ਨਵੀਂ ਦਿੱਲੀ (ਸਮਾਜਵੀਕਲੀ) : ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਰੋਗਿਆ ਸੇਤੂ ਐਪ ਵਿੱਚ ਡੇਟਾ ਤੇ ਨਿੱਜੀ ਸੁਰੱਖਿਆ ’ਚ ਸੰਨ੍ਹ ਲੱਗਣ ਸਬੰਧੀ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਐਪ ਨਿੱਜੀ ਤੇ ਡੇਟਾ ਸੁਰੱਖਿਆ ਦੇ ਸਬੰਧ ਵਿੱਚ ਬਿਲਕੁਲ ‘ਮਜ਼ਬੂਤ ਤੇ ਸੁਰੱਖਿਅਤ’ ਹੈ।
ਉਨ੍ਹਾਂ ਕਿਹਾ, ‘‘ਇਹ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ, ਸਾਡੇ ਵਿਗਿਆਨੀਆਂ, ਐੱਨਆਈਸੀ, ਨੀਤੀ ਆਯੋਗ ਅਤੇ ਨਿੱਜੀ ਸ਼ਖ਼ਸੀਅਤਾਂ ਦੀ ਤਕਨੀਕੀ ਖੋਜ ਹੈ ਅਤੇ ਇਹ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ’ਚ ਪੂਰੀ ਤਰ੍ਹਾਂ ਜ਼ਿੰਮੇਵਾਰ ਤੇ ਸੁਰੱਖਿਅਤ ਪਲੇਟਫਾਰਮ ਹੈ।’’
ਉਨ੍ਹਾਂ ਕਿਹਾ, ‘‘ਹੋਰ ਦੇਸ਼ ਵੀ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਇਸੇ ਤਰ੍ਹਾਂ ਦੇ ਐਪ ਇਸਤੇਮਾਲ ਕਰ ਰਹੇ ਹਨ। ਇਕ ਹੋਰ ਅਹਿਮ ਗੱਲ ਇਹ ਹੈ ਕਿ ਇਹ ਡੇਟਾ ਸੀਮਿਤ ਹੈ। ਆਮ ਡੇਟਾ 30 ਦਿਨਾਂ ਤੱਕ ਰਹਿੰਦਾ ਹੈ ਅਤੇ ਲਾਗ ਤੋਂ ਪੀੜਤ ਵਿਅਕਤੀ ਦਾ ਡੇਟਾ 45 ਤੋਂ 60 ਦਿਨਾਂ ਤੱਕ ਰਹਿੰਦਾ ਹੈ। ਉਪਰੰਤ ਆਪਣੇ-ਆਪ ਇਹ ਡੇਟਾ ਨਸ਼ਟ ਹੋ ਜਾਂਦਾ ਹੈ।’’