ਗੁਹਾਟੀ (ਸਮਾਜ ਵੀਕਲੀ): ਅਸਾਮ ’ਚ ਵਿੱਚ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਵਿੱਚ ਦਰਜ ਲੱਗਪਗ 10 ਹਜ਼ਾਰ ‘ਅਯੋਗ ਵਿਅਕਤੀਆਂ’ ਅਤੇ ਉਨ੍ਹਾਂ ਦੇ ਵੰਸ਼ਜ਼ਾਂ ਦੇ ਨਾਂ ਕੱਟ ਦਿੱਤੇ ਜਾਣਗੇ। ਸੂਬਾ ਕੋਆਰਡੀਨੇਟਰ ਹਿਤੇਸ਼ ਦੇਵ ਸਰਮਾ ਵੱਲੋਂ ਅਧਿਕਾਰੀਆਂ ਨੂੰ ਇਸ ਫ਼ੈਸਲੇ ਬਾਰੇ ਜਾਣੂੰ ਕਰਵਾਉਣ ਲਈ ਜਾਰੀ ਹਦਾਇਤਾਂ ਦਿੱਤੀਆਂ ਗਈਆਂ ਹਨ।
ਸ਼ਰਮਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਨਾਗਰਿਕ ਰਜਿਸਟਰੇਸ਼ਨ ਬਾਰੇ ਜ਼ਿਲ੍ਹਾ ਰਜਿਸਟਰਾਰ ਨੂੰ ਅਜਿਹੇ ਨਾਂ ਕੱਟਣ ਸਬੰਧੀ ਜ਼ੁਬਾਨੀ ਹੁਕਮ ਜਾਰੀ ਕਰਨ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ, ‘ਤੁਹਾਡੇ ਅਤੇ ਵੈੱਬਫਾਰਮਾਂ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਕੁਝ ਵਰਗਾਂ ਜਿਵੇਂ ਡੀਐੱਫ (ਵਿਦੇਸ਼ੀ ਐਲਾਨੇ)/ਡੀਵੀ (‘ਡੀ’ ਵੋਟਰ)/ਪੀਐੱਫਟੀ (ਪੈਂਡਿੰਗ ਵਿਦੇਸ਼ੀ ਟ੍ਰਿਬਿਊਨਲ) ਨਾਲ ਸਬੰਧਤ ਅਯੋਗ ਵਿਅਕਤੀ ਅਤੇ ਉਨ੍ਹਾਂ ਦੇ ਵੰਸ਼ਜ਼ਾਂ ਦੇ ਨਾਂ ਐੱਨਆਰਸੀ ’ਚ ਦਰਜ ਪਾਏ ਗਏ ਹਨ।
ਸ਼ਰਮਾ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਐੱਨਆਰਸੀ ਦੀਆਂ ਧਾਰਾਵਾਂ ਤਹਿਤ ਅਜਿਹੇ ‘ਵਿਅਕਤੀਆਂ ਦੀ ਵਿਸ਼ੇਸ਼ ਤੌਰ ’ਤੇ ਪਛਾਣ ਕਰਕੇ’ ਨਾਂ ਕੱਟਣ ਦੇ ਹੁਕਮ ਦਿੱਤੇ ਹਨ। ਕਾਨੂੰਨ ਅਤੇ ਕੁਝ ਹੋਰ ਸਬੰਧਤ ਮੱਦਾਂ ਦੀ ਤਫ਼ਸੀਲ ਦਿੰਦਿਆਂ ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਐੱਨਆਰਸੀ ਦੇ ਅੰਤਿਮ ਪ੍ਰਕਾਸ਼ਨ ਤੋਂ ਕਿਸੇ ਵੀ ਨਾਂ ਦੀ ਤਸਦੀਕ, ਉਸਨੂੰ ਸ਼ਾਮਲ ਜਾਂ ਬਾਹਰ ਕੱਢ ਸਕਦੇ ਹਨ।