ਅੰਗਰੇਜ਼ੀ ਨਹੀਂ ਤਾਂ ਸਥਾਈ ਨਿਵਾਸ ਵੀ ਨਹੀਂ: ਆਸਟਰੇਲੀਆ

ਬ੍ਰਿਸਬਨ (ਸਮਾਜ ਵੀਕਲੀ) : ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੂਜ ਨੇ ਕਿਹਾ ਕਿ ਹੁਣ ਆਸਟਰੇਲੀਆ ਦੇ ਸਹਿਭਾਗੀ (ਪਾਰਟਨਰ) ਵੀਜ਼ਾ ਬਿਨੈਕਾਰ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਨਵੇਂ ਨਿਯਮਾਂ ਤਹਿਤ ਕਾਰਜਸ਼ੀਲ ਪੱਧਰ ਦੀ ਅੰਗਰੇਜ਼ੀ ਭਾਸ਼ਾ ਦਾ ਗਿਆਨ ਜਾਂ ਇਹ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੋਵੇਗੀ ਕਿ ਉਨ੍ਹਾਂ ਨੇ ਅਗਲੇ ਸਾਲ ਦੇ ਅੱਧ ਤੋਂ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਢੁੱਕਵੇਂ ਯਤਨ ਕੀਤੇ ਹਨ। ਨਵੀਂ ਨੀਤੀ 2021 ਦੇ ਅਖੀਰ ’ਚ ਲਾਗੂ ਹੋ ਸਕਦੀ ਹੈ।

ਦੂਜੇ ਪਾਸੇ ਵਿਰੋਧੀ ਧਿਰ ਲੇਬਰ ਅਤੇ ਗਰੀਨ ਨੇ ਇਸ ਨਵੇਂ ਕਨੂੰਨ ਨੂੰ ਸਮਾਜਿਕ ਅਤੇ ਪਰਿਵਾਰਕ ਨਜ਼ਰੀਏ ਤੋਂ ਮਨੁੱਖਤਾ ਵਿਰੋਧੀ ਦੱਸਦਿਆਂ ਸਰਕਾਰ ਨੂੰ ਭਾਈਵਾਲ ਵੀਜ਼ਾ ਅਰਜ਼ੀ ਦੇ ਬੈਕਲਾਗ ਨੂੰ ਸਾਫ ਕਰਨ ’ਤੇ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ।

ਮੌਰੀਸਨ ਸਰਕਾਰ ਦੇ ਮੰਤਰੀ ਟੂਜ ਨੇ ਅੱਜ ਇੱਥੇ ਕਿਹਾ, ‘ਨਵਾਂ ਅੰਗਰੇਜ਼ੀ ਭਾਸ਼ਾ ਕਾਨੂੰਨ ਪਰਵਾਸੀਆਂ ਦੀ ਕੰਮਾਂ, ਪਰਿਵਾਰਕ ਹਿੰਸਾ ਅਤੇ ਸ਼ੋਸ਼ਣ ਵਿਰੁੱਧ ਰੱਖਿਆ ਕਰੇਗਾ, ਜਦੋਂ ਉਹ ਆਸਟਰੇਲੀਆ ’ਚ ਪੱਕੇ ਤੌਰ ’ਤੇ ਰਹਿਣ ਲੱਗ ਪੈਣਗੇ।’ ਗੌਰਤਲਬ ਹੈ ਕਿ ਨਵੀਂ ਨੀਤੀ ਅਨੁਸਾਰ ਬਿਨੈਕਾਰਾਂ ਅਤੇ ਸਪਾਂਸਰਾਂ ਨੂੰ ਆਰਜ਼ੀ ਵੀਜ਼ਾ (309/820) ਦੇ ਜਾਰੀ ਹੋਣ ਸਮੇਂ ਆਪਣੀ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਸਥਾਈ ਵੀਜ਼ਾ ਅਰਜ਼ੀ (100/801) ਸਮੇਂ ਇਹ ਟੈਸਟ ਲਾਜ਼ਮੀ ਹੋਵੇਗਾ। ਹਾਲਾਂਕਿ ਸਰਕਾਰ ਨੇ ਸਹਿਭਾਗੀ ਵੀਜ਼ਾ ਲਈ ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤ ਦੇ ਮਾਪਦੰਡਾਂ ਦਾ ਖੁਲਾਸਾ ਅਜੇ ਨਹੀਂ ਕੀਤਾ ਹੈ।

Previous articleਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਗੱਠਜੋੜ ਕਾਇਮ
Next articleਸੱਤਾ ’ਚ ਆਊਣ ’ਤੇ ਇੱਕ ਕਰੋੜ ਤੋਂ ਵੱਧ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਨਾਗਰਿਕਤਾ ਦੇਵਾਂਗੇ: ਬਾਇਡਨ