ਨਿਊ ਯਾਰਕ (ਸਮਾਜ ਵੀਕਲੀ): ਅਮਰੀਕਾ ਦੇ ਨਿਊ ਜਰਸੀ ਸੂਬੇ ਵਿੱਚ ਚੱਕਰਵਾਤੀ ਤੂਫ਼ਾਨ ਇਡਾ ਕਰਕੇ ਆਏ ਹੜ੍ਹਾਂ ਵਿੱਚ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ ਹੈ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਤੂਫਾਨ ਇਡਾ ਨੇ 29 ਅਗਸਤ ਨੂੰ ਲੂਸੀਆਨਾ ਦੇ ਪੋਰਟ ਫੋਰਚੋਨ ’ਤੇ ਦਸਤਕ ਦਿੱਤੀ ਸੀ। ਤੂਫਾਨ ਕੈਟਰੀਨਾ (2005) ਮਗਰੋਂ ਇਡਾ ਦੂਜਾ ਸਭ ਤੋਂ ਘਾਤਕ ਚੱਕਰਵਾਤੀ ਤੂਫ਼ਾਨ ਹੈ, ਜਿਸ ਦੀ ਸੂਬੇ ਨੂੰ ਸਭ ਤੋਂ ਵੱਧ ਮਾਰ ਪਈ ਹੈ। ਇਡਾ 1 ਸਤੰਬਰ ਨੂੰ ਪੋਸਟ-ਟਰੋਪੀਕਲ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋ ਗਿਆ ਸੀ। ਇਸ ਤੂਫ਼ਾਨ ਕਰਕੇ ਹੁਣ ਤੱਕ ਪੂਰੇ ਅਮਰੀਕਾ ਵਿੱਚ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੱਡੀ ਗਿਣਤੀ ਮੌਤਾਂ ਨਿਊ ਜਰਸੀ, ਨਿਊ ਯਾਰਕ ਤੇ ਲੂਸੀਆਨਾ ਸੂਬੇ ਵਿੱਚ ਹੋਈਆਂ ਹਨ। ਹਰੀਕੇਨ ਇਡਾ ਨੇ ਜਾਨੀ ਨੁਕਸਾਨ ਤੋਂ ਇਲਾਵਾ ਅਮਰੀਕਾ ਦੇ ਉੱਤਰ-ਪੂਰਬੀ ਰਾਜਾਂ ਵਿੱਚ ਵੀ ਬੁਨਿਆਦੀ ਢਾਂਚੇ ਨੂੰ ਵੱਡੀ ਢਾਹ ਲਾਈ ਹੈ। ਚੱਕਰਵਾਤੀ ਤੂਫ਼ਾਨ ਕਰਕੇ ਘੱਟੋ-ਘੱਟ 50 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
ਨਿਊ ਯਾਰਕ ਟਾਈਮਜ਼ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਨਿਊ ਜਰਸੀ ਵਿੱਚ ਭਾਰਤੀ ਮੂਲ ਦੀ ਮਾਲਾਥੀ ਕਾਂਚੇ (46), ਜੋ ਪੇਸ਼ੇ ਵਜੋਂ ਸਾਫ਼ਟਵੇਅਰ ਡਿਜ਼ਾਈਨਰ ਸੀ, ਬੁੱਧਵਾਰ ਨੂੰ ਆਪਣੀ 15 ਸਾਲਾ ਧੀ ਨਾਲ ਘਰ ਵਾਪਸ ਆ ਰਹੀ ਸੀ ਕਿ ਰਾਹ ਵਿੱਚ ਉਸ ਦਾ ਵਾਹਨ ਲੱਕ ਤੱਕ ਪਾਣੀ ਵਿਚ ਫਸ ਗਿਆ। ਪੁਲੀਸ ਨੇ ਕਾਂਚੇ ਨੂੰ ਗੁੰਮਸ਼ੁਦਾ ਲੋਕਾਂ ਦੀ ਸੂਚੀ ਵਿੱਚ ਰੱਖਿਆ ਸੀ, ਪਰ ਅੱਜ ਉਸ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।
ਉਧਰ ਨਿਊ ਜਰਸੀ ਦੇ ਦੱਖਣੀ ਪਲੇਨਫੀਲਡ ਵਿੱਚ ਧਨੁਸ਼ ਰੈੱਡੀ (31) ਹੜ੍ਹ ਦੇ ਪਾਣੀ ਵਿਚ ਫਸ ਗਿਆ। ਉਸ ਦਾ ਸੰਤੁਲਨ ਵਿਗੜਿਆ ਤੇ ਉਹ 36 ਇੰਚ ਚੌੜੀ ਸੀਵਰ ਪਾਈਪ ਵਿੱਚ ਡਿੱਗ ਗਿਆ। ਅਧਿਕਾਰੀਆਂ ਨੇ ਕਿਹਾ ਕਿ ਰੈੱਡੀ ਦੀ ਲਾਸ਼ ਮੀਲਾਂ ਦੂਰ ਮਿਲੀ ਹੈ। ਇਸੇ ਤਰ੍ਹਾਂ ਕੁਈਨਜ਼ ਸਥਿਤ ਇਕ ਘਰ ਵਿੱਚ ਫਸੇ ਪਰਿਵਾਰ ’ਚੋਂ ਦੋ ਜੀਆਂ ਤਾਰਾ ਤੇ 22 ਸਾਲਾ ਨਿੱਕ ਦੀ ਡੁੱਬਣ ਕਰਕੇ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly