ਈਟਾਨਗਰ (ਸਮਾਜ ਵੀਕਲੀ) :ਅਰੁਣਾਚਲ ਪ੍ਰਦੇਸ਼ ’ਚ ਭਾਰਤ-ਚੀਨ ਸਰਹੱਦ ਉਤੇ ਲਾਪਤਾ ਹੋਏ ਪੰਜ ਨੌਜਵਾਨ ਲੱਭ ਗਏ ਹਨ। ਕੇਂਦਰੀ ਮੰਤਰੀ ਕਿਰਨ ਰਿਜਿਜੂ ਮੁਤਾਬਕ ਚੀਨੀ ਪੀਐਲਏ ਨੇ ਪੁਸ਼ਟੀ ਕੀਤੀ ਹੈ ਕਿ ਪੰਜ ਲਾਪਤਾ ਨੌਜਵਾਨ ਉਨ੍ਹਾਂ ਨੇ ਲੱਭ ਲਏ ਹਨ ਤੇ ਭਾਰਤੀ ਅਥਾਰਿਟੀ ਨੂੰ ਸੌਪਣ ਦੀ ਪ੍ਰਕਿਰਿਆ ਜਾਰੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤੀ ਫ਼ੌਜ ਵੱਲੋਂ ਭੇਜੇ ਹੌਟਲਾਈਨ ਸੁਨੇਹੇ ਦਾ ਜਵਾਬ ਦਿੱਤਾ ਹੈ। ਪੀਐਲਏ ਨੂੰ ਨੌਜਵਾਨ ਚੀਨ ਵਾਲੇ ਪਾਸੇ ਮਿਲੇ ਹਨ।
ਇਨ੍ਹਾਂ ਨੂੰ ਲਾਪਤਾ ਹੋਏ ਪੰਜ ਦਿਨ ਬੀਤ ਗਏ ਸਨ। ਪਰਿਵਾਰਕ ਮੈਂਬਰਾਂ ਨੇ ਹਾਲੇ ਤੱਕ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਸੀ। ਪੁਲੀਸ ਨੇ ਕਿਹਾ ਸੀ ਕਿ ਇਸ ਇਲਾਕੇ ’ਚ ਰਹਿੰਦੇ ਆਦਿਵਾਸੀ ਅਕਸਰ ਸ਼ਿਕਾਰ ਲਈ ਜੰਗਲਾਂ ਵਿਚ ਜਾਂਦੇ ਹਨ। ਪੁਸ਼ਟੀ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਆਗੂ ਗੌਰਵ ਗੋਗੋਈ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਸੀ ਕਿ ਪੰਜਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇ। ਜ਼ਿਕਰਯੋਗ ਹੈ ਕਿ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਨੌਜਵਾਨਾਂ ਨੂੰ ਚੀਨੀ ਫ਼ੌਜ ਲੈ ਗਈ ਹੈ। ਭਾਰਤ ਨੇ ਚੀਨ ਨੂੰ ‘ਹੌਟਲਾਈਨ’ ਸੁਨੇਹਾ ਭੇਜਿਆ ਸੀ ਤੇ ਹੁੰਗਾਰੇ ਦੀ ਉਡੀਕ ਕੀਤੀ ਜਾ ਰਹੀ ਸੀ।