ਅੰਗਹੀਣਾਂ ਨੂੰ ਯੂਨੀਕ ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਮੁਹਿੰਮ 17 ਤੋਂ – ਡਿਪਟੀ ਕਮਿਸ਼ਨਰ

ਕੈਪਸ਼ਨ- ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

15 ਜਨਵਰੀ ਤੱਕ ਵੱਖ-ਵੱਖ ਹਸਪਤਾਲਾਂ ਵਿਚ ਲੱਗਣਗੇ ਕੈਂਪ- 21 ਤਰਾਂ ਦੇ ਅੰਗਹੀਣ ਹੋਣਗੇ ਕਵਰ
1596 ਸਕੂਲੀ ਵਿਦਿਆਰਥੀਆਂ ਨੂੰ ਕਾਰਡ ਜਾਰੀ ਕਰਨ ਵੱਲ ਦਿੱਤੀ ਜਾਵੇਗੀ ਵਿਸ਼ੇਸ਼ ਤਵੱਜ਼ੋਂ
ਅੰਗਹੀਣਾਂ ਨੂੰ ਸਰਟੀਫਿਕੇਟ ਬਣਵਾਉਣ ਲਈ  ਹਸਪਤਾਲਾਂ ਦੇ ਨਹੀਂ ਮਾਰਨੇ ਪੈਣਗੇ ਗੇੜੇ

ਕਪੂਰਥਲਾ (ਹਰਜੀਤ ਸਿੰਘ ਵਿਰਕ)- ਜਿਲਾ ਪ੍ਰਸ਼ਾਸ਼ਨ ਵਲੋਂ ਅੰਗਹੀਣਾਂ ਤੇ ਸਰੀਰਕ ਤੌਰ ‘ਤੇ ਅਸਮਰੱਥ ਵਿਅਕਤੀਆਂ ਨੂੰ ਯੂਨੀਕ ਕਾਰਡ ਜਾਰੀ ਕਰਨ ਦੀ ਵਿਸ਼ੇਸ਼ ਮੁਹਿੰਮ 17 ਦਸੰਬਰ ਤੋਂ 15 ਜਨਵਰੀ ਤੱਕ ਚੱਲੇਗੀ ਜਿਸ ਤਹਿਤ ਵੱਖ-ਵੱਖ ਸਬ ਡਿਵੀਜ਼ਨ ਪੱਧਰ ਤੇ ਹੋਰਨਾਂ ਸਰਕਾਰੀ ਹਸਪਤਾਲਾਂ ਅੰਦਰ ਕੈਂਪ ਲਗਾਕੇ ਯੂਨੀਕ ਕਾਰਡ ਬਣਾਏ ਜਾਣਗੇ।

17 ਦਸੰਬਰ ਨੂੰ ਕਮਿਊਨਿਟੀ ਸਿਹਤ ਕੇਂਦਰ ਟਿੱਬਾ, 18 ਦਸੰਬਰ ਨੂੰ ਪ੍ਰਾਇਮਰੀ ਸਿਹਤ ਕੇਂਦਰ ਢਿਲਵਾਂ, 21 ਨੂੰ ਸੀ ਐਚ ਸੀ ਫੱਤੂਢੀਂਗਾ, 22 ਨੂੰ ਸੀ ਐਚ ਸੀ ਬੇਗੋਵਾਲ, 28 ਨੂੰ ਸੀ ਐਚ ਸੀ ਕਾਲਾ ਸੰਘਿਆਂ, 29 ਨੂੰ ਸੀ ਐਚ ਸੀ ਪਾਂਸ਼ਟਾ, 7 ਜਨਵਰੀ ਨੂੰ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ, 8 ਜਨਵਰੀ ਨੂੰ ਸਰਕਾਰੀ ਹਸਪਤਾਲ ਫਗਵਾੜਾ, 14 ਜਨਵਰੀ ਨੂੰ ਸਰਕਾਰੀ ਹਸਪਤਾਲ ਭੁਲੱਥ ਤੇ 15 ਜਨਵਰੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਕੈਂਪ ਲੱਗੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਰੀਰਕ ਤੌਰ ‘ਤੇ ਅਸਮਰੱਥ ਵਿਅਕਤੀਆਂ ਦੀ ਸਹੂਲਤ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਉਨਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਭਲਾਈ ਯੋਜਨਾਵਾਂ ਤੇ ਹੋਰ ਲਾਭਾਂ ਨੂੰ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਜਿਲੇ ਅੰਦਰ ਪਹਿਲੀ ਤੋਂ ਪੰਜਵੀਂ ਕਲਾਸ ਦੇ 591 ਤੇ 6 ਵੀਂ ਜਮਾਤ ਤੋਂ 12 ਵੀਂ ਜਮਾਤ ਦੇ 1005 ਵਿਦਿਆਰਥੀ ਜੋ ਕਿ ਸਰੀਰਕ ਤੌਰ ‘ਤੇ ਅਸਮਰੱਥ ਹਨ, ਨੂੰ ਵੀ ਯੂਨੀਕ ਕਾਰਡ ਜਾਰੀ ਕੀਤੇ ਜਾਣਗੇ।

ਇਸ ਸਬੰਧੀ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਬਿਹਤਰੀਨ ਤਾਲਮੇਲ ਲਈ ਟੀਮਾਂ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਨਾਂ ਕੈਂਪਾਂ ਅੰਦਰ 21 ਤਰਾਂ ਦੇ ਦਿਵਿਯਾਂਗਜਨਾਂ ਨੂੰ ਯੂਨੀਕ ਕਾਰਡ ਜਾਰੀ ਹੋਣਗੇ ਜਿਸ ਵਿਚ ਅੰਨਾਪਣ, ਕੁਸ਼ਟ ਰੋਗ, ਮਾਨਸਿਕ ਬਿਮਾਰੀ, ਬੋਧਿਕ ਅਪੰਗਤਾ, ਬੋਲਾਪਣ, ਗੂੰਗਾਪਣ, ਤੇਜਾਬੀ ਹਮਲੇ ਦੇ ਪੀੜਤ, ਹੀਮੋਫੀਲੀਆ, ਥੈਲੇਸੇਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ ਫਿਰਨ ਦੀ ਕਮਜ਼ੋਰੀ, ਮਾਸ਼ਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੋਰੋਸਿਸ, ਬੌਣਾਪਨ, ਸਿਕਲ ਸੈਲ ਰੋਗ, ਪਾਰਕਿੰਸਨਸ ਰੋਗ, ਬੋਲਣ ਤੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਦੀ ਅਯੋਗਤਾ, ਆਟਿਜ਼ਮ ਸਪੈਲਟ੍ਰਮ ਡਿਸਆਰਡਰ, ਬੋਲੇ ਅੰਨੇਪਣ ਸਮੇਤ ਅਯੋਗਤਾ ਤੇ ਘੱਟ ਨਜ਼ਰ ਸ਼ਾਮਿਲ ਹਨ। ਯੂਨੀਕ ਕਾਰਡ ਪਹਿਲਾਂ ਜਾਰੀ ਕੀਤੇ ਜਾਂਦੇ ਮੈਨੂਅਲ ਸਰਟੀਫਿਕੇਟਾਂ ਦੀ ਥਾਂ ਲੈਣਗੇ। ਯੂਨੀਕ ਕਾਰਡ ਕਿਸੇ ਵੀ ਥਾਂ ਆਨਲਾਇਨ ਅਸੈਸ ਕੀਤਾ ਜਾ ਸਕੇਗਾ, ਜਿਸ ਨਾਲ ਨਾ ਸਿਰਫ ਪਾਰਦਰਸ਼ਤਾ ਵਧੇਗੀ ਸਗੋਂ ਅੰਗਹੀਣ ਵਿਅਕਤੀ ਨੂੰ ਵਾਰ-ਵਾਰ ਸਰਟੀਫਿਕੇਟ ਨਵਿਆਉਣ ਲਈ ਹਸਪਤਾਲ ਨਹੀਂ ਜਾਣਾ ਪਵੇਗਾ।

Previous articleਸਿੱਖ ਫਰਬੰਡ ਵਾਲ਼ਿਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਰੇ ਜਰਮਨ ਵਿੱਚ ਲੰਗਰ ਵਰਤਾਇਆ
Next articleUS agrees to return 12 military sites to S.Korea