ਵਾਸ਼ਿੰਗਟਨ, (ਸਮਾਜ ਵੀਕਲੀ) : ਅਮਰੀਕੀ ਸੰਸਦ (ਕਾਂਗਰਸ) ਨੇ ਕੋਵਿਡ ਰਾਹਤ ਬਾਰੇ ਸਮਝੌਤੇ ਉਤੇ ਸਹਿਮਤੀ ਬਣਾ ਲਈ ਹੈ। ਸਰਕਾਰੀ ਫੰਡ ਜਾਰੀ ਕਰਨ ਬਾਰੇ ਸਮਝੌਤਾ ਸਹੀਬੱਧ ਕਰ ਲਿਆ ਗਿਆ ਹੈ। ਇਸ ਤਰ੍ਹਾਂ ਕਾਰੋਬਾਰੀ ਅਦਾਰਿਆਂ ਤੇ ਨਿੱਜੀ ਤੌਰ ’ਤੇ ਲੋਕਾਂ ਨੂੰ ਮਦਦ ਮੁਹੱਈਆ ਕਰਵਾਉਣ ਦਾ ਰਾਹ ਖੁੱਲ੍ਹ ਗਿਆ ਹੈ। ਇਸ ਵਿਚ ਵੈਕਸੀਨ ਲਈ ਹੋਣ ਵਾਲਾ ਖ਼ਰਚਾ ਵੀ ਸ਼ਾਮਲ ਹੈ। ‘ਕੈਪੀਟਲ ਹਿੱਲ’ ਦੇ ਚੋਟੀ ਦੇ ਵਾਰਤਾਕਾਰਾਂ ਨੇ ਆਰਥਿਕ ਰਾਹਤ ਪੈਕੇਜ ਦੇ ਰੂਪ ਵਿਚ ਕਰੀਬ ਇਕ ਖ਼ਰਬ ਡਾਲਰ ਦਾ ਸਮਝੌਤਾ ਸਿਰੇ ਚਾੜ੍ਹਿਆ ਹੈ।
ਕਾਂਗਰੈਸ਼ਨਲ ਆਗੂਆਂ ਵੱਲੋਂ ਐਲਾਨੀ ਰਾਹਤ ਤਹਿਤ ਆਰਜ਼ੀ ਤੌਰ ’ਤੇ ਨੌਕਰੀ ਗੁਆਉਣ ਵਾਲਿਆਂ ਨੂੰ 300 ਡਾਲਰ ਪ੍ਰਤੀ ਹਫ਼ਤਾ ਮਿਲੇਗਾ। ਜ਼ਿਆਦਾਤਰ ਅਮਰੀਕੀਆਂ ਨੂੰ ਸਿੱਧੇ ਤੌਰ ’ਤੇ 600 ਡਾਲਰ ਪ੍ਰਤੀ ਹਫ਼ਤਾ ਅਦਾਇਗੀ ਵੱਖਰੇ ਤੌਰ ’ਤੇ ਰਾਹਤ ਵਜੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੁਰੀ ਤਰ੍ਹਾਂ ਝੰਬੇ ਵਪਾਰਾਂ ਨੂੰ ਸਬਸਿਡੀ ਮਿਲੇਗੀ, ਸਕੂਲਾਂ, ਸਿਹਤ ਸੰਭਾਲ ਸੇਵਾਵਾਂ ਦੇਣ ਵਾਲਿਆਂ ਤੇ ਕਿਰਾਏਦਾਰਾਂ ਨੂੰ ਵੀ ਰਾਹਤ ਦਿੱਤੀ ਜਾਵੇਗੀ। ਸੈਨੇਟਰ ਮਿਚ ਮੈੱਕਕੌਨਲ ਨੇ ਦੱਸਿਆ ਕਿ ਇਕ ਹੋਰ ਵੱਡਾ ਰਾਹਤ ਪੈਕੇਜ ਵੀ ਐਲਾਨਿਆ ਜਾਵੇਗਾ।
ਇਸੇ ਦੌਰਾਨ ਅਗਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਅੱਜ ਲਾਈਵ ਟੀਵੀ ਉਤੇ ਕਰੋਨਾਵਾਇਰਸ ਵੈਕਸੀਨ ਦੀ ਪਹਿਲੀ ਡੋਜ਼ ਲਈ। ਇਸ ਦਾ ਮੰਤਵ ਅਮਰੀਕੀ ਲੋਕਾਂ ਨੂੰ ਯਕੀਨ ਦਿਵਾਉਣਾ ਸੀ ਕਿ ਵੈਕਸੀਨ ਡੋਜ਼ ਸੁਰੱਖਿਅਤ ਹੈ। ਜ਼ਿਕਰਯੋਗ ਹੈ ਕਿ ਫਾਰਮਾ ਕੰਪਨੀ ‘ਮੌਡਰਨਾ’ ਵੱਲੋਂ ਬਣਾਏ ਵੈਕਸੀਨ ਦੀ ਪਹਿਲੀ ਖੇਪ ਵੀ ਅਮਰੀਕਾ ਪੁੱਜਣੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਫਾਈਜ਼ਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਸ਼ੁੱਕਰਵਾਰ ਅਮਰੀਕਾ ਦੀਆਂ ਕਈ ਚੋਟੀ ਦੀਆਂ ਸ਼ਖ਼ਸੀਅਤਾਂ ਨੂੰ ਵੈਕਸੀਨ ਡੋਜ਼ ਦਿੱਤੀ ਗਈ ਸੀ।