ਟੋਕੀਓ (ਜਾਪਾਨ)(ਰਮੇਸ਼ਵਰ ਸਿੰਘ),(ਸਮਾਜ ਵੀਕਲੀ) – ਬੀਤੇ 12 ਦਸੰਬਰ ਨੂੰ ਟੋਕੀਓ ਸ਼ਹਿਰ ਵਿਖੇ ਸਥਿਤ ਭਾਰਤੀ ਅੰਬੈਸੀ ਸਾਹਮਣੇ ਅੰਤਰਰਾਸ਼ਟਰੀ ਇਨਕਲਾਬੀ ਮੰਚ ਅਤੇ ਹੋਰ ਹਮਖ਼ਿਆਲ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਵੱਲੋਂ ਉਚੇਚੇ ਤੌਰ ‘ਤੇ ਪਹੁੰਚੇ ਕੌਮਾਂਤਰੀ ਜਰਨਲ ਸਕੱਤਰ ਰੁਪਿੰਦਰ ਜੋਧਾਂ ਨੇ ਭਾਰਤ ਦੀ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਸਵਾਲ ਕੀਤਾ ਕਿ ਬਿਨਾਂ ਕਿਸੇ ਜਨਤਕ ਮੰਗ ਤੋਂ ਧੱਕੇ ਨਾਲ਼ ਲੋਕਾਂ ਸਿਰ ਮੜ੍ਹੇ ਗਏ ਬਿਲ ਵਾਪਸ ਲੈਣਾ, ਐਡੀ ਕਿੱਡੀ ਕੁ ਵੱਡੀ ਗੱਲ ਹੈ ਕਿ ਕਿਰਤੀ ਲੋਕ ਪਿਛਲੇ ਕਿੰਨਿਆਂ ਹੀ ਮਹੀਨਿਆਂ ਤੋਂ ਰੋਸ ਪ੍ਰਦਰਸ਼ਨਾਂ ਵਿੱਚ ਹੀ ਉਲ਼ਝਾ ਕੇ ਰੱਖ ਦਿੱਤੇ ਗਏ ਹਨ।
ਆਪਣੀਆਂ ਹੱਕੀ ਮੰਗਾਂ ਲਈ ਆਖਿਰ ਕਿਉਂ ਅੰਨਦਾਤਿਆਂ ਤੇ ਕਿਰਤੀਆਂ ਨੂੰ ਪਹਿਲਾਂ ਰੇਲਵੇ ਲਾਈਨਾਂ, ਸਟੇਸ਼ਨਾਂ, ਟੋਲ ਪਲਾਜ਼ਿਆਂ, ਸੜ੍ਹਕਾਂ ਅਤੇ ਹੁਣ ਦੇਸ਼ ਦੀ ਰਾਜਧਾਨੀ ਦੇ ਬਾਰਡਰਾਂ ‘ਤੇ ਰੁਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਤਿਆਗਿਆ ਤਾਂ ਉਨ੍ਹਾਂ ਦੀ ਜਥੇਬੰਦੀ ਆਪਣੀਆਂ ਹੋਰ ਹਮਖ਼ਿਆਲ ਜਥੇਬੰਦੀਆਂ ਨਾਲ਼ ਵਿਦੇਸ਼ਾਂ ਵਿੱਚ ਤਾਂ ਪ੍ਰਦਰਸ਼ਨ ਤੇਜ ਕਰੇਗੀ ਹੀ ਕਰੇਗੀ ਸਗੋਂ ਭਾਰਤ ਵਿੱਚ ਚੱਲ ਰਹੇ ਸੰਘਰਸ਼ ਨੂੰ ਵੀ ਹਰ ਤਰ੍ਹਾਂ ਦੀ ਮਦਦ ਬਾਦਸਤੂਰ ਕਰਦੀ ਰਹੇਗੀ ਅਤੇ ਕਿਸੇ ਵੀ ਕੀਮਤ ‘ਤੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ ਵਿੱਚ ਮਜ਼ਦੂਰ ਨਹੀਂ ਬਣਨ ਦੇਵੇਗੀ।
ਉਨ੍ਹਾਂ ਭਾਜਪਾ ਦੇ ਆਈ ਟੀ ਸੈੱਲ ਅਤੇ ਗੋਦੀ ਮੀਡੀਆ ਨੂੰ ਵੀ ਤਾੜਨਾ ਕੀਤੀ ਕਿ ਚੰਦ ਛਿੱਲੜਾਂ ਖਾਤਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨਾਗਰਿਕਾਂ ਨੂੰ ਖਾਲਿਸਤਾਨੀ, ਦੇਸ਼-ਧ੍ਰੋਹੀ, ਨਕਸਲੀ ਵਗੈਰਾ ਕਹਿਣ ਜਿਹਾ ਕੂੜ ਪ੍ਰਚਾਰ ਬੰਦ ਕਰਨ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਨਾਲ਼ ਤੁਹਾਡੇ ਸਕੇ ਰਿਸ਼ਤੇਦਾਰ ਵੀ ਰੋਟੀ ਬੇਟੀ ਦੀ ਸਾਂਝ ਤੋੜ ਲੈਣਗੇ ਕਿਉਂਕਿ ਆਮ ਲੋਕ ਹੁਣ ਤੁਹਾਡੀ ‘ਰਗ ਰਗ ਤੋਂ ਵਾਕਿਫ਼’ ਹੋ ਚੁੱਕੇ ਹਨ। ਇਸ ਮੌਕੇ ਕੰਵਲਜੀਤ ਕੌਰ, ਹਿਮਾਇੰਸ਼ੀ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਕਾਸ਼ ਸਿੰਘ, ਮਨਦੀਪ ਸਿੰਘ, ਲਵ ਸ਼ਰਮਾ, ਲਵਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਭੇਜ ਸਿੰਘ ਅਤੇ ਜੋਰੇਗ ਕਿੰਗ ਨੇ ਕਿਸਾਨ ਸੰਘਰਸ਼ ਨੂੰ ਡਟਵੀਂ ਹਿਮਾਇਤ ਦਿੰਦਿਆਂ ਪ੍ਰਭਾਵਸ਼ਾਲੀ ਤਕਰੀਰਾਂ ਕੀਤੀਆਂ ਤੇ ਸਾਰਥਿਕ ਸਹਿਯੋਗ ਲਈ ਟੋਕੀਓ ਪ੍ਰਸ਼ਾਸਨ ਦਾ ਹਾਰਦਿਕ ਧੰਨਵਾਦ ਕੀਤਾ।