ਅੰਮ੍ਰਿਤਸਰ (ਸਮਾਜਵੀਕਲੀ) – ਗੁਰੂ ਨਗਰੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਅੱਜ ਵੱਡਾ ਵਾਧਾ ਹੋਇਆ। ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 208 ਹੋ ਗਈ ਹੈ, ਜੋ ਸੂਬੇ ਵਿੱਚੋਂ ਸਭ ਤੋਂ ਵੱਧ ਹੈ। ਇਨ੍ਹਾਂ ਕਰੋਨਾ ਮਰੀਜ਼ਾਂ ਵਿੱਚ ਵਧੇਰੇ ਸ਼ਰਧਾਲੂ ਹਨ, ਜੋ ਤਖਤ ਸ੍ਰੀ ਹਜ਼ੂਰ ਸਾਹਿਬ ਤੋ ਵਾਪਸ ਆਏ ਹਨ।
ਸਿਹਤ ਵਿਭਾਗ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ 63 ਨਵੇਂ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਦੇ ਟੈਸਟਾ ਦੇ ਨਤੀਜੇ ਪਾਜ਼ੇਟਿਵ ਆਏ ਹਨ ਜਦੋਂ ਕਿ ਕੱਲ੍ਹ ਦੇਰ ਰਾਤ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 145 ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 208 ਹੋ ਗਈ ਹੈ ਅਤੇ ਹਾਲੇ ਹੋਰ ਵੀ ਜਾਂਚ ਟੈਸਟਾਂ ਦੇ ਨਤੀਜੇ ਆਉਣੇ ਬਾਕੀ ਹਨ।
ਦੱਸਣਯੋਗ ਹੈ ਕਿ ਕੱਲ੍ਹ ਦੇਰ ਸ਼ਾਮ ਤੱਕ ਨਵੇਂ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ 17 ਦੱਸਿਆ ਗਿਆ ਸੀ ਪਰ ਦੇਰ ਰਾਤ ਤੱਕ ਇਹ ਗਿਣਤੀ ਵਧ ਕੇ 65 ਹੋ ਗਈ ਜਿਸ ਨਾਲ ਕਰੋਨਾ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 145 ਹੋ ਗਈ ਸੀ।
ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਵਿੱਚ ਆਏ ਸ਼ਰਧਾਲੂਆਂ ਦੀ ਗਿਣਤੀ 600 ਤੋ ਵੱਧ ਦੱਸੀ ਗਈ ਸੀ, ਜਿਨ੍ਹਾਂ ਨੂੰ ਇੱਥੇ ਵੱਖ ਵੱਖ ਥਾਵਾਂ ਤੇ ਇਕਾਂਤਵਾਸ ਕੀਤਾ ਗਿਆ ਅਤੇ ਇਨ੍ਹਾਂ ਵਿੱਚੋਂ ਹੁਣ ਤਕ 190 ਤੋਂ ਵੱਧ ਸ਼ਰਧਾਲੂ ਕਰੋਨਾ ਪੀੜਤ ਦੱਸੇ ਜਾ ਰਹੇ ਹਨ।
ਇਥੇ ਲਗਾਤਾਰ ਵਧ ਰਹੀ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਸ਼ਹਿਰ ਵਾਸੀ ਵੀ ਚਿੰਤਤ ਹਨ। ਜ਼ਿਕਰਯੋਗ ਹੈ ਕਿ ਇੱਥੇ ਸ਼ਰਧਾਲੂਆਂ ਦੀ ਆਮਦ ਤੋਂ ਪਹਿਲਾਂ ਸਿਰਫ 14 ਕਰੋਨਾ ਪੀੜਤ ਮਰੀਜ਼ ਸਨ, ਜਿਨ੍ਹਾਂ ਵਿੱਚੋਂ 8 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ ਅਤੇ 4 ਕਰੋਨਾ ਪੀੜਤ ਮਰੀਜ਼ ਹੀ ਜ਼ੇਰੇ ਇਲਾਜ ਸਨ ਜਦੋਂ ਕਿ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।