ਯੇਰੇਵਾਨ (ਸਮਾਜ ਵੀਕਲੀ): ਅਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਵਿਵਾਦਤ ਖੇਤਰ ਨਗੋਰਨੋ-ਕਾਰਾਬਾਖ ਲਈ ਇਕ ਦਿਨ ਪਹਿਲਾਂ ਸ਼ੁਰੂ ਹੋਈ ਜੰਗ ਸੋਮਵਾਰ ਨੂੰ ਵੀ ਜਾਰੀ ਰਹੀ। ਦੋਵਾਂ ਧਿਰਾਂ ਨੇ ਇਕ-ਦੂਜੇ ਉਤੇ ਜ਼ੋਰਦਾਰ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਅਜ਼ਰਬਾਇਜਾਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਅਰਮੀਨੀਆ ਦੇ ਬਲਾਂ ਨੇ ਸੋਮਵਾਰ ਸਵੇਰੇ ਟਾਰਟਰ ਸ਼ਹਿਰ ਉਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਅਰਮੀਨੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੰਗ ਪੂਰੀ ਰਾਤ ਜਾਰੀ ਰਹੀ ਤੇ ਅਜ਼ਰਬਾਇਜਾਨ ਨੇ ਸਵੇਰੇ ਜ਼ੋਰਦਾਰ ਹਮਲੇ ਸ਼ੁਰੂ ਕਰ ਦਿੱਤੇ। ਅਜ਼ਰਬਾਇਜਾਨ ਦੇ ਰੱਖਿਆ ਮੰਤਰਾਲੇ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਲੜਾਈ ਵਿਚ ਅਰਮੀਨੀਆ ਦੇ 550 ਤੋਂ ਵੱਧ ਸੈਨਿਕ ਮਾਰੇ ਗਏ ਹਨ। ਅਰਮੀਨੀਆ ਦੇ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ।
ਅਰਮੀਨੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਜ਼ਰਬਾਇਜਾਨ ਦੇ ਚਾਰ ਹੈਲੀਕੌਪਟਰਾਂ ਨੂੰ ਡੇਗ ਦਿੱਤਾ ਹੈ। ਜਿਸ ਇਲਾਕੇ ਵਿਚ ਅੱਜ ਸਵੇਰੇ ਲੜਾਈ ਸ਼ੁਰੂ ਹੋਈ, ਉਹ ਅਜ਼ਰਬਾਇਜਾਨ ਤਹਿਤ ਆਉਂਦਾ ਹੈ, ਪਰ ਉੱਥੇ 1994 ਤੋਂ ਹੀ ਅਰਮੀਨੀਆ ਵੱਲੋਂ ਹਮਾਇਤ ਪ੍ਰਾਪਤ ਬਲਾਂ ਦਾ ਕਬਜ਼ਾ ਹੈ। ਅਜ਼ਰਬਾਇਜਾਨ ਦੇ ਕੁਝ ਖੇਤਰਾਂ ਵਿਚ ਮਾਰਸ਼ਲ ਲਾਅ ਲਾਇਆ ਗਿਆ ਹੈ ਤੇ ਕੁਝ ਮੁੱਖ ਸ਼ਹਿਰਾਂ ਵਿਚ ਕਰਫ਼ਿਊ ਦੇ ਹੁਕਮ ਵੀ ਦਿੱਤੇ ਗਏ ਹਨ।