ਅੰਬਰ ਦੇ ਅੱਥਰੂ

(ਸਮਾਜ ਵੀਕਲੀ)

ਸੁਣਿਆਂ ਹੈ, ਦੇਖਿਆ ਹੈ

ਮਹਾ-ਮਾਨਵ ਵਰਗਾ ਕੋਈ

ਸਬਰ ਦਾ ਬੰਨ ਤੋੜ ਕੇ

ਸਿਦਕ ਦਾ ਲੜ ਫੜ ਕੇ

ਉੱਠਿਆ ਤੇ ਦਹਾੜਿਆ,

ਧਰਤ ਝੰਜੋੜੀ ਗਈ

ਅੰਬਰ ਦਾ ਕੜ ਪਾਟਿਆ

ਤਾਂ ਕੁੱਝ ਅੱਥਰੂ ਡਿਗੇ।

 

ਉਹ ਰੋਇਆ ਨਹੀਂ

ਧਰਤੀ ਵਰਗੇ, ਜਿਗਰੇ ਵਾਲੇ

ਸਿਦਕੀ ਰੋਂਦੇ ਨਹੀਂ ਹੁੰਦੇ

ਉਹਦੀ ਲਲਕਾਰ  ਨੇ

ਚੁਫੇਰੇ ਗੂੰਜ ਪੈਦਾ ਕੀਤੀ

ਖਾਰੇ ਹੰਝੂਆਂ ਦੇ ਸੈਲਾਬ ਨਾਲ

ਅਸਮਾਨ ਸ਼ਰਮਿੰਦਾ ਹੋ ਗਿਆ

ਧਰਤੀ ਗੀਤ ਗਾਉਣ ਲੱਗੀ।

 

ਲਾਵੇ ਵਰਗਾ, ਉਬਲਦਾ ਗੁੱਸਾ

ਆਕਾਸ਼ੀ ਬਿਜਲੀ ਵਾਂਗ

ਚੁਫੇਰੇ ਲਿਸ਼ਕੋਰ ਬਣ ਫੈਲਿਆ

ਦੂਰੋਂ-ਪਾਰੋਂ ਆਵਾਜ਼ਾਂ ਆਈਆਂ

ਜੀਅ ਓਏ ਯੋਧਿਆ, ਜੀਅ !

ਘਾਬਰੀਂ ਨਾ, ਅਸੀਂ ਆਏ ਕਿ ਆਏ,

‘ਤੇ ਜੁੜ ਗਿਆ ਹਜੂਮ

ਧਰਤੀ ਦੇ ਜਾਇਆਂ ਦਾ

ਆਪਣਿਆਂ ਤੇ ‘ਪਰਾਇਆਂ’ ਦਾ

ਦੂਰ ਤੱਕ ਅਣਗਿਣਤ, ਬੇ-ਹਿਸਾਬ

ਧਰਤੀ ਤੋਂ ਅਸਮਾਨ ਤੱਕ

ਗੂੰਜਣ ਲੱਗਿਆ – ਟਿਕੈਤ, ਟਿਕੈਤ।

 

ਵਿਰਸਾ ਜੀਵਤ ਹੋਇਆ

ਵਿਰਾਸਤ ਸਾਂਭੀ ਗਈ

ਜਿਹੜਾ ਭਾਈਚਾਰਾ ਕਦੇ

ਉਰੇ-ਪਰੇ ਹੋ ਗਿਆ ਸੀ

ਸਿਆਸੀ ਚਾਲਾਂ ਤੇ ਧੱਕੇ ਨਾਲ

ਵੰਡ ਦਿੱਤਾ ਗਿਆ ਸੀ ਸਾਂਝਾ ਸਮਾਜ

ਕਿਰਤੀਆਂ ਦਾ ਭਾਈਚਾਰਾ

ਉਹ ਮੁੜ ਜੁੜ ਗਿਆ ਹੈ

ਘਰਾਂ ਤੋਂ ਨਿਕਲ ਤੁਰੇ ਮਿਹਨਤੀ ਲੋਕ

ਆਪਣੇ ਹੱਕਾਂ ਦੀ ਰਾਖੀ ਲਈ

ਭਾਈਚਾਰਾ ਜੁੜ ਬੈਠਿਆ

ਸਾਂਝੇ ਨਾਅਰੇ ਉੱਚੇ ਹੋ ਰਹੇ ਹਨ

ਲਹਿਰ ਜਿੱਤ ਵੱਲ ਅੱਗੇ ਵਧ ਰਹੀ ਹੈ।

ਹੁਣ ਅੰਬਰ ਵੀ

ਜਿੱਤ ਦਾ ਜਸ਼ਨ ਦੇਖੇਗਾ।

 

ਸੂਰਬੀਰ ਟਿਕੈਤ ਨੇ

ਆਪਣੇ ਅੱਥਰੂਆਂ ਨਾਲ

ਉੱਜਲ ਭਵਿੱਖ ਦਾ

ਮੂੰਹ ਧੋ ਦਿੱਤਾ ਹੈ

ਆਸ ਦਾ – ਉਮੀਦ ਦਾ

ਬੂਹਾ ਖੜਕਾ ਦਿੱਤਾ ਹੈ।

ਪਿੰਡਾਂ ਤੋਂ ਤੁਰੇ, ਹੋਰ ਕਿਰਤੀਆਂ ਦੇ ਜਥੇ

ਮੋਰਚਿਆਂ ਵਿਚ ਪਹੁੰਚ ਰਹੇ ਹਨ

ਸੰਘਰਸ਼ ਵਿਚ ਜੁੜ ਬੈਠਿਆਂ ਦੇ

ਨਾਅਰੇ ਹੋਰ ਉੱਚੇ ਹੋ ਗਏ ਹਨ

ਸਭ ਨੂੰ ਵਿਸ਼ਵਾਸ ਹੈ , ਜਲਦ ਹੀ

ਧਰਤ ਦੇ ਵਿਹੜੇ

ਜਿੱਤ ਦੀ ਧਮਾਲ ਪਵੇਗੀ।

ਕੇਹਰ ਸ਼ਰੀਫ਼

Previous articleਕਿਸਾਨਾਂ ਦੇ ਸਘੰਰਸ਼ ਵਿੱਚ ਬੱਸ ਸੇਵਾ ਬੁਕਿੰਗ ਤੇ ਲੰਗਰਾਂ ਲਈ ਰਸਦਾਂ ਤੇ ਸਹਾਇਤਾ ਰਾਸ਼ੀ ਲਈ ਰੇਲ ਕੋਚ ਫੈਕਟਰੀ ਵਿਖੇ ਕਾਊਂਟਰ ਲਗਾਏ -ਸੁਨੇਹਾ , ਵੰਝ
Next articleFarmers’ Movement: Time to Introspect