵਾਏ ਗਏ ਗੁਰੂ ਨਾਨਕ ਭਵਨ ਵਿੱਚ ਸੈਮੀਨਾਰ ਔਰਤਾਂ ਅਤੇ ਵਾਤਾਵਰਣ ਵਿੱਚ ਉਨ੍ਹਾਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਵੱਲੋਂ ਕੀਤੇ ਕੰਮਾਂ ਕਰਕੇ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।
ਜਾਰੀ ਕਰਤਾ :- ਡਾ. ਚਰਨਜੀਤ ਸਿੰਘ ਗੁਮਟਾਲਾ 9417533060