ਮੁੰਬਈ (ਸਮਾਜ ਵੀਕਲੀ) : ਬੌਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੀ ਮਹਿਲਾ ਮਿੱਤਰ ਗੈਬਰਿਲਾ ਡੈਮੇਟ੍ਰਾਡਿਸ ਅੱਜ ਡਰੱਗ ਮਾਮਲੇ ਵਿੱਚ ਐੱਨਸੀਬੀ ਅੱਗੇ ਪੇਸ਼ ਹੋਈ। ਅਧਿਕਾਰੀ ਅਨੁਸਾਰ ਗੈਬਰਿਲਾ ਆਪਣੀ ਕਾਰ ਰਾਹੀਂ ਦੱਖਣੀ ਮੁੰਬਈ ਦੇ ਬਲਾਰਡ ਅਸਟੇਟ ਸਥਿਤ ਐੱਨਸੀਬੀ ਜ਼ੋਨਲ ਦਫ਼ਤਰ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਦੁਪਹਿਰ 12 ਵਜੇ ਪੁੱਜੀ। ਦਫ਼ਤਰ ਦੇ ਬਾਹਰ ਵੱਡੀ ਗਿਣਤੀ ਪੱਤਰਕਾਰ ਮੌਜੂਦ ਸਨ। ਬਾਲੀਵੁੱਡ ਵਿੱਚ ਨਸ਼ਿਆਂ ਦੀ ਕਥਿਤ ਵਰਤੋਂ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਗੈਬਰੀਲਾ ਐੱਨਸੀਬੀ ਅੱਗੇ ਪੇਸ਼ ਹੋਈ। ਸੋਮਵਾਰ ਨੂੰ ਇਸ ਮਾਮਲੇ ਸਬੰਧੀ ਐੱਨਸੀਬੀ ਨੇ ਰਾਮਪਾਲ ਦੇ ਘਰ ਦੀ ਤਲਾਸ਼ੀ ਲਈ ਸੀ ਅਤੇ ਦੋਵਾਂ ਰਾਮਪਾਲ ਤੇ ਗੈਬਰਿਲਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ।
ਸੂਤਰਾਂ ਅਨੁਸਾਰ ਐੱਨਸੀਬੀ ਵਲੋਂ ਰਾਮਪਾਲ ਤੋਂ ਵੀਰਵਾਰ ਨੂੰ ਪੁੱਛ-ਪੜਤਾਲ ਕੀਤੀ ਜਾਵੇਗੀ। ਰਾਮਪਾਲ ਦੇ ਘਰ ਦੀ ਤਲਾਸ਼ੀ ਬਾਲੀਵੁੱਡ ਨਿਰਮਾਤਾ ਫ਼ਿਰੋਜ਼ ਨਾਡਿਆਡਵਾਲਾ ਦੀ ਪਤਨੀ ਸ਼ਬਾਨਾ ਸਈਦ, ਜਿਸ ਦੇ ਘਰੋਂ ਗਾਂਜਾ ਬਰਾਮਦ ਹੋਇਆ ਸੀ, ਦੀ ਗ੍ਰਿਫ਼ਤਾਰੀ ਮਗਰੋਂ ਲਈ ਗਈ। ਐੱਨਸੀਬੀ ਨੇ ਤਲਾਸ਼ੀ ਦੌਰਾਨ ਅਦਾਕਾਰ ਦੇ ਘਰੋਂ ਲੈਪਟਾਪ, ਮੋਬਾਈਲ ਫੋਨ ਅਤੇ ਟੇਬਲੈਟ ਕਬਜ਼ੇ ਵਿੱਚ ਲੲੇ ਸਨ ਅਤੇ ਅਦਾਕਾਰ ਦੇ ਡਰਾਈਵਰ ਤੋਂ ਪੁੱਛ-ਗਿੱਛ ਕੀਤੀ ਸੀ। ਪਿਛਲੇ ਮਹੀਨੇ ਗੈਬਰਿਲਾ ਦੇ ਭਰਾ ਅਗੀਸਿਲਾਓਸ ਡੈਮੇਟ੍ਰਾਡਿਸ ਨੂੰ ਐੱਨਸੀਬੀ ਨੇ ਲੋਨਾਵਾਲਾ ਦੇ ਇੱਕ ਰਿਜ਼ੌਰਟ ਤੋਂ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਊਸ ’ਤੇ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਦੋਸ਼ ਲੱਗੇ ਸਨ।