(ਸਮਾਜ ਵੀਕਲੀ)
ਅੱਜ ਕੱਲ੍ਹ ਤੂੰ ਫੇਸਬੁੱਕ ਤੇ ਬੜੀ ਧੁੰਮ ਮਚਾਈ ਹੋਈ ਹੈ।ਹਰ ਰੋਜ ਤੇਰੀ ਲਿਖੀ ਕਵਿਤਾ,ਕਹਾਣੀ ਜਾਂ ਸ਼ਗੂਫਾ ਪੜ੍ਹਨ ਨੂੰ ਮਿਲਦਾ ਹੈ।ਯਾਰ,ਜਿੱਥੋਂ ਤੱਕ ਮੈਨੂੰ ਯਾਦ ਹੈ ਤੈਨੂੰ ਤਾਂ ਸਾਹਿਤ ਪੜ੍ਹਨ ਦੀ ਵੀ ਕਦੇ ਰੁੱਚੀ ਨਹੀਂ ਸੀ।ਫਿਰ ਇੱਕ-ਦੋ ਸਾਲ ਵਿੱਚ ਹੀ ਲੇਖਿਕਾ ਵੱਜੋਂ ਸਥਾਪਿਤ ਹੋ ਜਾਣਾ ਮੇਰੀ ਤਾਂ ਸਮਝੋਂ ਬਾਹਰ ਹੈ।ਹਰਪ੍ਰੀਤ ਨੇ ਇੱਕੋ -ਸਾਹੇ ਅਪਣੀ ਸਹੇਲੀ ਪ੍ਰਨੀਤ ਨੂੰ ਪੁੱਛਿਆ।”
ਪ੍ਰਨੀਤ ਨੇ ਹੱਸਦੇ ਹੋਏ ਕਿਹਾ,ਤੂੰ ਮੇਰੀ ਜਿਗਰੀ ਦੋਸਤ ਹੈਂ,ਇਸ ਲਈ ਸੱਚੀ ਗੱਲ ਦੱਸਦੀ ਹਾਂ ਕਿ ਫੇਸਬੁੱਕ ਤੇ ਪਹਿਚਾਣ ਬਣਾਉਣਾ ਮੁਸ਼ਕਿਲ ਨਹੀਂ।ਹਰ ਰੋਜ ਵਧੀਆ ਵਧੀਆ ਆਪਣੀਆਂ ਦੋ ਚਾਰ ਫੋਟੋ ਸ਼ੇਅਰ ਕਰੋ।ਵੱਧ ਤੋਂ ਵੱਧ ਸਾਹਿਤਕ ਗਰੁੱਪਾਂ ਦੇ ਮੈਂਬਰ ਬਣੋ ,ਅੱਧਾ ਘੰਟਾ ਲਾ ਕੇ ਵੱਖ ਵੱਖ ਸਾਹਿਤਕ ਗਰੁੱਪਾਂ ਵਿੱਚ ਪੋਸਟ ਕੀਤੀਆਂ ਕਵਿਤਾਵਾਂ ਦੀਆਂ ਲਾਈਨਾਂ ਚੁੱਕੋ, ਤੋੜ ਮਰੋੜ ਕੇ ਕਵਿਤਾ ਬਣਾ ਕੇ ਆਪਣੇ ਨਾਂ ਹੇਠ ਸ਼ੇਅਰ ਕਰ ਦਿਓ।ਵੱਧ ਤੋਂ ਵੱਧ ਲਾਈਕ ਤੇ ਕੁਮੈਂਟਸ ਕਰਨ ਲਈ ਵੀ ਕਹਿ ਦਿਓ।ਜਿਸ ਦਿਨ ਕਵਿਤਾ ਨਾ ਬਣੇ,ਕੋਈ ਕਹਾਣੀ,ਊਪਦੇਸ਼ ਜਾਂ ਸ਼ਗੂਫਾ ਹੀ ਛੱਡ ਦਿਓ—–ਬਸ ਦੋ ਚਾਰ ਮਹੀਨਿਆਂ ਵਿੱਚ ਹੀ ਤੁਹਾਨੂੰ ਊੱਘੀ ਲੇਖਕ /ਲੇਖਿਕਾ ਘੋਸ਼ਿਤ ਕਰ ਦੇਣਗੇ।
ਹਰਪ੍ਰੀਤ ਨੇ ਅਚੰਭਿਤ ਹੁੰਦੇ ਹੋਏ ਕਿਹਾ,ਜੋ ਤੂੰ ਕੱਲ੍ਹ ਛੇ ਕਿਤਾਬਾਂ ਦੀ ਲਿਸਟ ਪਾਈ ਸੀ,ਉਹ ਕਦੋਂ ਲਿਖੀਆਂ?
ਪ੍ਰਨੀਤ ਨੇ ਕਿਹਾ,ਉਹ—ਉਹ ਤਾਂ ਮੇਰੀਆਂ ਸੰਪਾਦਿਤ ਕਿਤਾਬਾਂ ਹਨ। ਲੈ ਹੋਰ ਸੁਣ—ਵੱਖੋ-ਵੱਖ ਸਾਹਿਤਕ ਗਰੁੱਪਾਂ ਵਿੱਚ ਕਿਤਾਬਾਂ ਛਪਵਾਉਣ ਦੀ ਪੋਸਟ ਪਾਈ ਤੇ ਹਰੇਕ ਤੋਂ ਪੰਜ ਪੰਜ ਸੌ ਰੁਪਏ ਉਗਰਾਹੇ ਤੇ ਦੋ ਮਹੀਨਿਆਂ ਵਿੱਚ ਮੇਰੇ ਵੱਲੋਂ ਸੰਪਾਦਿਤ ਕੀਤੀ ਕਿਤਾਬ ਰੀਲੀਜ਼ ਹੋ ਜਾਂਦੀ ਹੈ।ਨਾਮ ਤਾਂ ਮੇਰਾ ਹੀ ਚਲਣਾ ਹੈ।ਕੁਲੈਕਸ਼ਨ ਦੇ ਹੀ ਬਚੇ ਰੁਪਇਆਂ ਨਾਲ ਕਿਤਾਬ ਵਿੱਚ ਸ਼ਾਮਿਲ ਲੇਖਕ/ਲੇਖਿਕਾਵਾਂ ਨੂੰ ਸ਼ਾਨਦਾਰ ਪਾਰਟੀ ਨਾਲ ਮੇਰੀ ਵਾਧੂ ਬੱਲੇ ਬੱਲੇ—।ਹਰਪ੍ਰੀਤ ਹੁਣ ਮੈਨੂੰ ਫੋਨ ਕੱਟਣਾ ਪੈਣਾ ਯਾਰ,ਦਸ ਮਿੰਟ ਬਾਅਦ ਹੀ ਮੈਂ ਇੱਕ ਆਨਲਾਈਨ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਹੈ।
ਡੌਰ-ਭੌਰੀ ਹੋਈ ਹਰਪ੍ਰੀਤ ਦੇ ਮੂੰਹੋਂ ਬਸ ਏਨਾ ਹੀ ਨਿਕਲਿਆ, ਹਾਂ–ਹਾਂ ਠੀਕ ਹੈ।ਮੇਰੇ ਵੀ ਬੱਚੇ ਸਕੂਲੋਂ ਵਾਪਸ ਆਉਣ ਵਾਲੇ ਹਨ।ਫੋਨ ਰੱਖਦੇ ਹੀ ਹਰਪ੍ਰੀਤ ਦੇ ਮੂੰਹੋਂ ਆਪ- ਮੁਹਾਰੇ ਹੀ ਨਿਕਲਿਆ , ਹੇ ਪ੍ਰਮਾਤਮਾ!
ਕੈਲਾਸ਼ ਠਾਕੁਰ
ਨੰਗਲ ਟਾਊਨਸ਼ਿਪ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly