ਐਜ਼ੌਲ/ਸਿਲਚਰ (ਸਮਾਜ ਵੀਕਲੀ) : ਅਸਾਮ ਤੇ ਮਿਜ਼ੋਰਮ ਦੀ ਸਰਹੱਦ ’ਤੇ ਦੋਵਾਂ ਸੂਬਿਆਂ ਦੇ ਲੋਕਾਂ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਕਈ ਜਣੇ ਜ਼ਖ਼ਮੀ ਹੋ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਹਾਲਾਂਕਿ ਸਥਿਤੀ ਹੁਣ ਕਾਬੂ ਹੇਠ ਹੈ। ਟਕਰਾਅ ਮਿਜ਼ੋਰਮ ਦੇ ਕੋਲਾਸਿਬ ਤੇ ਅਸਾਮ ਦੇ ਕਾਚਰ ਜ਼ਿਲ੍ਹਿਆਂ ਦੇ ਲੋਕਾਂ ਵਿਚਾਲੇ ਹੋਇਆ। ਸਰਕਾਰ ਨੇ ਸਰਹੱਦ ਉਤੇ ਵਾਧੂ ਸੁਰੱਖਿਆ ਕਰਮੀ ਤਾਇਨਾਤ ਕੀਤੇ ਹਨ।
ਅਧਿਕਾਰੀਆਂ ਮੁਤਾਬਕ ਘਟਨਾ ਦਾ ਕਾਰਨ ਸ਼ਨਿਚਰਵਾਰ ਨੂੰ ਢਾਹ ਦਿੱਤੀ ਗਈ ਇਕ ਉਸਾਰੀ ਹੋ ਸਕਦੀ ਹੈ। ਇਸ ਨੂੰ ਸਥਾਨਕ ਵਾਲੰਟੀਅਰ ਵਰਤ ਰਹੇ ਸਨ ਜੋ ਕਿ ਅੰਤਰ-ਰਾਜੀ ਆਵਾਜਾਈ ਉਤੇ ਨਿਗਰਾਨੀ ਰੱਖ ਰਹੇ ਸਨ। ਅਸਾਮ ਦੇ ਜੰਗਲਾਤ ਮੰਤਰੀ ਪਰੀਮਲ ਸ਼ੁਕਲਾ ਬੈਦਿਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਇੱਥੇ ਹਰ ਸਾਲ ਹੁੰਦੀਆਂ ਹਨ ਕਿਉਂਕਿ ਦੋਵਾਂ ਪਾਸਿਆਂ ਦੇ ਲੋਕ ਨਾਜਾਇਜ਼ ਢੰਗ ਨਾਲ ਦਰੱਖਤ ਕੱਟਦੇ ਹਨ। ਸਿਲਚਰ ਦੀ ਸਾਬਕਾ ਸੰਸਦ ਮੈਂਬਰ ਕਾਂਗਰਸ ਦੀ ਸੁਸ਼ਮਿਤਾ ਦੇਵ ਨੇ ਕਿਹਾ ਕਿ ਉਹ ਇਲਾਕੇ ਦੇ ਦੌਰੇ ਉਤੇ ਗਈ ਸੀ ਪਰ ਕੋਈ ਪ੍ਰਸ਼ਾਸਕੀ ਅਧਿਕਾਰੀ ਉੱਥੇ ਮੌਜੂਦ ਨਹੀਂ ਸੀ।
ਮਿਜ਼ੋਰਮ ਦੇ ਇਕ ਮੰਤਰੀ ਤੇ ਵਿਧਾਇਕ ਨੇ ਕਿਹਾ ਕਿ ਅਗਲੇ ਵਰ੍ਹੇ ਅਸਾਮ ਵਿਚ ਚੋਣਾਂ ਹਨ, ਇਸ ਲਈ ਇਹ ਟਕਰਾਅ ਸਿਆਸੀ ਲਾਹੇ ਲਈ ਵੀ ਕਰਵਾਇਆ ਗਿਆ ਹੋ ਸਕਦਾ ਹੈ। ਮਿਜ਼ੋਰਮ ਦੇ ਗਿਆਰਾਂ ਵਿਧਾਇਕ ਇਸ ਵੇਲੇ ਸਰਹੱਦੀ ਇਲਾਕੇ ਵਿਚ ਮੌਜੂਦ ਹਨ ਤੇ ਮੁੱਖ ਮੰਤਰੀ ਜ਼ੋਰਾਮਥਾਂਗਾ ਨੇ ਇਸ ਬਾਰੇ ਕੈਬਨਿਟ ਮੀਟਿੰਗ ਵੀ ਕੀਤੀ ਹੈ। ਅੰਤਰਰਾਜੀ ਸਰਹੱਦ ’ਤੇ ਹੋਈਆਂ ਹਿੰਸਕ ਝਪਕਾਂ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਸੋਮਵਾਰ ਨੂੰ ਮਿਜ਼ੋਰਮ ਦੇ ਮੁੱਖ ਸਕੱਤਰਾਂ ਨਾਲ ਮੀਟਿੰਗ ਕਰਨਗੇ। ਇਹ ਜਾਣਕਾਰੀ ਮਿਜ਼ੋਰਮ ਦੇ ਗ੍ਰਹਿ ਮੰਤਰੀ ਨੇ ਦਿੱਤੀ।