ਅੱਪਰਾ (ਸਮਾਜ ਵੀਕਲੀ)- ਅੰਬੇਡਕਰ ਸੈਨਾ ਫਿਲੌਰ ਦੇ ਚੇਅਰਮੈਨ ਮਨੋਜ ਲੋਈ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਤਾਇਆ ਜੀ ਸ੍ਰੀ ਰਾਮ ਰਤਨ ਲੋਈ (78) ਯੂ. ਕੇ. ਉਨਾਂ ਨੂੰ ਸਦੀਵੀ ਵਿਛੋੜਾ ਦੇ ਗਏ। ਰਾਮ ਰਤਨ ਲੋਈ ਯੂ. ਕੇ. ਇੱਕ ਸਮਾਜਿਕ ਕਾਰਜਾਂ ’ਚ ਅਹਿਮ ਰੋਲ ਕਰਨ ਵਾਲੇ ਧਾਰਮਿਕ ਬਿਰਤੀ ਦੇ ਇਨਸਾਨ ਸਨ। ਉਨਾਂ ਦਾ ਜਨਮ 12 ਮਈ 1942 ਨੂੰ ਫਕੀਰ ਚੰਦ ਲੋਈ ਦੇ ਘਰ ਪਿੰਡ ਮੰਡੀ ਤਹਿ. ਫਿਲੌਰ ਵਿਖੇ ਹੋਇਆ ਸੀ।
ਉਨਾਂ ਦਾ ਵਿਆਹ ਰੇਸ਼ਮ ਕੌਰ ਨਾਲ ਹੋਇਆ। ਉਹ ਕਈ ਦਹਾਕੇ ਪਹਿਲਾਂ ਯੂ. ਕੇ. ’ਚ ਜਾ ਕੇ ਸੈਟਲਡ ਹੋ ਗਏ। ਉਨਾਂ ਦੇ ਘਰ ਤਿੰਨ ਪੁੱਤਰਾਂ ਤੇ ਦੋ ਪੁੱਤਰੀਆਂ ਨੇ ਜਨਮ ਲਿਆ। ਰਾਮ ਰਤਨ ਲੋਈ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਇਨਸਾਨ ਸਨ। ਉਹ ਆਪਣੇ ਪਿੰਡ ’ਚ ਹੋ ਰਹੇ ਕਬੱਡੀ ਟੂਰਨਾਮੈਂਟ ਦੇ ਡਾਇਮੰਡ ਸਪਾਂਸਰ ਸਨ। ਇਸੇ ਤਰਾਂ ਪਿੰਡ ਮੰਡੀ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਤੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਰਾਮ ਰਤਨ ਲੋਈ ਜੀ ਨੇ ਸ਼ੁਰੂ ਕੀਤਾ ਤੇ ਉਹ ਹਰ ਸਾਲ ਇਸ ਕਾਰਜ ਲਈ ਆਰਥਿਕ ਮੱਦਦ ਕਰਦੇ ਸਨ।
ਉਹ ਜਰੂਰਤਮੰਦ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਮੱਦਦ ਕਰਨ ਤੇ ਲੋੜਵੰਦ ਲੜਕੀਆਂ ਦੇ ਕੰਨਿਆਦਾਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਰਾਮ ਰਤਨ ਲੋਈ ਤੇ ਉਨਾਂ ਦੇ ਛੋਟੇ ਭਰਾ ਪ੍ਰਮੋਦ ਚੰਦਰ ਲੋਈ (ਯੂ. ਐਸ. ਏ.) ਦੀ ਪਿੰਡ ਦੇ ਵਿਕਾਸ ’ਚ ਤੇ ਵਿੱਦਿਆਕ ਪੱਧਰ ਨੂੰ ਉੱਚਾ ਚੁੱਕਣ ’ਚ ਬਹੁਤ ਵੱਡੀ ਦੇਣ ਹੈ। ਉਨਾਂ ਦਾ ਸਸਕਾਰ 3 ਮਾਰਚ ਨੂੰ ਹਾਰਵਰਡ ਪਾਰਕ ਕਾਰਨਰ ਲੈਚਵਰਥ ਯੂ. ਕੇ ਵਿਖੇ ਹੋਵੇਗਾ। ਉਨਾਂ ਦੀ ਮੌਤ ’ਤੇ ਇਲਾਕੇ ਦੀਆਂ, ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।