ਕੈਲਗਰੀ (ਸਤਨਾਮ ਸਿੰਘ ਢਾਹ) (ਸਮਾਜ ਵੀਕਲੀ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਜ਼ੂਮ ਰਾਹੀਂ ਮਈ 8,2021 ਨੂੰ ਹੋਈ। ਜਿਸਦਾ ਸੰਚਾਲਨ ਸਤਨਾਮ ਸਿੰਘ ਢਾਹ ਨੇ ਕੀਤਾ। ਸਭ ਤੋਂ ਪਹਿਲਾਂ ਸਾਰੇ ਸਾਹਿਤ ਪ੍ਰੇਮੀਆਂ ਨੂੰ ਸੁਆਗਤੀ ਸ਼ਬਦਾਂ ਨਾਲ ਜੀ ਆਇਆ ਆਖਿਆ। ਵਿੱਛੜ ਗਈਆਂ ਨਾਮਵਰ ਸ਼ਖ਼ਸੀਅਤਾਂ (ਪ੍ਰੇਮ ਗੋਰਖੀ, ਲਲਿਤ ਬਹਿਲ, ਮਹਿੰਦਰ ਸਿੰਘ ਮੰਨੂਪੁਰੀ, ਪ੍ਰਿੰ. ਸੁਲਖਣ ਮੀਤ, ਜਸਵੰਤ ਸਿੰਘ ਅਜੀਤ, ਗਿੱਲ ਸੁਰਜੀਤ, ਅਜੀਤ ਸਿੰਘ ਰਾਹੀ, ਪ੍ਰਿੰ. ਖਰਤਾਰ ਸਿੰਘ ਕਾਲੜਾ) ਅਤੇ ਸਾਡੀ ਸਭਾ ਦੇ ਸੁਹਿਰਦ ਮੈਂਬਰ, ਸਾਡੇ ਭਾਈਚਾਰੇ ਦੇ ਨਾਮਵਰ ਸਮਾਜ ਸੇਵਕ ਜਰਨੈਲ ਸਿੰਘ ਤਗੱੜ ਦੇ ਦਾਮਾਦ ਸਤਨਾਮ ਸਿੰਘ, ਜਨਮੇਜਾ ਸਿੰਘ ਜੌਹਲ ਦੀ ਸੁਪਤਨੀ ਨਰਿੰਦਰ ਕੌਰ ਜੌਹਲ, ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਮਾ. ਭਜਨ ਗਿੱਲ ਦੇ ਨੋਜਆਨ ਦੋਹਤੇ ਪ੍ਰਿੰਸ, ਦੀ ਬੇਵਕਤੀ ਤੇ ਦੁੱਖਦਾਈ ਮੌਤ ਬਾਰੇ ਜਾਣਕਾਰੀ ਸਾਂਝੀ ਕੀਤੀ। ਸਭਾ ਦੇ ਮੈਂਬਰਾਂ ਵੱਲੋਂ ਇਨ੍ਹਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਢਾਅ ਨੇ ਆਖਿਆ ਕਿ ਅੱਜ ਦੀ ਮੀਟਿੰਗ ਗੁਰੁ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਨੂੰ ਹੋਵੇਗੀ।
ਸ਼ੁਰੂਆਤ ਹਰਮਿੰਦਰ ਕੌਰ ਚੁੱਘ ਨੇ ਹਰਪ੍ਰੀਤ ਪੰਧੇਰ ਦੀ ਕਵਿਤਾ ਨਾਲ ਕੀਤੀ। ਉਨ੍ਹਾਂ ਨੇ ਮਾਂ ਦਿਵਸ ਤੇ ਇਕ ਬਹੁਤ ਹੀ ਭਾਵਿਕ ਕਵਿਤਾ ਪੇਸ਼ ਕੀਤੀ। ਮਲਕੀਤ ਸਿੰਘ ਸਿੱਧੂ ਨੇ ਕੈਲਗਰੀ ਦੇ ਮੌਸਮ ਨੂੰ ਮੁੱਖ ਰੱਖ ਕੇ ਸਨੋਅ ਬਾਰੇ ਆਪਣੀ ਲਿਖੀ ਇਕ ਕਵਿਤਾ ਸੁਣਾਈ। ਸਰਬਜੀਤ ਕੌਰ ਉੱਪਲ ਨੇਮਾਂ ਦੀ ਪ੍ਰਸੰਸਾ ਵਿਚ ਇਕ ਕਵਿਤਾ ਦੇ ਨਾਲ ਜੰਡੂ ਲਿਤਰਾਂ ਵਾਲੇ ਦਾ ਇਕ ਗੀਤ ਪੇਸ਼ ਕੀਤਾ। ਜੋਗਾ ਸਿੰਘ ਸਿਹੋਤਾ ਨੇ ਆਪਣੀ ਬਲੰਦ ਆਵਾਜ਼ ਵਿਚ ਹਰਮੋਨੀਅਮ ਨਾਲ ਟੱਪੇ ਅਤੇ ਗੀਤ ਸੁਣਾ ਕੇ ਸੋਗਮਈ ਮਹੌਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ।
ਜਗਦੇਵ ਸਿੰਘ ਸਿੱਧੂ ਨੇ ਮਜ਼ਦੂਰ ਦਿਵਸ, ਚਾਰ ਸੌ ਸਾਲਾ ਗੁਰੁ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ, ਕਿਸਾਨੀ ਅੰਦੋਲਨ, ਮਾਂ ਬਾਰੇ ਬਹੁਤ ਹੀ ਭਾਵਪੂਰਤ ਅਤੇ ਸੰਖੇਪ ਸ਼ਬਦਾਂ ਵਿਚ ਵਿਚਾਰ ਪੇਸ਼ ਕੀਤੇ। ਮਾਂ ਬਾਰੇ ਲਿਖੀ ਰੂਹ ਨੂੰ ਟੁੰਬਣ ਵਾਲੀ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਭਾਵਿਕ ਕਰ ਦਿੱਤਾ। ਅਜਾਇਬ ਸਿੰਘ ਸੇਖੋਂ ਨੇ ਖੁਸ਼ਹਾਲ ਜੀਵਨ ਜਿਉਂਣ ਬਾਰੇ ਆਪਣਾ ਲਿਖਿਆ ਇਕ ਲੇਖ ਸਾਂਝਾ ਕੀਤਾ, ਜਿਸਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ। ਰੁਪਿੰਦਰ ਦਿਉਲ ਨੇ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਲਈ ਵਿਲੱਖਣ ਰੰਗ ਪੇਸ਼ ਕੀਤਾ। ਜਸਵੀਰ ਸਿਹੋਤਾ ਨੇ ਅੱਜ ਦੀ ਨੇਤਾ ਗਿਰੀ ਤੇ ਸੋਹਣਾ ਵਿਅੰਗ ਕੱਸਿਆ।
ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਰੰਗ ਵਿਚ ਗੁਰੁ ਤੇਗ ਬਹਾਦਰ ਜੀ ਦਾ ਜਬਰ ਜ਼ੁਲਮ ਦੇ iਖ਼ਲਾਫ਼ ਔਰੰਗਜੇਬ ਨੂੰ ਵੰਗਾਰ ਦੀ ਕਵਿਤਾ ਪੇਸ਼ ਕੀਤੀ। ਮਨਮੋਹਣ ਸਿੰਘ ਬਾਠ ਨੇ ਇਕ ਫ਼ਿਲਮੀ ਗੀਤ ਸਾਂਝਾ ਕੀਤਾ। ਇਕਬਾਲ ਖ਼ਾਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਗੁਰੁ ਤੇਗ ਬਹਾਦਰ ਜੀ ਨੇ ਇਨਸਾਨੀਅਤ ਦੇ ਹੱਕਾਂ ਦੀ ਰਾਖੀ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਅੱਜ ਵੀ ਕਿਸਾਨ ਜਥੇਬੰਦੀਆਂ ਕੇਂਦਰ ਦੇ ਜਬਰ ਜ਼ੁਲਮ ਦੇ iਖ਼ਲਾਫ਼ ਉਸੇ ਮਿਸ਼ਨ ਨੂੰ ਲੈ ਕੇ ਲੜ ਰਹੀਆਂ ਹਨ। ਉਪਰੰਤ ਜ਼ਿੰਦਗੀ ਅਤੇ ਮੌਤ ਬਾਰੇ ਇਕ ਕਵਿਤਾ ਸੁਣਾਈ। ਤੇਜਾ ਸਿੰਘ ਥਿਆੜਾ ਨੇ ਵੀ ਵਿਚਾਰ ਚਰਚਾ ਵੀ ਹਾਜ਼ਰੀ ਭਰੀ।
ਅਖ਼ੀਰ ਤੇ ਸਤਨਾਮ ਸਿੰਘ ਢਾਅ ਨੇ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਜਾਣਕਾਰੀ ਦਿੱਤੀ ਕਿ ਅਗਲੀ ਇਕੱਤਤਰਤਾ 12 ਜੂਨ 2021 ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਸਤਨਾਮ ਸਿੰਘ ਢਾਅ ਨੂੰ 403-285-6091 ਤੇ ਸੰਪਰਕ ਕੀਤਾ ਜਾ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly